ਕਾਠਗੜ੍ਹ, 2 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਅੱਜ ਇਕ ਕਿਰਤੀ, ਸਨੀ ਜੋਸ਼ੀ ਜੋ ਇਕ ਨਿੱਜੀ ਫੈਕਟਰੀ ਵਿਚ ਕੰਮ ਕਰਦਾ ਸੀ, ਦੀ ਮੌਤ ਦੀ ਖਬਰ ਇਲਾਕੇ ਵਿਚ ਜੰਗਲ ਦੀ ਅੱਗ ਤਰ੍ਹਾਂ ਫੈਲ ਗਈ | ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸੰਬੰਧਤ ਭਾਈ ਲਾਲੋ ਲੋਕ ਮੰਚ ਕਿਰਤੀ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ | ਇਸ ਮੌਕੇ ਪਰਿਵਾਰਕ ਜੀਆਂ ਨੇ ਦੱਸਿਆ ਕਿ ਸੰਨੀ ਜੋਸ਼ੀ ਇਕ ਜੂਨ ਨੂੰ ਸਵੇਰੇ 6 ਵਜੇ ਫੈਕਟਰੀ ਤੋਂ ਆਪਣੇ ਘਰ ਪੁੱਜਾ ਤਾਂ ਉਸ ਨੂੰ ਉਲਟੀਆਂ ਲੱਗੀਆਂ ਹੋਈਆਂ ਸਨ | ਪਰਿਵਾਰ ਨੇ ਜਾਣਕਾਰੀ ਦਿੱਤੀ ਕਿ ਫੈਕਟਰੀ ਵਿਚ ਉਸ ਨੂੰ ਗੈਸ ਚੜ੍ਹ ਗਈ ਸੀ | ਅੱਜ ਸਵੇਰੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਸਾਥੀ ਰਾਣਾ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਸ਼ਹੀਦ ਭਗਤ ਸਿੰਘ ਨਗਰ ਤੋਂ ਮੰਗ ਕੀਤੀ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਦੋਸ਼ੀ ਪਾਏ ਜਾਣ 'ਤੇ ਫੈਕਟਰੀ ਦੇ ਪ੍ਰਬੰਧਕਾਂ ਅਤੇ ਮਾਲਕ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ | ਉਨ੍ਹਾਂ ਚਿੰਤਾ ਪ੍ਰਗਟ ਕੀਤੀ ਕਿ ਇਸ ਫੈਕਟਰੀ ਵਿਚ ਅਜਿਹੇ ਹਾਦਸੇ ਹੁੰਦੇ ਰਹਿੰਦੇ ਹਨ ਪਰ ਪ੍ਰਬੰਧਕ ਬਹੁਤ ਚਲਾਕੀ ਨਾਲ ਇਨ੍ਹਾਂ ਕੇਸਾਂ 'ਤੇ ਪਰਦਾ ਪਾ ਦਿੰਦੇ ਹਨ | ਸੁਰੱਖਿਆ ਪ੍ਰਬੰਧਾਂ ਨੂੰ ਨਿਯਮਾਂ ਅਤੇ ਕਾਨੂੰਨ ਅਨੁਸਾਰ ਚੁਸਤ ਗਰਸਤ ਨਹੀਂ ਰੱਖਿਆ ਜਾਂਦਾ ਅਤੇ ਕੱਚੇ ਕਾਮਿਆਂ ਨੂੰ ਖਤਰਨਾਕ ਥਾਂ 'ਤੇ ਕੰਮ ਦਿੱਤਾ ਜਾਂਦਾ ਹੈ, ਜਿਸ ਕਾਰਨ ਅਜਿਹੇ ਹਾਦਸੇ ਵਾਪਰ ਜਾਂਦੇ ਹਨ | ਉਨ੍ਹਾਂ ਫੈਕਟਰੀ ਪ੍ਰਬੰਧਕਾਂ ਨੂੰ ਵੀ ਚਿਤਾਵਨੀ ਦਿੱਤੀ ਕਿ ਕਿਰਤੀਆਂ ਦੀ ਸੁਰੱਖਿਆ ਦਾ ਠੋਸ ਬੰਦੋਬਸਤ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਅਜਿਹਾ ਹਾਦਸਾ ਨਾ ਹੋਵੇ | ਇਸ ਮੌਕੇ ਕਰਨੈਲ ਸਿੰਘ ਭੱਲਾ, ਮਨੋਹਰ ਲਾਲ ਟੌਂਸਾ, ਸੁੱਚਾ ਸਿੰਘ ਸਾਬਕਾ ਸਰਪੰਚ ਜੀਓਵਾਲ ਤੇ ਹੋਰ ਅਨੇਕਾਂ ਇਲਾਕੇ ਦੇ ਪਤਵੰਤੇ ਹਾਜਰ ਸਨ |