08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਚੱਕਗੁਰੂ ਵਿਚ ਪਸ਼ੂ ਪਾਲਣ ਵਿਭਾਗ ਨੇ ਕੈਂਪ ਲਗਾਇਆ

ਅਜੀਤ ਡੈਸਕ 03-06-2026
ਬਹਿਰਾਮ, 2 ਜੂਨ (ਨਛੱਤਰ ਸਿੰਘ ਬਹਿਰਾਮ)-ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਡਾਇਰੈਕਟਰ ਪਰਮਦੀਪ ਸਿੰਘ ਵਾਲੀਆ ਦੇ ਦਿਸ਼ਾਂ ਨਿਰਦੇਸ਼ਾਂ ਤੇ ਡਿਪਟੀ ਡਾਇਰੈਕਟਰ ਡਾ. ਸ਼ਮਸ਼ੇਰ ਸਿੰਘ ਸ਼ਹੀਦ ਭਗਤ ਸਿੰਘ ਨਗਰ ਅਤੇ ਸੀਨੀਅਰ ਵੈਟਰਨਰੀ ਅਫਸਰ ਡਾ. ਅਮਨੀਤ ਅਟਵਾਲ ਦੀ ਅਗਵਾਈ ਹੇਠ ਸਿਵਲ ਪਸ਼ੂ ਹਸਪਤਾਲ ਬਹਿਰਾਮ ਅਧੀਨ ਆਉਂਦੇ ਪਿੰਡ ਚੱਕ ਗੁਰੂ ਵਿਖੇ ਵੈਟਰਨਰੀ ਅਫਸਰ ਡਾ. ਸੁਮਿਤ ਸਿਆਲ ਵਲੋਂ ਪਸ਼ੂ ਭਲਾਈ ਕੈਂਪ ਲਗਾਇਆ | ਕੈਂਪ ਦੌਰਾਨ ਪਸ਼ੂ ਪਾਲਕਾਂ ਨੇ ਭਾਗ ਲਿਆ ਅਤੇ ਆਪਣੇ ਪਸ਼ੂਆਂ ਦਾ ਮੁਫ਼ਤ ਚੈੱਕਅਪ ਤੇ ਇਲਾਜ ਕਰਵਾਇਆ | ਪਸ਼ੂ ਪਾਲਕਾਂ ਨੂੰ ਅੰਦਰੂਨੀ ਕੀੜਿਆਂ ਦੀ ਰੋਕਥਾਮ ਲਈ ਦਵਾਈਆਂ, ਚਿੱਚੜਾਂ ਤੋਂ ਬਚਾਅ ਲਈ ਦਵਾਈਆਂ ਤੇ ਮਿਨਰਲ ਮਿਕਸ ਮੁਫ਼ਤ ਵੰਡੇ ਗਏ | ਡਾ. ਸੁਮਿਤ ਸਿਆਲ ਨੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਵਿਗਿਆਨਕ ਢੰਗ ਨਾਲ ਸੰਭਾਲ, ਸੰਤੁਲਿਤ ਖੁਰਾਕ ਅਤੇ ਮੌਸਮੀ ਬਿਮਾਰੀਆਂ ਤੋਂ ਬਚਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਗਰਮੀ ਦੇ ਮੌਸਮ ਦੌਰਾਨ ਪਸ਼ੂਆਂ ਨੂੰ ਸਾਫ਼-ਸੁਥਰੇ ਤੇ ਹਵਾਦਾਰ ਸਥਾਨਾਂ ਵਿਚ ਰੱਖਣਾ ਚਾਹੀਦਾ ਹੈ ਤੇ ਉਨ੍ਹਾਂ ਲਈ ਹਰ ਵੇਲੇ ਸਾਫ਼ ਤੇ ਠੰਢੇ ਪਾਣੀ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ | ਉਨ੍ਹਾਂ ਪਸ਼ੂ ਪਾਲਕਾਂ ਨੂੰ ਸਲਾਹ ਦਿੱਤੀ ਕਿ ਪਸ਼ੂਆਂ ਨੂੰ ਹਰਾ ਚਾਰਾ, ਸੁੱਕਾ ਚਾਰਾ ਤੇ ਮਿਨਰਲ ਮਿਕਸ ਸੰਤੁਲਿਤ ਮਾਤਰਾ ਵਿਚ ਦਿੱਤਾ ਜਾਵੇ ਤਾਂ ਜੋ ਪਸ਼ੂਆਂ ਦੀ ਸਿਹਤ ਤੇ ਦੁੱਧ ਉਤਪਾਦਨ ਵਿਚ ਵਾਧਾ ਹੋ ਸਕੇ | ਇਸ ਤੋਂ ਇਲਾਵਾ ਸਮੇਂ-ਸਮੇਂ 'ਤੇ ਟੀਕਾਕਰਨ ਕਰਵਾਉਣਾ ਬਹੁਤ ਜ਼ਰੂਰੀ ਹੈ, ਜਿਸ ਨਾਲ ਪਸ਼ੂਆਂ ਨੂੰ ਗਲਘੋਟੂ, ਲੰਪੀ ਸਕਿਨ ਬਿਮਾਰੀ, ਮੂੰਹ-ਖੁਰ ਤੇ ਹੋਰ ਸੰਕਰਾਮਕ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ | ਸੀਨੀਅਰ ਵੈਟਰਨਰੀ ਅਫਸਰ ਤਹਿਸੀਲ ਬੰਗਾ ਡਾ. ਅਮਨੀਤ ਅਟਵਾਲ ਨੇ ਪਸ਼ੂ ਪਾਲਕਾਂ ਨੂੰ ਚਾਰੇ ਦੀ ਸਹੀ ਸੰਭਾਲ ਦੇ ਤਰੀਕਿਆਂ ਬਾਰੇ ਵੀ ਜਾਣੂ ਕਰਵਾਇਆ | ਇਸ ਮੌਕੇ ਪਿੰਡ ਚੱਕ ਗੁਰੂ ਦੇ ਸਰਪੰਚ ਕਿਸ਼ੋਰੀ ਲਾਲ, ਲਖਬੀਰ ਰਾਮ ਸਰਪੰਚ ਭਰੋਮਜਾਰਾ ਤੇ ਸਮੂਹ ਨਗਰ ਨਿਵਾਸੀ ਹਾਜਰ ਸਨ |
ਪਿਛਲੀ ਖ਼ਬਰ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ 'ਚ ਰਾਈਜ਼ਿੰਗ ਲੈਜੈਂਡਜ਼ ਕਿ੍ਕਟ ਅਕੈਡਮੀ ਦਾ ਸ਼ੁੱਭ ਆਰੰਭ ਅਗਲੀ ਖ਼ਬਰ ਪੰਜਾਬ ਦੀ ਜਵਾਨੀ ਦੀਆਂ ਨਸ਼ਿਆਂ ਨੇ ਜੜ੍ਹਾਂ ਖੋਖਲੀਆਂ ਕੀਤੀਆਂ-ਜੱਗਾ ਪਹਿਲਵਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।