08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਯੂਰੀਆ ਖਾਦ ਦੀ ਕਮੀ ਤੁਰੰਤ ਪੂਰਾ ਕੀਤੀ ਜਾਵੇ-ਕਾਮਰੇਡ ਭੁਪਿੰਦਰ ਸਿੰਘ ਕੌਲਗੜ੍ਹ, ਕਿਸਾਨਾਂ ਦੀ ਮੰਗ

ਅਜੀਤ ਡੈਸਕ 17-05-2026
ਜਾਡਲਾ, 16 ਮਈ (ਹਰਕੰਵਲ ਸਿੰਘ ਕੌਲਗੜ੍ਹ) - ਕੁੱਲ ਹਿੰਦ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕਾਮਰੇਡ ਭੁਪਿੰਦਰ ਸਿੰਘ ਕੌਲਗੜ੍ਹ ਨੇ ਕਸਬਾ ਜਾਡਲਾ ਵਿਖੇ 'ਅਜੀਤ' ਨਾਲ ਗੱਲਬਾਤ ਕਰਦਿਆਂ ਯੂਰੀਆ ਖਾਦ ਦੀ ਕਿੱਲਤ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਸਮੇਂ ਯੂਰੀਆ ਖਾਦ ਦੀ ਬਹੁਤ ਜ਼ਰੂਰਤ ਹੈ, ਪਰ ਬਾਜ਼ਾਰ 'ਚ ਖਾਦ ਨਾ ਮਿਲਣ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ | ਕਾਮਰੇਡ ਕੌਲਗੜ੍ਹ ਨੇ ਖੁਲਾਸਾ ਕੀਤਾ ਕਿ ਬਾਜ਼ਾਰ 'ਚ ਖਾਦ ਕੁਝ ਚੋਣਵੇਂ ਆੜ੍ਹਤੀਆਂ ਕੋਲ ਆ ਰਹੀ ਹੈ | ਆੜ੍ਹਤੀਏ ਸਿਰਫ ਉਨ੍ਹਾਂ ਕਿਸਾਨਾਂ ਨੂੰ ਖਾਦ ਦੇ ਰਹੇ ਹਨ ਜੋ ਉਨ੍ਹਾਂ ਕੋਲ ਆਪਣੀ ਜਿਣਸ ਵੇਚਦੇ ਹਨ | ਦੂਜੇ ਕਿਸਾਨਾਂ ਨੂੰ ਇੱਕ-ਦੋ ਥੈਲੇ ਖਾਦ ਦੇ ਨਾਲ ਬੇਲੋੜੀਆਂ ਦਵਾਈਆਂ ਜ਼ਬਰਦਸਤੀ ਚੁਕਵਾਈਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਇਹ ਕਿੱਲਤ ਸਰਦੀ ਰੁੱਤ ਦੀ ਮੱਕੀ ਤੋਂ ਹੀ ਚੱਲੀ ਆ ਰਹੀ ਹੈ | ਇਸ ਸਮੇਂ ਮੱਕੀ ਤੇ ਕਮਾਦ ਨੂੰ ਯੂਰੀਆ ਖਾਦ ਦੀ ਸਖ਼ਤ ਲੋੜ ਹੈ | ਹੁਣ ਬਰਸਾਤੀ ਮੱਕੀ ਦੀ ਬਿਜਾਈ ਵੀ ਸ਼ੁਰੂ ਹੋ ਚੁੱਕੀ ਹੈ | ਖਾਦ ਨਾ ਮਿਲਣ ਕਾਰਨ ਝਾੜ ਘਟਣ ਦਾ ਖ਼ਤਰਾ ਬਣ ਗਿਆ ਹੈ | ਕਿਸਾਨ ਆਗੂ ਨੇ ਹੈਰਾਨੀ ਜਤਾਈ ਕਿ ਕੁਝ ਆੜ੍ਹਤੀਆਂ ਕੋਲ ਖਾਦ ਦਾ ਲਾਈਸੈਂਸ ਤਾਂ ਹੈ, ਪਰ ਉਨ੍ਹਾਂ ਕੋਲ ਖਾਦ ਨਹੀਂ ਆ ਰਹੀ | ਇਸ ਦਾ ਕਾਰਨ ਸਮਝ ਤੋਂ ਬਾਹਰ ਹੈ | ਦੂਜੇ ਪਾਸੇ ਸੁਸਾਇਟੀਆਂ 'ਚ ਖਾਦ ਪਹੁੰਚ ਤਾਂ ਚੁੱਕੀ ਹੈ, ਪਰ ਵੰਡਣ 'ਚ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ | ਕਾਮਰੇਡ ਭੁਪਿੰਦਰ ਸਿੰਘ ਨੇ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਤੋਂ ਮੰਗ ਕੀਤੀ ਕਿ ਯੂਰੀਆ ਖਾਦ ਦੀ ਕਮੀ ਤੁਰੰਤ ਪੂਰੀ ਕੀਤੀ ਜਾਵੇ | ਕਿਸਾਨਾਂ ਦੀ ਮੰਗ ਅਨੁਸਾਰ ਖਾਦ ਮਿਲਣੀ ਚਾਹੀਦੀ ਹੈ | ਉਨ੍ਹਾਂ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ ਵਲੋਂ ਮੰਗ ਪੱਤਰ ਦੇਣ ਸਮੇਂ ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾ ਮਾਰਨ ਦੀ ਨਿੰਦਾ ਕੀਤੀ | ਝੋਨੇ ਦੇ ਭਾਅ 'ਚ ਮਾਮੂਲੀ ਵਾਧਾ ਰੱਦ ਕਰਦਿਆਂ ਕਿਹਾ ਕਿ ਪੰਜ ਰਾਜਾਂ ਦੀਆਂ ਚੋਣਾਂ ਤੋਂ ਬਾਅਦ ਡੀਜ਼ਲ 3 ਰੁਪਏ ਮਹਿੰਗਾ ਕਰਕੇ ਕੇਂਦਰ ਸਰਕਾਰ ਨੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ |
ਪਿਛਲੀ ਖ਼ਬਰ ਭਾਜਪਾ ਨੇ ਨਵਾਂਸ਼ਹਿਰ ਨਗਰ ਕੌਂਸਲ ਲਈ 15 ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਅਗਲੀ ਖ਼ਬਰ ਕਾਠਗੜ੍ਹ ਮੋੜ 'ਤੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਚੌਧਰੀ ਸਰਵਿਸ ਸਟੇਸ਼ਨ ਖੁੱਲਿ੍ਹਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।