19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਅੰਤਰ ਜ਼ਿਲ੍ਹਾ ਉੱਡਣ ਦਸਤੇ ਦੇ ਡਰਾਮੇ ਨੇ ਸਕੂਲਾਂ ਦੇ ਕੰਮ ਨੂੰ ਕੀਤਾ ਪ੍ਰਭਾਵਿਤ

ਅਜੀਤ ਡੈਸਕ 31-03-2026
ਨਵਾਂਸ਼ਹਿਰ, 30 ਮਾਰਚ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੂਬੇ ਵਿੱਚ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ | ਇਸੇ ਤਹਿਤ ਨਕਲ ਰੋਕਣ ਲਈ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਉੱਡਣ ਦਸਤੇ ਤਾਇਨਾਤ ਕੀਤੇ ਗਏ ਹਨ | ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੇਂ ਤਜਰਬੇ ਦੇ ਚੱਲਦਿਆਂ ਜ਼ਿਲ੍ਹਾ ਪੱਧਰੀ ਉੱਡਣ ਦਸਤੇ ਤੋਂ ਇਲਾਵਾ ਇਸ ਵਾਰ ਅੰਤਰ ਜ਼ਿਲ੍ਹਾ ਉੱਡਣ ਦਸਤੇ ਦੀਆਂ ਟੀਮਾਂ ਵੀ ਬਣਾਈਆਂ ਗਈਆਂ ਹਨ, ਜਿਸ ਦੇ ਸੰਦਰਭ ਵਿਚ ਉੱਡਣ ਦਸਤੇ ਨਾਲ ਸਬੰਧਿਤ ਤਾਇਨਾਤ ਅਧਿਕਾਰੀ ਆਪਣੇ ਨਾਲ ਨਿੱਜੀ ਸਕੂਲਾਂ ਤੋਂ ਦੋ ਜਾਂ ਤਿੰਨ ਚਹੇਤਿਆਂ ਦੇ ਲਾਮ ਲਸ਼ਕਰ ਸਣੇ ਦੂਸਰੇ ਜ਼ਿਲਿ੍ਹਆਂ ਵਿਚ ਨਕਲ ਰੋਕਣ ਲਈ ਜੱਦੋ-ਜਹਿਦ ਕਰ ਰਹੇ ਹਨ | ਜਦਕਿ ਉਨ੍ਹਾਂ ਦੇ ਪਿਤਰੀ ਜ਼ਿਲਿ੍ਹਆਂ ਵਿੱਚ ਨਕਲ ਜੋਬਨ 'ਤੇ ਹੋ ਰਹੀ ਹੈ | ਕੁੱਝ ਅਧਿਆਪਕਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਪਾਸੇ ਸਕੂਲਾਂ ਵਿਚ ਪੇਪਰਾਂ ਦੀ ਮਾਰਕਿੰਗ ਚੱਲ ਰਹੀ ਹੈ ਅਤੇ ਦੂਸਰੇ ਪਾਸੇ ਪਿ੍ੰਸੀਪਲ ਆਪਣੇ ਲਾਮ ਲਸ਼ਕਰ ਲੈ ਕੇ ਦੂਜੇ ਜ਼ਿਲਿ੍ਹਆਂ ਵਿਚ ਨਕਲ ਰੋਕੂ ਅਭਿਆਨ ਵਿਚ ਮਗਨ ਹਨ | ਅਧਿਆਪਕਾਂ ਅਨੁਸਾਰ ਬਹੁਤ ਸਾਰੇ ਮਾਰਕਿੰਗ ਕੇਂਦਰਾਂ ਵਿੱਚ ਅਜੇ ਪੇਪਰਾਂ ਦੀਆਂ ਥੈਲੀਆਂ ਚੁੱਕਣ ਲਈ ਪੈਂਡਿੰਗ ਪਈਆਂ ਹਨ, ਜਿਨ੍ਹਾਂ ਵਿਚ ਬਹੁਤ ਸਾਰੇ ਵਿਸ਼ਾ ਅਧਿਆਪਕ ਚੈੱਕ ਕਰਨ ਤੋਂ ਮੁਨਕਰ ਹੋ ਰਹੇ ਹਨ | ਬੋਰਡ ਨਾਲ ਸਬੰਧਿਤ ਪ੍ਰੀਖਿਆ ਕੋਆਰਡੀਨੇਟਰਾਂ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਮਾਰਕਿੰਗ ਵਿਚ ਤੇਜ਼ੀ ਲਿਆਉਣ ਲਈ ਧਿਆਨ ਦੇਣ ਅਤੇ ਉੱਡਣ ਦਸਤੇ ਦੇ ਤਾਇਨਾਤ ਅਧਿਕਾਰੀ ਨੂੰ ਆਪਣੇ ਨਾਲ ਬੇਲੋੜੇ ਲਾਮ ਲਸ਼ਕਰ ਲਿਜਾਉਣ ਤੋਂ ਗੁਰੇਜ਼ ਕਰਨ ਦੀ ਮੰਗ ਕੀਤੀ ਹੈ | ਇਸ ਤੋਂ ਇਲਾਵਾ ਕੁੱਝ ਅਧਿਆਪਕਾਂ ਨੇ ਇਹ ਸਵਾਲ ਵੀ ਖੜ੍ਹੇ ਕੀਤੇ ਹਨ ਕਿ ਅੰਤਰ ਜ਼ਿਲ੍ਹਾ ਉੱਡਣ ਦਸਤੇ ਤਾਇਨਾਤ ਕੀਤੇ ਅਧਿਕਾਰੀ ਕਿਸ ਪੱਤਰ ਤਹਿਤ ਆਪਣੇ ਨਾਲ ਬੇਲੋੜਾ ਲਾਮ ਲਸ਼ਕਰ ਲੈ ਕੇ ਘੁੰਮ ਰਹੇ ਹਨ | ਉਨ੍ਹਾਂ ਸਿੱਖਿਆ ਅਫ਼ਸਰ ਨੂੰ ਨਿੱਜੀ ਤੌਰ 'ਤੇ ਦਖ਼ਲ ਦੇਣ ਦੀ ਮੰਗ ਕੀਤੀ ਹੈ ਤਾਂ ਕਿ ਸੰਸਥਾਵਾਂ ਦੇ ਕੰਮ ਪ੍ਰਭਾਵਿਤ ਨਾ ਹੋਣ |
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਸਰਬੱਤ ਸੇਵਾ ਸੁਸਾਇਟੀ ਨੇ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।