ਸੜੋਆ, 25 ਮਾਰਚ (ਬਲਵਿੰਦਰ ਨਾਨੋਵਾਲੀਆ)-ਸੂਬੇ ਅੰਦਰ ਦਿਨ ਪ੍ਰਤੀ ਦਿਨ ਵਿਗੜ ਰਹੇ ਸ਼ਾਸ਼ਨ ਤੇ ਪ੍ਰਸ਼ਾਸਨਿਕ ਹਾਲਾਤਾਂ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਚੌਧਰੀ ਦਰਸ਼ਨ ਲਾਲ ਮੰਗੂਪੁਰ ਸਾਬਕਾ ਵਿਧਾਇਕ ਹਲਕਾ ਬਲਾਚੌਰ ਨੇ ਕਿਹਾ ਕਿ ਸੂਬੇ ਅੰਦਰ ਕਾਂਗਰਸ ਪਾਰਟੀ ਤੋਂ ਸਿਵਾਏ ਹੋਰ ਕੋਈ ਰਾਜਨੀਤਿਕ ਪਾਰਟੀ ਸਾਫ ਸੁਥਰਾ ਸ਼ਾਸ਼ਨ ਪ੍ਰਬੰਧ ਨਹੀ ਦੇ ਸਕਦੀ | ਪਿੰਡ ਚੰਦਿਆਣੀ ਖੁਰਦ ਵਿਖੇ ਸਮਾਗਮ ਦੌਰਾਨ ਇਹ ਵਿਚਾਰ ਪ੍ਰਗਟ ਕਰਦਿਆਂ ਸਾਬਕਾ ਵਿਧਾਇਕ ਨੇ ਕਿਹਾ ਕਿ ਕਿ ਨਿੱਤ ਦਿਨ ਕਿਧਰੇ ਨਾ ਕਿਧਰੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਇਹ ਵਾਪਰ ਰਹੀਆਂ ਘਟਨਾਵਾਂ ਰੁਕਣ ਦੀ ਬਜਾਏ ਪ੍ਰਤੀ ਦਿਨ ਵਧਦੀਆਂ ਹੀ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸੂਬੇ ਅੰਦਰ ਨਸ਼ਿਆਂ ਨੇ ਵੱਡੇ ਪੱਧਰ 'ਤੇ ਪੈਰ ਪਸਾਰ ਲਏ ਹਨ, ਮਾਪਿਆਂ ਦੇ ਇਕੌਲੇ ਪੁੱਤਰ ਅਤੇ ਭੈਣਾਂ ਦੇ ਵੀਰ ਪਰਿਵਾਰ ਤੋਂ ਸਦਾ ਲਈ ਦੂਰ ਹੁੰਦੇ ਜਾ ਰਹੇ ਹਨ | ਇਸ ਕਰਕੇ ਸੂਬਾ ਸਰਕਾਰ ਨੂੰ ਨਿੱਤ ਦਿਨ ਵਿਗੜ ਰਹੇ ਹਾਲਾਤਾਂ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਜਰੂਰਤ ਹੈ | ਉਨ੍ਹਾਂ ਕਿਹਾ ਕਿ ਸੂਬੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਮਾਪੇ ਮਜ਼ਬੂਰਨ ਹੀ ਆਪਣੇ ਇਕੱਲੇ-ਇਕੱਲੇ ਪੁੱਤਰ ਨੂੰ ਲੱਖਾਂ ਰੁਪਏ ਖਰਚ ਕਰਕੇ ਤੇ ਆਪਣੀ ਕੀਮਤੀ ਸੰਪਤੀ ਨੂੰ ਗਹਿਣੇ ਰੱਖ ਕੇ ਵਿਦੇਸ਼ਾਂ 'ਚ ਭੇਜ ਰਹੇ ਹਨ, ਜਿੱਥੇ ਕਿ ਉਨ੍ਹਾਂ ਦੇ ਪੁੱਤ-ਧੀਆਂ ਉਥੇ ਵੀ ਸੁਰੱਖਿਅਤ ਮਹਿਸੂਸ ਨਹੀ ਕਰ ਰਹੇ | ਉਨ੍ਹਾਂ ਕਿਹਾ ਕਿ ਅਗਰ ਸੂਬਾ ਸਰਕਾਰ ਜਾਂ ਦੇਸ਼ ਅੰਦਰ ਰਾਜ ਭਾਗ ਚਲਾਉਣ ਵਾਲੀ ਕੇਂਦਰ ਸਰਕਾਰ ਆਮ ਲੋਕਾਂ ਨੂੰ ਸੂਬੇ ਅੰਦਰ ਸੁਖਾਵਾਂ ਮਾਹੌਲ ਪ੍ਰਦਾਨ ਕਰੇ ਅਤੇ ਦੇਸ਼ ਅੰਦਰ ਹੀ ਰੋਜਗਾਰ ਦੇ ਸਾਧਨ ਪੈਂਦਾ ਕਰ ਦੇਵੇ ਤਾਂ ਸੂਬੇ ਦੀ ਜਵਾਨੀ ਵਿਦੇਸ਼ਾਂ 'ਚ ਕਦੇ ਵੀ ਰੁਲਣ ਲਈ ਮਜ਼ਬੂਰ ਨਹੀਂ ਹੋ ਸਕਦੀ |