27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਜ਼ਮੀਨਾਂ ਐਕਵਾਇਰ ਕਰਨ ਦੇ ਵਿਰੋਧ 'ਚ 2 ਦਰਜਨ ਪਿੰਡਾਂ ਦੇ ਵਸਨੀਕਾਂ ਵਲੋਂ ਗਮਾਡਾ ਦਫ਼ਤਰ ਅੱਗੇ ਪੱਕਾ ਧਰਨਾ ਸ਼ੁਰੂ

ਅਜੀਤ ਡੈਸਕ 26-03-2026
ਐੱਸ. ਏ. ਐੱਸ. ਨਗਰ, 25 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਏਅਰੋਟਰੋਪੋਲਿਸ ਖੇਤਰ ਸੈਕਟਰ-100 ਤੇ 103 ਦੇ ਵਿਸਥਾਰ ਲਈ ਡੇਢ ਦਰਜਨ ਪਿੰਡਾਂ ਦੀ 70 ਹਜ਼ਾਰ ਏਕੜ ਜ਼ਮੀਨ ਐਕਵਾਇਰ ਕਰਨ ਦੇ ਵਿਰੋਧ ਵਿਚ 2 ਦਰਜਨ ਪਿੰਡਾਂ ਦੇ ਵਸਨੀਕਾਂ ਵਲੋਂ ਅੱਜ ਸਥਾਨਕ ਫੇਜ਼-8 ਸਥਿਤ ਗਮਾਡਾ ਦਫ਼ਤਰ ਅੱਗੇ ਪੱਕਾ ਧਰਨਾ ਆਰੰਭ ਕਰ ਦਿੱਤਾ ਗਿਆ | ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੇ ਗਮਾਡਾ ਨੂੰ ਕਿਸੇ ਵੀ ਕੀਮਤ 'ਤੇ ਆਪਣੀਆਂ ਜ਼ਮੀਨ ਐਕਵਾਇਰ ਨਾ ਕਰਨ ਦੇਣ ਦਾ ਐਲਾਨ ਕਰਦਿਆਂ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਲਗਾਉਣ ਦਾ ਅਹਿਦ ਲਿਆ | ਉਨ੍ਹਾਂ ਪੰਜਾਬ ਸਰਕਾਰ ਅਤੇ ਗਮਾਡਾ ਖ਼ਿਲਾਫ਼ ਜ਼ੋਰਦਾਰ ਵੀ ਨਾਅਰੇਬਾਜ਼ੀ ਕੀਤੀ | ਅੱਜ ਵੱਖ-ਵੱਖ ਪਿੰਡਾਂ ਦੇ 7 ਕਿਸਾਨ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਭੁੱਖ ਹੜਤਾਲ 'ਤੇ ਬੈਠੇ, ਜਦਕਿ ਵੀਰਵਾਰ ਤੋਂ ਰੋਜ਼ਾਨਾ ਇਕ ਪਿੰਡ ਦੇ ਵਸਨੀਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੁੱਖ ਹੜਤਾਲ 'ਤੇ ਬੈਠਣਗੇ | ਭੁੱਖ ਹੜਤਾਲ 'ਤੇ ਬੈਠਣ ਵਾਲੇ ਕਿਸਾਨਾਂ ਵਿਚ ਜਗਰੂਪ ਸਿੰਘ ਕੁਰੜੀ, ਮੱਖਣ ਸਿੰਘ ਗੀਗੇਮਾਜਰਾ, ਅਮਰੀਕ ਸਿੰਘ ਬੜੀ, ਗੁਰਭੇਜ ਸਿੰਘ ਕੁਰੜੀ, ਹਰਮਿੰਦਰ ਸਿੰਘ ਪੱਤੋਂ, ਹਰਜੀਤ ਸਿੰਘ ਬੜੀ ਅਤੇ ਜਰਨੈਲ ਸਿੰਘ ਆਦਿ ਸ਼ਾਮਿਲ ਸਨ | ਅੱਜ ਸਵੇਰੇ 10 ਵਜੇ ਪਿੰਡਾਂ ਦੇ ਕਿਸਾਨ ਵੱਡੀ ਗਿਣਤੀ ਵਿਚ ਗਮਾਡਾ ਦਫ਼ਤਰ ਵਿਖੇ ਪਹੁੰਚੇ ਅਤੇ ਪਹਿਲਾਂ ਤੋਂ ਤੈਅ ਸਮੇਂ ਅਨੁਸਾਰ ਉਨ੍ਹਾਂ ਦੀ ਮੁੱਖ ਪ੍ਰਸ਼ਾਸਕ ਨਾਲ ਮੀਟਿੰਗ ਹੋਈ, ਜੋ ਕਿ ਅੱਧਾ ਘੰਟਾ ਚੱਲਣ ਦੇ ਬਾਵਜੂਦ ਵੀ ਬੇਸਿੱਟਾ ਰਹੀ | ਇਸ ਮੌਕੇ ਕਿਸਾਨਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਵਲੋਂ ਦਰਜ ਕਰਵਾਏ ਗਏ ਇਤਰਾਜ਼ਾਂ ਨੂੰ ਹੱਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਆਪਣੀ ਇਕ ਇੰਚ ਜ਼ਮੀਨ ਵੀ ਗਮਾਡਾ ਨੂੰ ਐਕਵਾਇਰ ਨਹੀਂ ਕਰਨ ਦੇਣਗੇ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਪੱਬਾਂ ਭਾਰ ਹੋਈ ਪਈ ਹੈ | ਉਨ੍ਹਾਂ ਆਖਿਆ ਕਿ ਗਮਾਡਾ ਰਾਹੀਂ ਮੁਹਾਲੀ ਦੇ 24 ਪਿੰਡਾਂ ਦੀ ਜ਼ਮੀਨ ਐਕਵਾਇਰ ਕਰਕੇ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਸੂਬਾ ਸਰਕਾਰ ਦੀ ਕਿਸਾਨਾਂ ਨੂੰ ਬੇਜ਼ਮੀਨੇ ਕਰਨ ਵਾਲੀ ਮਾਨਸਿਕਤਾ ਸਾਫ਼ ਦਿਖਾਈ ਦੇ ਰਹੀ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਪ੍ਰਾਪਰਟੀ ਡੀਲਰ ਵਜੋਂ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਲਗਾਤਾਰ ਕੀਤਾ ਜਾ ਰਿਹਾ ਪਿੰਡਾਂ ਦਾ ਉਜਾੜਾ ਪੰਜਾਬ ਦੀ ਭੂਗੋਲਿਕ ਸਥਿਤੀ ਨੂੰ ਵਿਗਾੜ ਕੇ ਵੱਡੀ ਪੱਧਰ 'ਤੇ ਗ਼ੈਰ-ਪੰਜਾਬੀਆਂ ਨੂੰ ਵਸਾਉਣ ਵਾਲੀ ਸਾਜ਼ਿਸ਼ ਹੈ | ਉਨ੍ਹਾਂ ਆਖਿਆ ਕਿ ਸੂਬੇ ਦੇ ਲੋਕ ਪੰਜਾਬ ਦੀ ਉਪਜਾਊ ਅਤੇ ਜ਼ਰਖੇਜ਼ ਜ਼ਮੀਨ ਦੇ ਹੋ ਰਹੇ ਉਜਾੜੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ | ਇਸੇ ਦੌਰਾਨ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸ਼ੋ੍ਰਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਤੇ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਵੀ ਧਰਨੇ ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ਧਰਨੇ ਵਿਚ ਸ਼ਾਮਿਲ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਆਪੋ-ਆਪਣੀ ਪਾਰਟੀ ਵਲੋਂ ਕਿਸਾਨਾਂ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ, ਜਦਕਿ ਮੇਅਰ ਜੀਤੀ ਸਿੱਧੂ ਨੇ ਇਸ ਮਾਮਲੇ ਨੂੰ ਅਦਾਲਤ ਵਿਚ ਲਿਜਾਉਣ ਦੀ ਸੂਰਤ ਵਿਚ ਵਕੀਲਾਂ ਦਾ ਖ਼ਰਚਾ ਆਪਣੇ ਵਲੋਂ ਅਦਾ ਕਰਨ ਦਾ ਐਲਾਨ ਕੀਤਾ | ਇਸ ਮੌਕੇ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ, ਹਰਮਿੰਦਰ ਸਿੰਘ ਮਾਵੀ, ਗੁਰਪ੍ਰਤਾਪ ਸਿੰਘ ਬੜੀ, ਰਣਬੀਰ ਪੂਨੀਆਂ, ਕੰਮਾ ਬੜੀ, ਮਹਿੰਦਰ ਸਿੰਘ ਮਨੌਲੀ ਸੂਰਤ, ਲਖਵਿੰਦਰ ਸਿੰਘ ਕਰਾਲਾ, ਤਰਨਪ੍ਰੀਤ ਸਿੰਘ ਜਗਤਪੁਰਾ, ਜਗਜੀਤ ਸਿੰਘ ਕਰਾਲਾ, ਦਰਸ਼ਨ ਸਿੰਘ ਦੁਰਾਲੀ, ਸਤਨਾਮ ਸਿੰਘ ਖਾਸਪੁਰ, ਗੁਰਮੀਤ ਸਿੰਘ ਦੁਰਾਲੀ, ਤਰਲੋਚਨ ਸਿੰਘ ਪੁਆਧ, ਗੁਰਪ੍ਰੀਤ ਸਿੰਘ ਸੇਖਨਮਾਜਰਾ, ਬਲਬੀਰ ਸਿੰਘ ਪੱਤੋਂ, ਕਮਲਜੀਤ ਸਿੰਘ ਬੜੀ, ਨਾਹਰ ਸਿੰਘ ਕੁਰੜੀ, ਜਗਰੂਪ ਸਿੰਘ ਕੁਰੜੀ ਤੇ ਜਗਜੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਅਤੇ ਇਲਾਕੇ ਦੀਆਂ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਜੰਮੂ-ਕਸ਼ਮੀਰ ਵਿਖੇ ਡਿਊਟੀ 'ਤੇ ਤਾਇਨਾਤ ਲੈਫ਼. ਕਰਨਲ ਦੇ ਬੰਦ ਘਰ 'ਚ ਚੋਰੀ <br/> ਅਗਲੀ ਖ਼ਬਰ ਕਾਂਗਰਸ ਹੀ ਸੂਬੇ ਦੇ ਲੋਕਾਂ ਨੂੰ ਸਾਫ਼ ਸੁਥਰਾ ਸਾਸ਼ਨ ਪ੍ਰਬੰਧ ਦੇ ਸਕਦੀ ਹੈ- ਚੌਧਰੀ ਮੰਗੂਪੁਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।