ਕਾਠਗੜ੍ਹ/ਰੱਤੇਵਾਲ, 25 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ, ਅਸ਼ੋਕ ਕੁਮਾਰ ਲੀਲ)-ਗਗਨਦੀਪ ਸਿੰਘ ਰੰਧਾਵਾ ਖ਼ੁਦਕੁਸ਼ੀ ਮਾਮਲਾ ਬੇਹੱਦ ਗੰਭੀਰ ਮਸਲਾ ਹੈ, ਕਿਉਂਕਿ ਇਸ ਅਪਰਾਧ ਵਿੱਚ ਸ਼ਾਮਿਲ ਪੰਜਾਬ ਸਰਕਾਰ ਦਾ ਇਕ ਵਜ਼ੀਰ ਹੈ, ਇਸ ਲਈ ਨਿਰਪੱਖ ਜਾਂਚ ਲਈ ਕੇਂਦਰੀ ਜਾਂਚ ਏਜੰਸੀ ਦਾ ਹੋਣਾ ਲਾਜ਼ਮੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਿਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਗੱਲਬਾਤ ਕਰਦੇ ਹੋਏ ਕੀਤਾ | ਉਹਨਾਂ ਕਿਹਾ ਕਿ ਕੀਤੇ ਜੁਰਮ ਦਾ ਘੇਰਾ ਕਾਫ਼ੀ ਵਿਸ਼ਾਲ ਹੈ ਅਤੇ ਵੱਡੇ ਲੋਕਾਂ ਦੇ ਹਿੱਤ ਇਸ ਜ਼ੁਲਮ ਦੇ ਪਿੱਛੇ ਕੰਮ ਕਰ ਰਹੇ ਹਨ | ਪਰ ਪੰਜਾਬ ਸਰਕਾਰ ਦਾ ਕੇਂਦਰੀ ਜਾਂਚ ਏਜੰਸੀ ਤੋਂ ਪੜਤਾਲ ਕਰਨ ਤੋਂ ਪੱਲਾ ਝਾੜਨਾ ਪੀੜਤ ਪਰਿਵਾਰ ਦੇ ਸ਼ੱਕ ਨੂੰ ਮਜ਼ਬੂਤ ਕਰਦਾ ਹੈ | ਸਾਥੀ ਰਾਣਾ ਨੇ ਕਿਹਾ ਕਿ ਇਸ ਦਿਲ ਕੰਬਾਊ ਮਾਮਲੇ 'ਤੇ ਫੋਕੀ ਰਾਜਨੀਤੀ ਕਰਨਾ ਸ਼ੋਭਾ ਨਹੀਂ ਦਿੰਦਾ | ਇਸ ਕੇਸ ਵਿਚ ਕਥਿਤ ਦੋਸ਼ੀਆਂ ਦੀ ਗਿ੍ਫ਼ਤਾਰੀ ਹੋਣੀ ਹੀ ਸੀ ਅਤੇ ਮੰਤਰੀ ਦਾ ਅਸਤੀਫ਼ਾ ਵੀ ਹੋਣਾ ਲਾਜ਼ਮੀ ਸੀ, ਪਰ ਕੁੱਝ ਰਾਜਨੀਤਿਕ ਧਿਰਾਂ ਇਸ ਦਾ ਸਿਹਰਾ ਲੈਣ ਦਾ ਯਤਨ ਕਰਦੀਆਂ ਹਨ ਜੋ ਠੀਕ ਨਹੀਂ ਹੈ | ਕੇਂਦਰੀ ਗ੍ਰਹਿ ਮੰਤਰੀ ਦਾ ਪੰਜਾਬ ਦੇ ਸੰਸਦ ਮੈਂਬਰਾਂ ਵੱਲੋਂ ਲਿਖਤੀ ਮੰਗ ਵੀ ਸਮਝ ਅਤੇ ਕਾਨੂੰਨ ਤੋਂ ਪਰੇ ਲੱਗਦੀ ਹੈ, ਕਿਉਂਕਿ ਨਿਯਮਾਂ ਅਤੇ ਕਾਨੂੰਨ ਮੁਤਾਬਿਕ ਅਦਾਲਤਾਂ, ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਕਿਸੇ ਵੀ ਜਾਂਚ ਨੂੰ ਕੇਂਦਰੀ ਏਜੰਸੀਆਂ ਨੂੰ ਦੇ ਸਕਦੀਆਂ ਹਨ ਤਾਂ ਕਿ ਨਿਰਪੱਖ ਪੜਤਾਲ ਹੋ ਸਕੇ | ਉਹਨਾਂ ਮੰਗ ਕੀਤੀ ਕੇ ਰੰਧਾਵਾ ਖ਼ੁਦਕੁਸ਼ੀ ਮਾਮਲੇ ਦੀ ਪੜਤਾਲ ਕਿਸੇ ਕੇਂਦਰੀ ਜਾਂਚ ਏਜੰਸੀ ਤੋਂ ਕਰਵਾਈ ਜਾਵੇ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਹੋ ਸਕੇ |