ਸਿੱਧਵਾਂ ਬੇਟ, 31 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਨਜ਼ਦੀਕੀ ਸਾਥੀ ਗੁਰਮੀਤ ਸਿੰਘ ਹਾਂਸ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ, ਮਨਜਿੰਦਰ ਸਿੰਘ ਬਿੰਦਾ ਭੁਮਾਲ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਸਿੱਧਵਾਂ ਬੇਟ ਅਤੇ ਸਾਬਕਾ ਸਰਪੰਚ ਵਰਦੀਪ ਸਿੰਘ ਦੀਪਾ ਵਾਈਸ ਚੇਅਰਮੈਨ ਲੈਂਡ ਮਾਰਗਟੇਜ਼ ਬੈਂਕ ਜਗਰਾਉਂ ਨੇ ਬਦਲਾਅ ਵਾਲੀ ਮਾਨ ਸਰਕਾਰ ਵਲੋਂ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜ਼ਰ ਗਗਨਦੀਪ ਸਿੰਘ ਰੰਧਾਵਾ ਵਲੋਂ ਆਪਣੀ ਮੌਤ ਦਾ ਕਾਰਨ ਸੂਬੇ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਦੱਸ ਕੇ ਕੀਤੀ ਗਈ ਖੁਦਕੁਸ਼ੀ ਮਾਮਲੇ ਦੀ ਸੀ.ਬੀ.ਆਈ. ਵਲੋਂ ਜਾਂਚ ਨਾ ਕਰਵਾਉਣ ਨੂੰ ਮੰਦਭਾਗਾ ਦੱਸਦੇ ਹੋਏ ਆਖਿਆ ਕਿ ਜਦੋਂ ਕੇਂਦਰੀ ਗ੍ਰਹਿ ਮੰਤਰੀ ਸੀ.ਬੀ.ਆਈ. ਜਾਂਚ ਕਰਵਾਉਣ ਦੀ ਹਾਮੀ ਭਰ ਚੁੱਕੇ ਹਨ ਤਾਂ ਸੂਬਾ ਸਰਕਾਰ ਕਿਉਂਕਿ ਸੀ.ਬੀ.ਆਈ. ਜਾਂਚ ਤੋਂ ਭੱਜ ਰਹੀ ਹੈ | ਉਕਤ ਆਗੂਆਂ ਨੇ ਮਾਨ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਆਖਿਆ ਕਿ ਅਸਲ ਵਿਚ ਉਕਤ ਕੈਬਨਿਟ ਮੰਤਰੀ ਪਾਰਟੀ ਸੁਪਰੀਮੋ ਦਾ ਕਮਾਊ ਪੁੱਤ ਸੀ | ਇਸ ਲਈ ਸਰਕਾਰ ਨੂੰ ਪਤਾ ਹੈ ਕਿ ਜਦੋਂ ਕੇਂਦਰ ਦੀ ਇਹ ਏਜੰਸੀ ਜਾਂਚ ਕਰਵਾਏਗੀ ਤਾਂ ਉਕਤ ਮੰਤਰੀ ਵਲੋਂ ਸੂਬੇ ਭਰ ਵਿਚ ਪਾਸ ਕਰਵਾਏ ਟੈਂਡਰਾਂ ਦਾ ਵੀ ਖੁਲਾਸਾ ਹੋ ਜਾਵੇਗਾ | ਉਨ੍ਹਾਂ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਕਟਿਹਰੇ ਵਿਚ ਖੜ੍ਹਾ ਕਰਦੇ ਹੋਏ ਆਖਿਆ ਕਿ ਉਨ੍ਹਾਂ ਵਲੋਂ ਸੀ.ਬੀ.ਆਈ. ਜਾਂਚ ਕਰਵਾਉਣ ਲਈ ਆਪਣੀ ਹਾਮੀ ਨਾ ਭਰਨਾ ਇਕ ਤਰ੍ਹਾਂ ਨਾਲ ਮਿ੍ਤਕ ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ 'ਤੇ ਲੂਣ ਛਿੜਕਣ ਦੇ ਬਰਾਬਰ ਹੈ | ਜਿਸ ਨੇ ਇਹ ਵੀ ਸਿੱਧ ਕਰ ਦਿੱਤਾ ਹੈ ਕਿ 'ਆਪ' ਅਤੇ ਕਾਂਗਰਸ ਆਪਸ ਵਿਚ ਰਲੇ ਹੋਏ ਹਨ | ਉਨ੍ਹਾਂ ਮੰਗ ਕੀਤੀ ਹੈ ਕਿ ਮਰਹੂਮ ਜ਼ਿਲ੍ਹਾ ਮੈਨੇਜ਼ਰ ਗਗਨਦੀਪ ਸਿੰਘ ਰੰਧਾਵਾ ਦੀ ਮੌਤ ਦਾ ਸਹੀ ਪਤਾ ਲਗਾਉਣ ਲਈ ਸੂਬਾ ਸਰਕਾਰ ਤੁਰੰਤ ਸੀ.ਬੀ.ਆਈ. ਜਾਂਚ ਕਰਵਾਉਣ ਦੀ ਹਾਮੀ ਭਰੇ ਤਾਂ ਜੋ ਇਸ ਮਾਮਲੇ ਵਿਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ |