ਹੰਬੜਾਂ, 31 ਮਾਰਚ (ਮੇਜਰ ਹੰਬੜਾਂ)-ਪੁਲਿਸ ਥਾਣਾ ਲਾਡੋਵਾਲ ਦੇ ਘੇਰੇ 'ਚ ਪੈਂਦੀ ਪੁਲਿਸ ਚੌਂਕੀ ਹੰਬੜਾਂ ਨੇੜੇ ਪਿੰਡ ਖਹਿਰਾ ਬੇਟ ਦਰਿਆ ਕੰਡੇ ਤੋਂ ਅਣ-ਪਛਾਤੇ ਵਿਆਕਤੀ ਦੀ ਲਾਸ਼ ਬਰਾਮਦ ਹੋਈ ਹੈ | ਜਿਸ ਸਬੰਧੀ ਹੌਲਦਾਰ ਬਲਵਿੰਦਰ ਸਿੰਘ ਪੁਲਿਸ ਚੌਂਕੀ ਹੰਬੜਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਸਤਲੁਜ ਦਰਿਆ ਪਿੰਡ ਖਹਿਰਾ ਬੇਟ 'ਚ ਇਕ ਵਿਆਕਤੀ ਦੀ ਲਾਸ਼ ਪਈ ਹੈ ਤੇ ਪੁਲਿਸ ਵੱਲੋਂ ਮੌਕੇ 'ਤੇ ਜਾ ਕੇ ਮਿ੍ਤਕ ਪਏ ਵਿਆਕਤੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ | ਹੌਲਦਾਰ ਬਲਵਿੰਦਰ ਸਿੰਘ ਨੇ ਕਿਹਾ ਕਿ ਉਕਤ ਮਿ੍ਤਕ ਵਿਆਕਤੀ ਦਾ ਕੋਈ ਪਤਾ ਨਹੀਂ ਚੱਲ ਸਕਿਆ ਤੇ ਨਾ ਹੀ ਉਸ ਦੇ ਵਾਰਿਸਾਂ ਦਾ ਪਤਾ ਲੱਗ ਸਕਿਆ ਹੈ | ਪੁਲਿਸ ਪਾਰਟੀ ਮਿ੍ਤਕ ਵਿਅਕਤੀ ਦੀ ਪਹਿਚਾਣ ਕਰਵਾਏ ਜਾਣ 'ਚ ਜੁਟੀ ਹੋਈ ਹੈ ਤੇ ਫਿਲਹਾਲ ਮਿ੍ਤਕ ਵਿਆਕਤੀ ਨੂੰ ਸਿਵਲ ਹਸਪਤਾਲ ਲੁਧਿਆਣਾ ਦੀ ਮੋਰਚਰੀ 'ਚ ਰੱਕਿਆ ਗਿਆ ਹੈ | ਜੇਕਰ ਕਿਸੇ ਨੂੰ ਗੁੰਮਸ਼ੁਦਾ ਵਿਅਕਤੀ ਜਿਸ ਦੀ ਉਮਰ 40 ਤੋਂ 45 ਸਾਲ ਵਿਚਕਾਰ ਲੱਗਦੀ ਹੈ ਤੇ ਕੱਦ 5 ਫੁੱਟ 4 ਇੰਚ ਹੈ ਸਿਰ ਮੋਨਾ ਹੈ, ਉਸ ਦੇ ਨੀਲੇ ਰੰਗ ਦੀ ਲਾਲ ਧਾਰੀ ਵਾਲੀ ਨੀਕਰ ਪਾਈ ਹੋਈ ਹੈ ਅਤੇ ਖੱਬੀ ਬਾਂਹ ਤੇ ਏ.ਜੀ ਦਾ ਟੈਟੂ ਬਣਿਆ ਹੋਇਆ ਹੈ, ਹੱਥ 'ਚ ਕੜਾ ਪਾਇਆ ਹੋਇਆ ਹੈ | ਸੱਜੇ ਕੰਨ 'ਚ ਨੱਤੀ ਪਾਈ ਹੋਈ ਹੈ, ਜਿਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹ 72 ਘੰਟੇ ਦੇ ਵਿੱਚ ਹੰਬੜਾਂ ਪੁਲਿਸ ਚੌਂਕੀ ਜਾਂ ਸਿਵਲ ਹਸਪਤਾਲ ਲੁਧਿਆਣਾ ਵਿਖੇ ਪੁੱਜਕੇ ਸੰਪਰਕ ਕਰ ਸਕਦੇ ਹਨ |