18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਆਲੂਆਂ ਦੇ ਭਾਅ 'ਚ ਮੰਦੀ ਨੇ ਕਿਸਾਨਾਂ ਦਾ ਲੱਕ ਤੋੜਿਆ

ਅਜੀਤ ਡੈਸਕ 31-03-2026
ਜਗਰਾਉਂ, 30 ਮਾਰਚ (ਗੁਰਦੀਪ ਸਿੰਘ ਮਲਕ)-ਪਿਛਲੇ ਕੁਝ ਦਿਨ ਤੋਂ ਬੇਮੌਸਮੀ ਤੇਜ਼ ਹਵਾਵਾਂ ਤੇ ਰੁਕ ਰੁਕ ਕੇ ਪੈਂਦੇ ਮੀਂਹ ਨੇ ਕਿਸਾਨਾਂ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ ਹੈ ਅਤੇ ਹਲਕੀ ਬਾਰਿਸ਼ ਅਤੇ ਤੇਜ਼ ਹਵਾਵਾਂ ਪੱਕਣ ਕਿਨਾਰੇ ਖੜ੍ਹੀ ਸਰੋਂ ਤੇ ਕਣਕ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕਰ ਰਹੀਆਂ ਹਨ | ਦੂਜੇ ਪਾਸੇ ਪਹਿਲਾਂ ਹੀ ਆਲੂਆਂ ਦੀ ਮੰਦੀ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ | ਇਸ ਵਾਰ ਸੂਬੇ 'ਚ ਆਲੂਆਂ ਦੀ ਬੰਪਰ ਫ਼ਸਲ ਹੋਈ ਹੈ, ਪਰ ਇਸਦੇ ਉਲਟ ਆਲੂਆਂ ਦਾ ਕੋਈ ਪੱਕਾ ਸਰਕਾਰੀ ਭਾਅ ਨਾ ਹੋਣ ਕਾਰਨ ਵਪਾਰੀ ਵਰਗ ਆਲੂਆਂ ਦਾ ਨਾਮਾਤਰ ਭਾਅ ਲਾ ਰਹੇ ਹਨ, ਜਿਸ ਨਾਲ ਕਿਸਾਨਾਂ ਨੂੰ ਬੱਚਤ ਤਾਂ ਦੂਰ ਦੀ ਗੱਲ ਕਿਸਾਨਾਂ ਨੂੰ ਆਲੂਆਂ ਦੀ ਫ਼ਸਲ ਉਗਾਉਣ ਦਾ ਖ਼ਰਚ ਵੀ ਪੂਰਾ ਨਹੀਂ ਹੋ ਰਿਹਾ | ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਕਿਸਾਨਾਂ ਨੂੰ ਆਲੂਆਂ ਦਾ ਅੱਧਾ ਮੁੱਲ ਵੀ ਨਹੀਂ ਮਿਲ ਰਿਹਾ ਅਤੇ ਜ਼ਿਆਦਾਤਰ ਕਿਸਾਨ ਆਉਣ ਵਾਲੇ ਸਮੇਂ ਦੌਰਾਨ ਆਲੂਆਂ ਦੇ ਭਾਅ 'ਚ ਤੇਜ਼ੀ ਆਉਣ ਦਾ ਅੰਦਾਜ਼ਾ ਲਾਕੇ ਆਲੂਆਂ ਨੂੰ ਸਟੋਰਾਂ 'ਚ ਰੱਖ ਰਹੇ ਹਨ | ਇਸ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨਾਂ ਵਲੋਂ ਆਲੂਆਂ ਨੂੰ ਪੁੱਟ ਕੇ ਖੇਤਾਂ ਵਿਚ ਹੀ ਰੱਖਿਆ ਹੋਇਆ ਹੈ ਅਤੇ ਉਹ ਵਪਾਰੀਆਂ ਦੀ ਉਡੀਕ ਕਰ ਰਹੇ ਹਨ, ਪਰ ਇਸ ਵਾਰ ਵਪਾਰੀ ਵਰਗ ਦੀ ਬੇਰੁੱਖੀ ਕਾਰਨ ਪੰਜਾਬ ਦੇ ਆਲੂਆਂ ਉਤਪਾਦਕ ਨਿਰਾਸ਼ਾ ਦੇ ਆਲਮ 'ਚ ਬੈਠੇ ਸਰਕਾਰਾਂ ਨੂੰ ਕੋਸ ਰਹੇ ਹਨ | ਇਸ ਵਾਰ ਆਲੂਆਂ ਦੀ ਵਿਕਰੀ ਹੀ ਨਹੀਂ ਹੋ ਰਹੀ | ਪਿੰਡ ਗੁਰੂਸਰ ਦੇ ਗੇਟ ਸਾਹਮਣੇ ਇਕ ਕਿਸਾਨ ਵਲੋਂ ਆਪਣੇ ਆਲੂਆਂ ਨੂੰ ਸੜਕ ਕਿਨਾਰੇ ਸੁੱਟ ਦਿੱਤਾ, ਜਿਸਨੇ ਦੱਸਿਆ ਕਿ ਖੇਤ 'ਚ ਪੁੱਟ ਕੇ ਰੱਖੀ ਆਲੂ ਦੀ ਫ਼ਸਲ ਖ਼ਰਾਬ ਹੋਣ ਲੱਗੀ ਸੀ ਅਤੇ ਕਈ ਦਿਨ ਤੋਂ ਉਹ ਵਪਾਰੀ ਦੀ ਉਡੀਕ ਕਰ ਰਿਹਾ ਸੀ, ਪਰ ਹੁਣ ਆਲੂ ਨਾ ਵਿਕਣ ਕਾਰਨ ਉਸਨੂੰ ਮਜ਼ਬੂਰਨ 2 ਟਰਾਲੀਆਂ ਆਲੂਆਂ ਦੀ ਸੜਕ ਕਿਨਾਰੇ ਸੁੱਟਣ ਲਈ ਮਜ਼ਬੂਰ ਹੋਣਾ ਪਿਆ ਹੈ | ਪਿੰਡ ਡਾਂਗੀਆਂ ਦੇ ਕਿਸਾਨ ਸਾਬਕਾ ਸਰਪੰਚ ਦਰਸ਼ਨ ਸਿੰਘ ਬਿੱਲੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਤੇ ਹੋਰ ਖਾੜੀ ਦੇ ਦੇਸ਼ ਪੰਜਾਬ ਦੇ ਆਲੂ ਦੀ ਖਰੀਦ ਕਰਦੇ ਸਨ ਪਰ ਵਾਹਗਾ ਬਾਰਡਰ ਬੰਦ ਹੋਣ ਕਾਰਨ ਇਸ ਵਾਰ ਕਿਸਾਨਾਂ ਦੀ ਆਲੂਆਂ ਦੀ ਫ਼ਸਲ ਖੇਤਾਂ ਵਿਚ ਰੁਲ ਰਹੀ ਹੈ ਤੇ ਕੰਪਨੀਆਂ ਵਾਲੇ ਵੀ ਆਲੂਆਂ ਦੀ ਫ਼ਸਲ ਖ਼ਰੀਦਣ ਤੋਂ ਆਨਾਕਾਨੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਵਾਰ ਆਲੂਆਂ ਦੀ ਹੋ ਰਹੀ ਬੇਕਦਰੀ ਦਾ ਕਾਰਨ ਸਰਕਾਰਾਂ ਦੇ ਘਟੀਆ ਮਨਸੂਬੇ ਹਨ ਤੇ ਕਿਸਾਨ ਮਹਿੰਗੇ ਭਾਅ ਆਲੂਆਂ ਦੀ ਫ਼ਸਲ ਸਟੋਰ ਕਰਨ ਤੋਂ ਵੀ ਅਸਮਰਥ ਹਨ | ਉਨ੍ਹਾਂ ਦੱਸਿਆ ਕਿ ਇਸ ਸਮੇਂ ਖੇਤਾਂ ਵਿਚ ਆਲੂਆਂ ਦੀ ਫ਼ਸਲ ਦੀ ਚੁਗਾਈ ਤੇ ਛਾਂਟੀ ਦਾ ਕੰਮ ਚੱਲ ਰਿਹਾ ਹੈ ਤੇ ਵਿਗੜੇ ਮੌਸਮ ਕਾਰਨ ਮੁੜ ਖੇਤਾਂ ਵਿਚ ਚੱਲਦਾ ਕੰਮ ਰੁਕ ਗਿਆ | ਉਨ੍ਹਾਂ ਕਿਹਾ ਕਿ ਕਈ ਗਰੀਬ ਕਿਸਾਨਾਂ ਨੇ ਮਹਿੰਗੇ ਭਾਅ ਠੇਕੇ 'ਤੇ ਜ਼ਮੀਨਾਂ ਲਈਆਂ ਹਨ ਜਿੰਨ੍ਹਾਂ ਦਾ ਪੂਰੀ ਤਰ੍ਹਾਂ ਨੁਕਸਾਨ ਹੋ ਜਾਵੇਗਾ | ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਉਹ ਸਿਰਫ਼ ਵਪਾਰ ਕਰਨ ਲਈ ਵਾਹਗਾ ਬਾਰਡਰ ਖੋਲ੍ਹ ਕੇ ਆਲੂਆਂ ਨੂੰ ਅਰਬ ਦੇਸਾਂ ਵਿਚ ਭੇਜ ਕੇ ਵੇਚਣ ਦਾ ਪ੍ਰਬੰਧ ਕਰੇ ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਦੀਆਂ ਮੀਂਹ ਹਨੇਰੀ ਕਾਰਨ ਖਰਾਬ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾਕੇ ਯੋਗ ਮੁਆਵਜ਼ਾ ਦਿੱਤਾ ਜਾਵੇ |
ਪਿਛਲੀ ਖ਼ਬਰ ਸੇਂਟ ਸੋਲਜਰ ਕਾਲਜ ਨੇ 9ਵਾਂ ਪ੍ਰੋਗਰਾਮ 'ਸਾਈਾਸ਼ੀਆ' ਕਰਵਾਇਆ ਅਗਲੀ ਖ਼ਬਰ ਪ੍ਰਾਈਵੇਟ ਬੱਸ ਦੀ ਫੇਟ ਵੱਜਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।