ਹੁਸ਼ਿਆਰਪੁਰ, 30 ਮਾਰਚ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਕੋ. ਐੱਡ. ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵਲੋਂ 9ਵਾਂ ਸਾਲਾਨਾ ਪ੍ਰੋਗਰਾਮ 'ਸਾਈਾਸ਼ੀਆ' ਕਰਵਾਇਆ ਗਿਆ | ਵਿਦਿਆਰਥੀਆਂ ਨੇ ਫਿਜ਼ੀਓਥੈਰੇਪੀ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ 'ਤੇ ਮਾਡਲਾਂ ਦੀ ਪ੍ਰਦਰਸ਼ਨੀ ਵੀ ਲਗਾਈ | ਇਹ ਪ੍ਰਦਰਸ਼ਨੀ ਵਿਦਿਆਰਥੀਆਂ ਲਈ ਆਪਣੀ ਪ੍ਰਤਿਭਾ ਦਿਖਾਉਣ ਅਤੇ ਵਿਚਾਰ-ਵਟਾਂਦਰੇ 'ਚ ਹਿੱਸਾ ਲੈਣ ਲਈ ਇੱਕ ਪ੍ਰਭਾਵਸ਼ਾਲੀ ਪਲੇਟਫ਼ਾਰਮ ਸਾਬਤ ਹੋਈ | ਡਾ. ਗੁਰਮੀਤ ਸਹਿਗਲ (ਐਪੈਕਸ ਹਸਪਤਾਲ) ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ, ਜਿਨ੍ਹਾਂ ਦਾ ਸਵਾਗਤ ਡਾਇਰੈਕਟਰ ਡਾ. ਵੀਣਾ ਦਾਦਾ ਤੇ ਸਟਾਫ਼ ਵੱਲੋਂ ਕੀਤਾ ਗਿਆ | ਡਾ. ਸਹਿਗਲ ਨੇ ਪ੍ਰਦਰਸ਼ਨੀ ਦਾ ਮੁਲਾਂਕਣ ਕਰਦਿਆਂ ਵਿਦਿਆਰਥੀਆਂ ਦੇ ਯਤਨਾਂ, ਨਵੀਨਤਾ ਅਤੇ ਗਿਆਨ ਦੀ ਗਹਿਰਾਈ ਦੀ ਸ਼ਲਾਘਾ ਕੀਤੀ | ਉਨ੍ਹਾਂ ਫਿਜੀਓਥੈਰੇਪੀ ਦੇ ਖੇਤਰ ਵਿਚ ਹਮਦਰਦੀ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਫਲ ਇਲਾਜ ਲਈ ਮਰੀਜ਼ਾਂ ਨਾਲ ਸੰਵੇਦਨਸ਼ੀਲ ਵਿਵਹਾਰ, ਪ੍ਰਭਾਵਸ਼ਾਲੀ ਸੰਚਾਰ ਤੇ ਉਨ੍ਹਾਂ ਦੀਆਂ ਭਾਵਨਾਤਮਿਕ ਤੇ ਸਰੀਰਕ ਜ਼ਰੂਰਤਾਂ ਨੂੰ ਸਮਝਣਾ ਜ਼ਰੂਰੀ ਹੈ | ਵਾਇਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਸਟਾਫ਼ ਦੀ ਪਹਿਲ ਦੀ ਸ਼ਲਾਘਾ ਕਰਦਿਆਂ ਪ੍ਰੋਗਰਾਮ ਦੀ ਸਫਲਤਾ ਲਈ ਸਮੂਹ ਸਟਾਫ਼ ਨੂੰ ਵਧਾਈ ਦਿੱਤੀ |