ਚੌਂਕੀਮਾਨ, 30 ਮਾਰਚ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂੁ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਅਗਵਾਈ ਹੇਠ ਰੈੱਡ ਰਿਬਨ ਕਲੱਬ ਅਤੇ ਐੱਨ.ਐੱਸ.ਐੱਸ. ਕੈਂਪ ਵਲੋਂ ਖ਼ੂਨਦਾਨ ਵਿਸ਼ੇ ਉੱਪਰ ਪ੍ਰਸਾਰ ਭਾਸ਼ਣ ਆਯੋਜਿਤ ਕੀਤਾ ਗਿਆ | ਇਸ ਪ੍ਰਸਾਰ ਭਾਸ਼ਣ ਦੇ ਮੁੱਖ ਬੁਲਾਰੇ ਡਾ. ਰੂਹੀ ਦਿਉਲ (ਦਿਉਲ ਹਸਪਤਾਲ ਮੁੱਲਾਂਪੁਰ) ਇਸਤਰੀ ਰੋਗ ਮਾਹਰ ਸਨ | ਸੰਸਥਾ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਸੈਪਲਿੰਗ ਦੇ ਕੇ ਉਹਨਾਂ ਦਾ ਨਿੱਘਾ ਸੁਆਗਤ ਕੀਤਾ | ਡਾ. ਰੂਹੀ ਦਿਉਲ ਨੇ ਵਿਦਿਆਰਥਣਾਂ ਨੂੰ ਮੁਖਾਤਿਬ ਹੁੰਦਿਆਂ ਖ਼ੂਨਦਾਨ ਦੀ ਮਹੱਤਤਾ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਆਪਣੇ ਪ੍ਰਸਾਰ ਭਾਸ਼ਣ ਵਿਚ ਦੱਸਿਆ ਕਿ ਖੂਨਦਾਨ ਸੱਭ ਤੋਂ ਵੱਡਾ ਦਾਨ ਹੈ, ਜਿਸ ਨਾਲ ਅਸੀ ਦੂਸਰਿਆਂ ਦੀ ਕੀਮਤੀ ਜ਼ਿੰਦਗੀ ਨੂੰ ਬਚਾ ਸਕਦੇ ਹਾਂ ਅਤੇ ਸਾਨੂੰ ਖੂਨਦਾਨ ਮੁਹਿੰਮ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ | ਸੰਸਥਾ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦਿਆਂ ਡਾ. ਸਾਹਿਬ ਨੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਵਿਚ ਅੱਗੇ ਆਉਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਵੱਡੀ ਸੇਵਾ ਹੈ ਤੇ ਸਾਨੂੰ ਸਾਰਿਆ ਨੂੰ ਖੂਨਦਾਨ ਕਰਨਾਂ ਚਾਹੀਦਾ ਹੈ | ਇਸ ਸਮਾਗਮ ਦੇ ਦੌਰਾਨ ਉਨ੍ਹਾਂ ਨੇ ਐੱਨ.ਐੱਸ.ਐੱਸ. ਵਲੰਟੀਅਰਜ਼ ਵਲੋਂ ਕਿੱਤਾ ਮੁਖੀ ਵਸਤੂਆਂ ਦੀ ਪ੍ਰਦਰਸ਼ਨੀ ਦੀ ਵੀ ਸ਼ਲਾਘਾ ਕੀਤੀ | ਕਾਲਜ ਵਲੋਂ ਮੁੱਖ ਬੁਲਾਰੇ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ | ਇਸ ਸਮਾਗਮ ਵਿਚ ਮੰਚ ਸੰਚਾਲਕ ਦੀ ਭੂਮਿਕਾ ਰੈੱਡ ਰਿੱਬਨ ਕਲੱਬ ਦੇ ਇੰਚਾਰਜ ਪ੍ਰੋ. ਹਰਦੀਪ ਕੌਰ ਅਤੇ ਪ੍ਰੋ. ਗੁਰਜੀਤ ਸਿੰਘ ਨੇ ਨਿਭਾਈ | ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਡਾ. ਇੰਦਰਜੀਤ ਕੌਰ ਵਲੋਂ ਬਾਹਰੋਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਪ੍ਰਗਟ ਕੀਤਾ ਗਿਆ | ਇਸ ਸਮਾਗਮ ਵਿੱਚ ਸਿੱਧਵਾਂ ਕਾਲਜ ਦੇ ਸਮੂਹ ਸਟਾਫ਼ ਅਤੇ 70 ਐੱਨ.ਐੱਸ.ਐੱਸ. ਅਤੇ ਰੈੱਡ ਰਿਬਨ ਵਲੰਟੀਰਜ਼ ਨੇ ਸ਼ਿਰਕਤ ਕੀਤੀ |