18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਕੀ ਇਸ ਵਾਰ ਮਹਾਂਵੀਰ ਜੈਯੰਤੀ 'ਤੇ ਜੀਵ ਹੱਤਿਆ 'ਤੇ ਲੱਗ ਸਕੇਗੀ ਪਾਬੰਦੀ?

ਅਜੀਤ ਡੈਸਕ 31-03-2026
ਰਾਏਕੋਟ, 30 ਮਾਰਚ (ਬਲਵਿੰਦਰ ਸਿੰਘ ਲਿੱਤਰ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਂਵੀਰ ਜੈਯੰਤੀ 31 ਮਾਰਚ 2026 ਨੂੰ ਮਨਾਈ ਜਾ ਰਹੀ ਹੈ | ਭਗਵਾਨ ਮਹਾਂਵੀਰ ਜੀ ਨੇ ਆਪਣੇ ਜੀਵਨ ਵਿਚ 'ਅਹਿੰਸਾ ਪਰਮੋ ਧਰਮ' ਦਾ ਸੰਦੇਸ਼ ਦੇ ਕੇ ਲੋਕਾਂ ਨੂੰ ਜੀਵ ਹੱਤਿਆ ਤੋਂ ਰੋਕਿਆ ਸੀ | ਉਨ੍ਹਾਂ ਦਾ ਸੰਦੇਸ਼ ਸੀ ਕਿ ਹਰ ਛੋਟੇ-ਵੱਡੇ ਜੀਵ ਨੂੰ ਇਸ ਧਰਤੀ 'ਤੇ ਜਿਊਣ ਦਾ ਪੂਰਾ ਹੱਕ ਹੈ | ਦੇਸ਼ ਵਿਚ ਭਗਵਾਨ ਮਹਾਂਵੀਰ ਦੇ ਕਰੋੜਾਂ ਅਨੁਯਾਈ ਹਨ | ਇਸ ਕਰਕੇ ਇਸ ਦਿਨ ਸਰਕਾਰ ਵਲੋਂ ਜੀਵ ਹੱਤਿਆ 'ਤੇ ਪੂਰੀ ਪਾਬੰਦੀ ਲਗਾਈ ਜਾਂਦੀ ਹੈ | ਇਸ ਦਿਨ ਮੀਟ, ਮੱਛੀ, ਅੰਡਿਆਂ ਦੀਆਂ ਦੁਕਾਨਾਂ ਅਤੇ ਨਾਨ-ਵੈੱਜ ਹੋਟਲ, ਢਾਬੇ ਅਤੇ ਰੈਸਟੋਰੈਂਟ ਬੰਦ ਰੱਖੇ ਜਾਂਦੇ ਹਨ | ਇਸ ਸਬੰਧ ਵਿਚ ਲੁਧਿਆਣਾ ਦੇ ਡਿਪਟੀ ਮੈਜਿਸਟ੍ਰੇਟ ਹਿਮਾਂਸ਼ੂ ਜੈਨ ਵਲੋਂ ਵੀ 31 ਮਾਰਚ ਲਈ ਹੁਕਮ ਜਾਰੀ ਕੀਤਾ ਗਿਆ ਹੈ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਹੁਕਮ 28 ਮਾਰਚ ਦੀ ਦੁਪਹਿਰ ਤੋਂ ਬਾਅਦ ਜਾਰੀ ਕੀਤਾ ਗਿਆ ਹੈ, ਜਿਸ ਬਾਰੇ ਜ਼ਿਲ੍ਹੇ ਦੇ ਹਰ ਛੋਟੇ-ਵੱਡੇ ਅਧਿਕਾਰੀ ਨੂੰ ਈਮੇਲ ਰਾਹੀਂ ਜਾਣਕਾਰੀ ਦੇ ਦਿੱਤੀ ਗਈ ਹੈ | 28 ਮਾਰਚ ਨੂੰ ਤੇ 29 ਮਾਰਚ ਨੂੰ ਐਤਵਾਰ ਹੋਣ ਕਰਕੇ ਸਰਕਾਰੀ ਛੁੱਟੀ ਰਹਿੰਦੀ ਹੈ, ਜਦਕਿ 30 ਮਾਰਚ ਨੂੰ ਸਿਰਫ਼ ਇਕ ਦਿਨ ਬਚਦਾ ਹੈ | ਇਸ ਹਾਲਾਤ ਵਿਚ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਇਕ ਦਿਨ ਵਿਚ ਹੀ ਲੋਕਾਂ ਤੱਕ ਇਹ ਸੁਨੇਹਾ ਪਹੁੰਚ ਸਕੇਗਾ? ਜਦਕਿ ਸਰਕਾਰ ਨੂੰ ਚਾਹੀਦਾ ਸੀ ਕਿ ਇਸ ਸਬੰਧੀ ਘੱਟੋ-ਘੱਟ 5-7 ਦਿਨ ਪਹਿਲਾਂ ਹੀ ਹੁਕਮ ਜਾਰੀ ਕੀਤਾ ਜਾਂਦਾ | ਮਹਾਂਵੀਰ ਜੈਯੰਤੀ ਦੇ ਦਿਨ ਸਰਕਾਰੀ ਛੁੱਟੀ ਵੀ ਹੁੰਦੀ ਹੈ ਅਤੇ ਇਸ ਨੂੰ ਅਹਿੰਸਾ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ | ਇਸ ਦਿਨ ਕਿਸੇ ਵੀ ਜੀਵ ਦੀ ਹੱਤਿਆ ਕਰਨਾ ਧਾਰਮਿਕ ਰਿਵਾਜਾਂ ਅਨੁਸਾਰ ਅਸ਼ੁੱਭ ਮੰਨਿਆ ਜਾਂਦਾ ਹੈ ਅਤੇ ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ | ਇਸ ਤੋਂ ਇਲਾਵਾ ਕੁਝ ਸ਼ਰਾਰਤੀ ਅਨਸਰ ਵੀ ਇਸ ਦਿਨ ਮਾਹੌਲ ਖ਼ਰਾਬ ਕਰਨ ਦੀ ਤਾਕ ਵਿਚ ਰਹਿੰਦੇ ਹਨ | ਇਸ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਮਹਾਂਵੀਰ ਜੈਯੰਤੀ ਦੇ ਦਿਨ ਡੀ.ਸੀ. ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਕਾਫ਼ੀ ਮਿਹਨਤ-ਮੁਸ਼ੱਕਤ ਕਰਨੀ ਪੈ ਸਕਦੀ ਹੈ |
ਪਿਛਲੀ ਖ਼ਬਰ ਪੰਜਾਬ ਵਿਚੋਂ ਭਿ੍ਸ਼ਟਾਚਾਰ, ਰਿਸ਼ਵਤਖੋਰੀ ਸਮੇਤ ਨਸ਼ੇ ਨੂੰ ਖ਼ਤਮ ਕਰਨ ਲਈ 2027 ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਜ... ਅਗਲੀ ਖ਼ਬਰ ਪਿੰਡ ਜਲਾਲਦੀਵਾਲ ਦਾ ਸਾਲਾਨਾ ਪੇਂਡੂ ਖੇਡ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।