ਜਗਰਾਉਂ, 29 ਮਾਰਚ (ਵਿਨੋਦ ਕੁਮਾਰ)-ਵਿਧਾਨ ਸਭਾ ਹਲਕਾ ਜਗਰਾਉਂ ਵਿਖੇ ਦੋ ਰੋਜ਼ਾ ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਕੈਂਪ ਦਾ ਸ਼ੁਭ ਆਰੰਭ ਅੱਜ ਹੋਇਆ | ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਆਰੰਭ ਹੋਏ ਸਿਖਲਾਈ ਕੈਂਪ ਦਾ ਉਦਘਾਟਨ ਭਾਜਪਾ ਸੂਬਾ ਜਥੇਬੰਦਕ ਸੈਕਟਰੀ ਸ੍ਰੀਨਿਵਾਸ਼ੂ ਨੇ ਆਪਣੇ ਕਰ ਕਮਲਾਂ ਨਾਲ ਜੋਤੀ ਜਗਾ ਕੇ ਕੀਤਾ | ਇਸ ਮੌਕੇ ਭਾਜਪਾ ਆਗੂ ਸ੍ਰੀਨਿਵਾਸ਼ੂ ਨੇ ਵਰਕਰਾਂ ਨੂੰ ਕਿਹਾ ਕਿ ਪੰਜਾਬ ਵਿਚ ਡਬਲ ਇੰਜਣ ਦੀ ਸਰਕਾਰ ਬਣਾਉਣ ਲਈ ਪੂਰੀ ਦਿ੍ੜਤਾ ਨਾਲ ਕੰਮ ਵਿਚ ਲੱਗ ਜਾਣਾ ਚਾਹੀਦਾ ਹੈ | ਉਨ੍ਹਾਂ ਵਰਕਰਾਂ ਨੂੰ ਕੈਂਪ ਵਿਚ ਮਿਲਣ ਵਾਲੀ ਸਿਖਲਾਈ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਕਿਹਾ ਕਿ ਰਾਜਨੀਤਕ ਪਾਰਟੀਆਂ 'ਚੋਂ ਇਕੱਲੀ ਭਾਜਪਾ ਹੈ ਜਿਹੜੀ ਆਪਣੇ ਵਰਕਰਾਂ ਨੂੰ ਪੂਰਨ ਸਿਖਲਾਈ ਦੇਣ ਦਾ ਕੰਮ ਕਰਦੀ ਹੈ | ਕੈਂਪ ਦੇ ਜਗਰਾਉਂ ਦੇ ਇੰਚਾਰਜ ਸੌਰਭ ਕਪੂਰ ਨੇ ਦੱਸਿਆ ਕਿ ਭਾਜਪਾ ਵਲੋਂ ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਕੈਂਪ ਹਰੇਕ ਵਿਧਾਨ ਸਭਾ ਹਲਕੇ ਵਿਚ ਲਗਾਏ ਜਾ ਰਹੇ ਹਨ ਅਤੇ ਇੰਨ੍ਹਾਂ ਕੈਂਪਾਂ ਵਿਚ ਸਰਕਲ ਪੱਧਰ, ਜ਼ਿਲੇ੍ਹ ਦੇ ਅਹੁਦੇਦਾਰ, ਵੱਖ-ਵੱਖ ਮੋਰਚਿਆਂ ਦੇ ਪ੍ਰਧਾਨ ਹਿੱਸਾ ਲੈ ਰਹੇ ਹਨ | ਉਨ੍ਹਾਂ ਦੱਸਿਆ ਕਿ ਕੈਂਪ ਵਿਚ ਪਾਰਟੀ ਦੇ ਨਵੇਂ ਅਤੇ ਪੁਰਾਣੇ ਅਹੁਦੇਦਾਰਾਂ ਨੂੰ ਪਾਰਟੀ ਦੇ ਇਤਿਹਾਸ ਅਤੇ ਭਵਿੱਖ ਅਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਸਬੰਧੀ ਜਿੱਥੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ ਉਥੇ ਹਰੇਕ ਵਰਕਰ ਨੂੰ ਇੰਨ੍ਹਾਂ ਸਕੀਮਾਂ ਸਬੰਧੀ ਆਮ ਲੋਕਾਂ ਨੂੰ ਜਾਣੂ ਕਰਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਜਗਰਾਉਂ ਦੇ ਪ੍ਰਧਾਨ ਡਾ: ਰਜਿੰਦਰ ਸ਼ਰਮਾ ਨੇ ਦੱਸਿਆ ਕਿ ਕੈਂਪ ਵਿਚ ਵਰਕਰਾਂ ਨੂੰ ਦੇਸ਼ ਦੀ ਮੌਜੂਦਾ ਸਿਆਸੀ ਸਥਿਤੀ, ਪਾਰਟੀ ਦੀ ਭਵਿੱਖ ਦੀ ਰਣਨੀਤੀ ਬਾਰੇ ਜਾਣੂ ਕਰਵਾਇਆ ਜਾਵੇਗਾ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਮਿਤ ਅਰੋੜਾ, ਗੁਰਸਿਮਰਨ ਸਿੰਘ, ਰਾਜ ਵਰਮਾ, ਸੁਰੇਸ਼ ਗਰਗ, ਸਰਕਲ ਪ੍ਰਧਾਨ ਨਵਨੀਤ ਗੁਪਤਾ, ਗੁਰਭੇਜ ਸਿੰਘ, ਗੌਰਵ ਗੁਪਤਾ, ਅਨਿਲ ਕੁਮਾਰ ਸੈਂਟੀ, ਨਵੀਨ ਜੈਨ, ਡਾ. ਨਿਰਮਲ ਭੁੱਲਰ, ਜਸਮੇਲ ਸਿੰਘ ਧਾਲੀਵਾਲ, ਰਾਜਪਾਲ ਜੈਨ, ਹਰੀ ਓਮ ਵਰਮਾ, ਜਗਸੀਰ ਸਿੰਘ, ਸੰਜੀਵ ਭੱਟ, ਸੁਰੇਸ਼ ਖੰਨਾ ਸ਼ੰਮੀ ਆਦਿ ਹਾਜ਼ਰ ਸਨ |