ਨਾਨਕਸਰ ਸੰਪਰਦਾਇ ਮਹਾਂਪੁਰਸ਼ਾਂ ਨੇ ਲੱਖਾਂ ਮਨੁੱਖੀ ਰੂਹਾਂ ਨੂੰ ਨਾਮ ਬਾਣੀ ਨਾਲ ਜੋੜਿਆ-ਜਥੇਦਾਰ ਗੜਗੱਜ
ਅਜੀਤ ਡੈਸਕ
27-03-2026
• ਬੜੂੰਦੀ 'ਚ ਬਾਬਾ ਈਸ਼ਰ ਸਿੰਘ ਕਲੇਰਾਂ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਏ
ਲੋਹਟਬੱਦੀ, 26 ਮਾਰਚ (ਕੁਲਵਿੰਦਰ ਸਿੰਘ ਡਾਂਗੋਂ)-ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਨਾਨਕੇ ਨਗਰ ਪਿੰਡ ਬੜੂੰਦੀ ਸਥਿਤ ਬਾਬਾ ਜਗੀਰ ਸਿੰਘ ਬੜੂੰਦੀ ਵਾਲਿਆਂ ਦੇ ਤਪ ਅਸਥਾਨ ਗੁਰਦੁਆਰਾ ਨਾਨਕਸਰ ਠਾਠ ਪੱਤੀ ਮਾਨਾਂ/ਬੜੂੰਦੀ ਤੋਂ ਮੌਜੂਦਾ ਸੰਚਾਲਕ ਸੰਤ ਬਾਬਾ ਧੰਨਾ ਸਿੰਘ ਬੜੂੰਦੀ ਵਾਲਿਆਂ ਦੀ ਸਰਪ੍ਰਸਤੀ ਹੇਠ ਅੱਜ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ 113ਵੇਂ ਜਨਮ ਦਿਹਾੜੇ ਸਬੰਧੀ ਵਿਸ਼ਾਲ ਨਗਰ ਕੀਰਤਨ ਸਜਾਏ ਗਏ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਜੀ ਸੁੰਦਰ ਪਾਲਕੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜੇ ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਸਿੱਖ ਕੌਮ ਦੇ ਵੱਖ-ਵੱਖ ਢਾਡੀ, ਕਵੀਸ਼ਰੀ ਜਥਿਆਂ ਨੇ ਹਾਜ਼ਰੀ ਭਰੀ | ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਜਥੇਦਾਰ ਗਿਆਨੀ ਗੜਗੱਜ ਨੇ ਕਿਹਾ ਕਿ ਨਾਨਕਸਰ ਸੰਪਰਦਾਇ ਮੁਖੀ ਸੰਤ ਬਾਬਾ ਨੰਦ ਸਿੰਘ ਜੀ, ਸੰਤ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲੇ, ਸੰਤ ਬਾਬਾ ਜਗੀਰ ਸਿੰਘ ਬੜੂੰਦੀ ਵਾਲੇ ਤਪੱਸਵੀ ਮਹਾਂਪੁਰਸ਼ਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ 'ਤੇ ਚੱਲ ਕੇ ਲੱਖਾਂ ਮਨੁੱਖੀ ਰੂਹਾਂ ਨੂੰ ਨਾਮ-ਬਾਣੀ ਨਾਲ ਜੋੜਿਆ | ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ 'ਚ ਕੁਝ ਲੋਕਾਂ ਵਲੋਂ ਲਾਲਚ ਵੱਸ ਹੋ ਕੇ ਦੂਜੇ ਧਰਮਾਂ ਦੀ ਪੁਸ਼ਤ ਪਨਾਹੀ ਕਰਨ ਦੀਆਂ ਕਨਸੋਆਂ ਮਿਲਦੀਆਂ ਹਨ ਪਰੰਤੂ ਸਥਾਨਕ ਇਲਾਕੇ 'ਚ ਭਜਨੀਕ ਮਹਾਂਪੁਰਸ਼ਾਂ ਵਲੋਂ ਜਾਰੀ ਪ੍ਰਚਾਰ ਬਦੌਲਤ ਬਹੁ-ਗਿਣਤੀ ਸਿਰਾਂ 'ਤੇ ਰੰਗ-ਬਿਰੰਗੀਆਂ ਦਸਤਾਰਾਂ ਵਿਖਾਈ ਦਿੰਦੀਆਂ ਹਨ | ਉਨ੍ਹਾਂ ਪੰਜਾਬ ਦੇ ਨੌਜਵਾਨਾਂ ਦੀ ਪਿੱਠ ਥਾਪੜਦਿਆਂ ਕਿਹਾ ਕਿ ਪੂਰੀ ਦੁਨੀਆਂ 'ਚ ਪੰਜਾਬ ਵਰਗੀ ਜੋਸ਼ੀਲੀ ਨੌਜਵਾਨੀ ਨਹੀਂ ਮਿਲਦੀ, ਨਾ ਹੀ ਪੰਜਾਬ ਵਰਗੀ ਧਰਤੀ ਮਿਲਦੀ ਹੈ | ਜੇਕਰ ਕਿਸੇ ਵੀ ਨੌਜਵਾਨ ਨੂੰ ਸਿੱਖੀ ਸਰੂਪ ਧਾਰਨ ਲਈ ਆਖਦੇ ਹਾਂ ਤਾਂ ਉਹ ਗੁਰੂ ਦਾ ਹੁਕਮ ਮੰਨ ਕੇ ਬਚਨ ਪੁਗਾ ਰਹੇ ਹਨ | ਦੂਜੇ ਪਾਸੇ ਗਿਆਨੀ ਗੜਗੱਜ ਨੇ ਪੰਜਾਬ ਦੀ ਧਾਰਮਿਕ, ਸਮਾਜਿਕ ਅਤੇ ਆਰਥਿਕ ਦਿਸ਼ਾ ਅਤੇ ਦਸ਼ਾ 'ਤੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਘੱਟ ਪੜ੍ਹੇ ਲਿਖੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੇ ਮੌਕਾ ਪੈਦਾ ਕਰਕੇ ਦੇਈਏ, ਇਹ ਕਾਰਜ ਜਾਤ-ਪਾਤ ਤੋਂ ਉੱਪਰ ਉੱਠ ਕੇ ਕੀਤਾ ਜਾਣਾ ਚਾਹੀਦਾ ਹੈ | ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਸਮੇਂ ਲੋੜਵੰਦ ਮਾਪਿਆਂ-ਭਰਾਵਾਂ ਦੇ ਮੋਢੇ ਨਾਲ ਮੋਢੇ ਜੋੜਨਾ ਚਾਹੀਦਾ ਹੈ | ਉਨ੍ਹਾਂ ਗੁਰਬਾਣੀ ਸਲੋਕਾਂ ਦਾ ਪ੍ਰਮਾਣ ਦਿੰਦਿਆਂ ਸਭਨਾਂ ਨੂੰ ਗੁਰਸਿੱਖੀ ਸਰੂਪ 'ਚ ਪ੍ਰਪੱਕ ਹੋਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਿਆਰਾ ਹੀ ਖ਼ਾਲਸਾ ਪੰਥ ਸਾਜ ਕੇ ਸਾਨੂੰ ਵੱਖਰੀ ਪਹਿਚਾਣ ਦਿੱਤੀ ਹੈ | ਸੰਚਾਲਕ ਸੰਤ ਬਾਬਾ ਧੰਨਾ ਸਿੰਘ ਬੜੂੰਦੀ, ਬਾਬਾ ਤੇਜਿੰਦਰ ਸਿੰਘ ਜਿੰਦੂ ਨਾਨਕਸਰ, ਬਾਬਾ ਗੁਰਮੇਲ ਸਿੰਘ ਨੀਲੂ, ਬਾਬਾ ਦਵਿੰਦਰ ਸਿੰਘ ਅਤੇ ਭਾਈ ਕੁਲਦੀਪ ਸਿੰਘ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਵੱਖ-ਵੱਖ ਸੰਤ ਮਹਾਂਪੁਰਸ਼ਾਂ ਨੂੰ ਸਿਰੋਪਾਓ ਭੇਂਟ ਕੀਤੇ | ਇਸ ਮੌਕੇ ਢਾਡੀ ਤਰਲੋਚਨ ਸਿੰਘ ਭੁਮੱਦੀ, ਗਿਆਨੀ ਪੰਜਾਬ ਸਿੰਘ ਪੰਜਾਬ, ਢਾਡੀ ਜਸਵੰਤ ਸਿੰਘ ਦੀਵਾਨਾ, ਕਵੀਸ਼ਰ ਗੁਰਮੁਖ ਸਿੰਘ ਐੱਮ.ਏ., ਗੁਰਵਿੰਦਰ ਸਿੰਘ ਖੇੜੀ ਖੁਰਦ, ਢਾਡੀ ਕਸ਼ਮੀਰ ਸਿੰਘ ਸੰਘੇੜਾ, ਗਿਆਨੀ ਅਮਰਜੀਤ ਸਿੰਘ ਮੰਨਵੀ (ਬੀਬੀਆਂ ਦਾ ਜਥਾ), ਗਿਆਨੀ ਗੁਰਦਿਆਲ ਸਿੰਘ ਸੋਹੀ, ਢਾਡੀ ਸੋਭਾ ਸਿੰਘ ਨਿਹੰਗ ਸਿੰਘਾਂ ਦਾ ਜਥਾ, ਜੋਸ਼ੀਲੇ ਢਾਡੀ ਬੈਂਸ ਦੇ ਜਥਿਆਂ ਨੇ ਸੰਗਤਾਂ ਨੂੰ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲਿਆਂ ਦੇ ਜੀਵਨ 'ਤੇ ਅਧਾਰਿਤ ਅਤੇ ਵੀਰ ਰਸੀ ਵਾਰਾਂ ਸੁਣਾ ਕੇ ਨਿਹਾਲ ਕੀਤਾ |
ਦੂਜੇ ਪਾਸੇ ਬਾਬਾ ਤੇਜਿੰਦਰ ਸਿੰਘ ਜਿੰਦੂ ਨਾਨਕਸਰ, ਬਾਬਾ ਜਗਜੀਤ ਸਿੰਘ ਮੁਖੀ ਲੋਪੋਂ ਸੰਪਰਦਾਇ, ਬਾਬਾ ਲਖਵੀਰ ਸਿੰਘ, ਸੰਤ ਬਾਬਾ ਅਮਰੀਕ ਸਿੰਘ ਪੁੜੈਣ, ਸੰਤ ਬਾਬਾ ਸਰਬਜੋਤ ਸਿੰਘ ਡਾਂਗੋਂ, ਬਾਬਾ ਹਰਜਿੰਦਰ ਸਿੰਘ ਗੁਰੂ ਕੀ ਮੀਟੀਲੀ, ਵਿਦਵਾਨ ਗਿਆਨੀ ਭਗਵਾਨ ਸਿੰਘ ਜੌਹਲ, ਸੰਤ ਬਾਬਾ ਇੰਦਰਪਾਲ ਸਿੰਘ ਕੋਟਕਪੁਰਾ, ਸੰਤ ਰਜਨੀਸ਼ ਸਿੰਘ ਨੱਥੂਮਾਜਰਾ, ਸੰਤ ਹਰੀ ਸਿੰਘ ਨਾਨਕਸਰ, ਸੰਤ ਜਸ਼ਨਪ੍ਰੀਤ ਸਿੰਘ ਢੋਲਣ, ਸੰਤ ਪਿਆਰਾ ਸਿੰਘ ਸਿਰਥਲਾ, ਸੇਰ ਸਿੰਘ ਸੁਨਾਮ, ਸੰਤ ਸਤਨਾਮ ਸਿੰਘ ਬਾਰਾਂ ਦਲੀ ਨਾਨਕਸਰ, ਸੰਤ ਹਰਬੰਸ ਸਿੰਘ ਨਾਨਕਸਰ, ਸੰਤ ਬਲਵੰਤ ਸਿੰਘ ਸੁਖਮਨੀ ਸਾਹਿਬ ਵਾਲੇ, ਸੰਤ ਅਮਰਜੀਤ ਸਿੰਘ ਗੋਪਾਲਸਰ ਆਦਿ ਸ਼ਾਮਲ ਹੋਏ | ਸਟੇਜ਼ ਦੀ ਸੇਵਾ ਕਵੀਸ਼ਰ ਰਾਏ ਸਿੰਘ ਲੱਖਾ ਨੇ ਨਿਭਾਈ |