ਮੁੱਲਾਂਪੁਰ-ਦਾਖਾ, 25 ਮਾਰਚ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਸ਼ੂਰੂ ਕੀਤੀ ਮੁਹਿੰਮ 'ਸਰਕਾਰ ਲੋਕਾਂ ਦੇ ਦੁਆਰ' ਤਹਿਤ ਦਾਣਾ ਮੰਡੀ ਮੁੱਲਾਂਪੁਰ ਦੇ ਆੜ੍ਹਤੀ, ਸ਼ੈੱਲਰ ਉਦਯੋਗ, ਹੋਰ ਵਪਾਰੀ ਵਰਗ ਦੇ ਨਾਲ ਮੰਡੀ ਦੁਆਲੇ ਵਸੋਂ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਜਾਣਨ ਲਈ ਦਾਣਾ ਮੰਡੀ ਮੁੱਲਾਂਪੁਰ ਦਾਖਾ ਸ਼ੈੱਡ ਹੇਠ ਮਾਰਕੀਟ ਕਮੇਟੀ ਦਾਖਾ ਦੇ ਯਤਨਾਂ ਨਾਲ ਸਮਾਰੋਹ ਸਮੇਂ ਆਪ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ: ਕੇ.ਐੱਨ.ਐੱਸ ਕੰਗ, ਪਨਗਰੇਨ ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ, ਕੌਂਸਲਰ ਬਲਵਿੰਦਰ ਸਿੰਘ ਬੱਸਣ, ਰਾਜੇਸ਼ ਕਾਂਸਲ, ਬਲਾਕ ਪ੍ਰਧਾਨ ਨਵਲ ਕਿਸ਼ੋਰ, ਸਮੇਤ ਵੱਖੋ-ਵੱਖ ਅਦਾਰਿਆਂ ਦੇ ਉੱਚ ਅਧਿਕਾਰੀ, ਕਾਰਜ ਸਾਧਕ ਅਫ਼ਸਰ, ਪਾਵਰਕਾਮ ਐੱਸ.ਡੀ.ਓ., ਮਾਰਕੀਟ ਕਮੇਟੀ ਸੈਕਟਰੀ, ਸਿਹਤ ਅਫ਼ਸਰ ਮੌਜੂਦ ਰਹੇ | ਜੁੜੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਮ ਲੋਕਾਂ ਦੀ ਖੱਜ਼ਲ-ਖੁਆਰੀ ਰੋਕਣ ਲਈ ਇਸ ਪ੍ਰੋਗਰਾਮ ਹੇਠ ਸਰਕਾਰ ਦੇ ਨੁਮਾਇੰਦਿਆਂ ਅਤੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋਕਾਂ ਦੇ ਦਰਾਂ 'ਤੇ ਜਾ ਕੇ ਮੁਸ਼ਕਿਲਾਂ ਸੁਣਨ ਦੀ ਹਦਾਇਤ ਹੈ | ਹਾੜ੍ਹੀ ਦਾ ਸੀਜਨ ਸਿਰ 'ਤੇ ਹੋਣ ਕਰਕੇ ਮੰਡੀ ਮੁੱਲਾਂਪੁਰ ਦੇ ਆੜ੍ਹਤੀਆਂ ਚੇਅਰਮੈਨ ਡਾ: ਗਿੱਲ ਕੋਲ ਮੰਗ ਰੱਖੀ ਕਿ ਹਰ ਸੀਜ਼ਨ 'ਚ ਬਾਰਦਾਨੇ ਦੀ ਆੜ੍ਹਤੀ, ਮੰਡੀ ਮਜ਼ਦੂਰ ਨੂੰ ਬੜੀ ਪ੍ਰੇਸ਼ਾਨੀ ਹੁੰਦੀ ਹੈ, ਸੀਜ਼ਨ ਤੋਂ ਪਹਿਲਾਂ ਬਾਰਦਾਨੇ ਦਾ ਉਚਿਤ ਪ੍ਰਬੰਧ ਕਰਵਾਇਆ ਜਾਵੇ | ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ: ਕੰਵਲ ਨੈਨ ਸਿੰਘ ਕੰਗ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਮੰਡੀ ਅਤੇ ਆਲੇ-ਦੁਆਲੇ ਦੇ ਰਿਹਾਇਸ਼ੀ ਇਲਾਕਿਆਂ ਅੰਦਰ ਬਰਸਾਤੀ ਪਾਣੀ ਦਾ ਕੋਈ ਉਚਿੱਤ ਪ੍ਰਬੰਧ ਨਹੀਂ, ਥੋੜ੍ਹਾ ਜਿਹਾ ਮੀਂਹ ਪੈਣ ਨਾਲ ਆਲਾ-ਦੁਆਲਾ ਜਲ-ਥਲ ਹੋ ਜਾਂਦਾ ਹੈ, ਬਰਸਾਤੀ ਪਾਣੀ ਦੀ ਉਚਿਤ ਨਿਕਾਸੀ ਲਈ ਸਬੰਧਿਤ ਅਧਿਕਾਰੀਆਂ ਨੂੰ ਸਖ਼ਤੀ ਨਾਲ ਕਿਹਾ ਜਾਵੇ | ਬੇਲੋੜੇ ਬਿਜਲੀ ਕੱਟਾਂ ਦੀ ਗੱਲ ਵੀ ਇਸ ਬੈਠਕ ਵਿਚ ਉਠਾਈ ਗਈ | ਇਸ ਮੀਟਿੰਗ ਸਮੇਂ ਆੜ੍ਹਤੀ ਐਸੋਸੀਏਸ਼ਨ ਪ੍ਰਧਾਨ ਰਜਿੰਦਰ ਸਿੰਘ ਮਾਜਰੀ, ਸ਼ੈੱਲਰ ਐਸੋਸੀਏਸ਼ਨ ਪ੍ਰਧਾਨ ਮਹਾਂਵੀਰ ਬਾਂਸਲ, ਆੜ੍ਹਤੀ ਬਾਲ ਕਿ੍ਸ਼ਨ ਰਾਮ, ਆੜ੍ਹਤੀ ਰਾਮ ਪ੍ਰਤਾਪ ਗੋਇਲ, ਆੜ੍ਹਤੀ ਰਾਕੇਸ਼ ਗੁਪਤਾ, ਆੜ੍ਹਤੀ ਜਸਪਾਲ ਸਿੰਘ ਲਵਲੀ, ਦੁਕਾਨਦਾਰ ਐਸੋਸੀਏਸ਼ਨ ਪ੍ਰਧਾਨ ਕਿ੍ਸ਼ਨ ਕੁਮਾਰ ਬੰਟੀ, ਕਰਤਾਰ ਸਿੰਘ ਤੂਰ, ਰਾਹੁਲ ਜੋਸ਼ੀ ਆਦਿ ਹਾਜ਼ਰ ਸਨ |