27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਫ਼ਰੀਦਕੋਟ ਦੇ ਪਿੰਡ ਹਰੀ ਨੌ ਦੇ ਦੋ ਸਕੇ ਭਰਾਵਾਂ ਦੀ ਖ਼ੇੁਦਕੁਸ਼ੀ ਸਰਕਾਰਾਂ 'ਤੇ ਕਲੰਕ

ਅਜੀਤ ਡੈਸਕ 26-03-2026
ਜਗਰਾਉਂ, 25 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਬੀਤੇ ਦਿਨੀਂ ਫਰੀਦਕੋਟ ਦੇ ਪਿੰਡ ਹਰੀ ਨੌ ਦੇ ਦੋ ਸਕੇ ਭਰਾਵਾਂ ਜਸਕਰਨ ਸਿੰਘ ਅਤੇ ਜਸਵਿੰਦਰ ਸਿੰਘ ਵਲੋਂ ਰੇਲਗੱਡੀ ਹੇਠਾਂ ਆ ਕੇ ਅਪਣੇ ਆਪ ਨੂੰ ਖ਼ਤਮ ਕਰ ਲੈਣ ਦੀ ਹਿਰਦੇਵੇਦਕ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਘਟਨਾ ਦਿਲ ਨੂੰ ਵਲੁੰਧਰ ਵਾਲੀ ਹੈ | ਆਲੂ ਦੀ ਫ਼ਸਲ ਦੀ ਬਰਬਾਦੀ ਅਤੇ ਪੰਜਾਹ ਲੱਖ ਕਰਜ਼ੇ ਦੀ ਮਾਰ ਨਾ ਸਹਾਰਦੇ ਹੋਏ ਦੋਵੇਂ ਭਰਾਵਾਂ ਵਲੋਂ ਕੀਤੀ ਖੁਦਕੁਸ਼ੀ ਅਜੋਕੇ ਖੇਤੀ ਮਾਡਲ ਦੇ ਬੁਰੀ ਤਰ੍ਹਾਂ ਫੈਲ ਹੋਣ ਦੀ ਚੁਣੌਤੀ ਭਰਪੂਰ ਗਾਥਾ ਹੈ | ਇਹ ਵਿਚਾਰ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ, ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਪ੍ਰੈੱਸ ਨਾਲ ਸਾਂਝੇ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਇਨਾਂ ਮੌਤਾਂ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਵਲੋਂ ਪਿਛਲੇ ਕਈ ਸਾਲਾਂ ਤੋਂ ਨਵੀਂ ਹੰਢਣਸਾਰ ਕਿਸਾਨਾਂ ਅਤੇ ਲੋਕਾਂ ਦੇ ਪੱਖ ਦੀ ਖੇਤੀ ਨੀਤੀ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਪੰਜਾਬ ਅਤੇ ਦੇਸ਼ ਦੀ ਉਜੜ ਰਹੀ ਕਿਸਾਨੀ ਨੂੰ ਬਚਾਇਆ ਜਾ ਸਕੇ | ਹਾਲਾਤ ਦੀ ਸਿਤਮਜ਼ਰੀਫੀ ਇਹ ਹੈ ਕਿ ਪੰਜਾਬ ਸਰਕਾਰ ਵਲੋਂ ਥਾਪੇ ਫਾਰਮਰ ਕਮਿਸ਼ਨ ਵਲੋਂ ਕਿਸਾਨ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰੇ ਕਰਕੇ ਤਿਆਰ ਕੀਤੀ ਖੇਤੀ ਨੀਤੀ ਭਗਵੰਤ ਮਾਨ ਸਰਕਾਰ ਦੀ ਅਲਮਾਰੀ 'ਚ ਬੰਦ ਪਈ ਹੈ | ਦਿੱਲੀ ਅੰਦੋਲਨ ਤੋਂ ਬਾਦ ਹੋਈ ਸਹਿਮਤੀ ਸਮੇਂ ਲਿਖਤੀ ਐਲਾਨਿਆ ਸਮੱਰਥਨ ਮੁੱਲ ਦਾ ਵਾਅਦਾ ਠੰਡੇ ਬਸਤੇ 'ਚ ਪਾ ਦਿੱਤਾ ਗਿਆ ਹੈ | ਸੂਬੇ ਭਰ 'ਚ ਆਲੂ ਉਤਪਾਦਕ ਕਿਸਾਨਾਂ ਦੀ ਪੈਦਾਵਾਰ ਕੀਮਤ ਨਾ ਮਿਲਣ ਕਾਰਨ ਰੁਲ ਰਹੀ ਹੈ | ਸਮੱਰਥਨ ਮੁੱਲ ਨਾ ਹੋਣਾ ਤਾਂ ਇਕ ਕਾਰਨ ਹੈ, ਪਰ ਇਸ ਵਾਰ ਲੇਬਰ ਨਾ ਮਿਲਣ ਅਤੇ ਮਹਿੰਗੀ ਮਿਲਣ ਕਾਰਨ ਆਲੂ ਉਤਪਾਦਕ ਸਕਤੇ ਵਿਚ ਹਨ | ਰੰਗਲੇ ਪੰਜਾਬ ਦੀਆਂ ਬਾਤਾਂ ਪਾਉਣ ਅਤੇ ਚੁਟਕਲੇ ਸੁਨਾਉਣ ਵਾਲੇ 'ਇਨਕਲਾਬੀ' ਨੂੰ ਇਹ ਪਤਾ ਹੀ ਨਹੀਂ ਕਿ ਕਰਜ਼ਿਆਂ ਦੇ ਭੰਨੇ ਛੋਟੇ ਕਿਸਾਨਾਂ ਦੀ ਜ਼ਿੰਦਗੀ ਚੋਵੀ ਘੰਟੇ ਸੂਲੀ 'ਤੇ ਟੰਗੀ ਰਹਿੰਦੀ ਹੈ | ਕਿਸਾਨ ਆਗੂਆਂ ਨੇ 10 ਏਕੜ ਤੋਂ ਹੇਠਲੇ ਮਾਲਕ ਕਿਸਾਨਾਂ ਦੇ ਹਰ ਕਿਸਮ ਦੇ ਕਰਜ਼ੇ 'ਤੇ ਤੁਰੰਤ ਇਕਦਮ ਲੀਕ ਮਾਰਣ ਦੀ ਜ਼ੋਰਦਾਰ ਮੰਗ ਕੀਤੀ ਹੈ | ਕਿਸਾਨ ਆਗੂਆਂ ਨੇ ਪੀੜਤ ਪਰਿਵਾਰ ਦਾ ਸਾਰਾ ਕਰਜ਼ਾ ਰੱਦ ਕਰਨ, ਯਤੀਮ ਪਰਿਵਾਰ ਨੂੰ ਤੁਰੰਤ ਯੋਗ ਆਰਥਿਕ ਸਹਾਇਤਾ ਦੇਣ, ਗੁਜ਼ਾਰੇ ਲਈ ਯੋਗ ਪੈਨਸ਼ਨ ਦਾ ਪਹਿਲ ਦੇ ਆਧਾਰ 'ਤੇ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਸਾਬਕਾ ਕੌਂਸਲਰ ਮੁਲਖ ਰਾਜ ਸਿੰਘ ਦੀ ਮੌਤ 'ਤੇ ਵੱਖ-ਵੱਖ ਸਿਆਸੀ, ਧਾਰਮਿਕ ਤੇ ਮੁਲਾਜ਼ਮ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ... ਅਗਲੀ ਖ਼ਬਰ ਜੀ. ਐੱਚ. ਜੀ. ਖ਼ਾਲਸਾ ਕਾਲਜ ਸੁਧਾਰ ਨੇ ਪੀ. ਯੂ. ਇੰਟਰ-ਕਾਲਜ (ਲੜਕੇ) ਹਾਕੀ ਟੂਰਨਾਮੈਂਟ 'ਚ ਮਾਰਿਆ ਮੈਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।