ਗੁਰੂਸਰ ਸੁਧਾਰ, 25 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਜੀ.ਐੱਚ.ਜੀ. ਖ਼ਾਲਸਾ ਕਾਲਜ ਗੁਰੂਸਰ ਸੁਧਾਰ ਦੀ ਹਾਕੀ ਟੀਮ ਨੇ ਪੰਜਾਬ ਯੂਨੀਵਰਸਿਟੀ (ਪੀ.ਯੂ.) ਇੰਟਰ-ਕਾਲਜ (ਲੜਕੇ) ਹਾਕੀ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੇਮਿਸਾਲ ਖੇਡ, ਅਨੁਸ਼ਾਸਨ ਅਤੇ ਟੀਮ ਵਰਕ ਸਦਕਾ ਸਾਰੇ ਮੁਕਾਬਲੇ ਜਿੱਤ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਪਹਿਲੇ ਮੈਚ ਵਿਚ ਜੀ.ਐੱਚ.ਜੀ. ਖ਼ਾਲਸਾ ਕਾਲਜ ਸੁਧਾਰ ਨੇ ਐੱਲ.ਐੱਲ.ਆਰ. ਸਰਕਾਰੀ ਕਾਲਜ ਢੁੱਡੀਕੇ ਨੂੰ 16-0 ਨਾਲ ਹਰਾਇਆ, ਜਦਕਿ ਦੂਜੇ ਮੁਕਾਬਲੇ ਵਿਚ ਵੀ ਐੱਸ.ਡੀ. ਕਾਲਜ ਸੈਕਟਰ-32 ਚੰਡੀਗੜ੍ਹ ਨੂੰ 17-0 ਗੋਲਾਂ ਦੇ ਵੱਡੇ ਅੰਤਰ ਨਾਲ ਹਰਾ ਕੇ ਆਪਣੀ ਬਿਹਤਰੀਨ ਫਾਰਮ ਜਾਰੀ ਰੱਖੀ | ਫਾਈਨਲ ਮੈਚ ਵਿਚ ਵੀ ਟੀਮ ਨੇ ਸ਼ਾਨਦਾਰ ਖੇਡ ਦਿਖਾਈ ਅਤੇ ਐੱਸ.ਜੀ.ਜੀ.ਐੱਸ. ਕਾਲਜ ਸੈਕਟਰ-26 ਚੰਡੀਗੜ੍ਹ ਨੂੰ 3-0 ਨਾਲ ਹਰਾਕੇ ਟੂਰਨਾਮੈਂਟ ਦਾ ਖ਼ਿਤਾਬ ਆਪਣੇ ਨਾਮ ਕੀਤਾ | ਟੀਮ ਦੇ ਕੋਚ ਹਰਸਿਮਰਨਜੀਤ ਸਿੰਘ ਦੀ ਰਹਿਨੁਮਾਈ ਅਤੇ ਰਣਨੀਤੀ ਨੇ ਇਸ ਕਾਮਯਾਬੀ ਵਿਚ ਅਹਿਮ ਭੂਮਿਕਾ ਨਿਭਾਈ | ਟੀਮ ਮੈਨੇਜਰ ਕਰਨਵੀਰ ਸਿੰਘ ਨੇ ਵੀ ਟੀਮ ਦੇ ਸੁਚੱਜੇ ਪ੍ਰਬੰਧ ਵਿਚ ਯੋਗਦਾਨ ਪਾਇਆ | ਕਪਤਾਨ ਆਕਾਸ਼ਦੀਪ ਸਿੰਘ ਦੀ ਅਗਵਾਈ ਹੇਠ ਟੀਮ ਨੇ ਇਕਜੁੱਟਤਾ ਅਤੇ ਦਿ੍ੜ ਨਿਸ਼ਚੇ ਨਾਲ ਖੇਡ ਦਿਖਾਈ | ਇਸ ਸ਼ਾਨਦਾਰ ਪ੍ਰਦਰਸ਼ਨ ਦੇ ਨਤੀਜੇ ਵਜੋਂ ਟੀਮ ਦੇ ਆਕਾਸ਼ਦੀਪ ਸਿੰਘ, ਸ਼ਿਵੇਸ਼ ਯਾਦਵ, ਸਤਨਾਮ ਸਿੰਘ, ਜਸਪਾਲ ਸਿੰਘ, ਦਲਵੀਰ ਸਿੰਘ, ਦਲਵਿੰਦਰ ਸਿੰਘ ਖਿਡਾਰੀਆਂ ਦੀ ਚੋਣ ਨਾਰਥ ਜੋਨ ਇੰਟਰ-ਯੂਨੀਵਰਸਿਟੀ ਖੇਡਾਂ ਲਈ ਹੋਈ ਹੈ | ਕਾਲਜ ਪ੍ਰਧਾਨ ਮਨਜੀਤ ਸਿੰਘ ਗਿੱਲ, ਸਕੱਤਰ ਡਾਕਟਰ ਐੱਸ.ਐੱਸ. ਥਿੰਦ, ਕਾਲਜ ਪਿ੍ੰਸੀਪਲ ਇੰਦਰਜੀਤ ਸਿੰਘ ਸਮੇਤ ਪਿ੍ੰਸੀਪਲ ਡਾ. ਪਰਗਟ ਸਿੰਘ ਗਰਚਾ ਕਾਲਜ ਆਫ਼ ਐਜੂਕੇਸ਼ਨ, ਪਿ੍ੰਸੀਪਲ ਡਾ. ਸਤਵਿੰਦਰ ਕੌਰ ਕਾਲਜ ਆਫ਼ ਫਾਰਮੇਸੀ, ਸਮੂਹ ਸਟਾਫ਼, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਟੀਮ ਦੀ ਇਸ ਕਾਮਯਾਬੀ 'ਤੇ ਖੁਸ਼ੀ ਅਤੇ ਮਾਣ ਦਾ ਪ੍ਰਗਟਾਵਾ ਕੀਤਾ ਹੈ |