ਮੁੱਲਾਂਪੁਰ-ਦਾਖਾ, 20 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਪਿਛਲੇ ਦਿਨੀ ਗੈਂਗਸਟਰਾਂ ਦੇ ਆਦੇਸ਼ਾਂ ਨਾਲ ਧਮਕੀ ਭਰੇ ਫਿਰੌਤੀ ਫੋਨ ਅਤੇ ਫਾਇਰਿੰਗ ਮਾਮਲਿਆਂ 'ਚ ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਦੀ ਦਾਖਾ ਪੁਲਿਸ ਅਪਰਾਧੀ ਬਿਰਤੀ ਦੇ ਲੋਕਾਂ ਨੂੰ ਧੜਾ-ਧੜ ਚੁੱਕ ਕੇ ਪੁੱਛਗਿੱਛ ਵਿਚ ਲੱਗੀ ਹੋਈ ਹੈ | ਹਰਿਆਣਾ ਦੀ ਜੇਲ੍ਹ 'ਚ ਪ੍ਰੋਡਕਸ਼ਨ ਵਰੰਟ 'ਤੇ ਲਿਆਂਦੇ ਕੌਸ਼ਲ ਚੌਧਰੀ ਦੁਆਰਾ ਪੁੱਛਗਿੱਛ ਸਮੇਂ ਪੁਲਿਸ ਹੱਥ ਕਾਫ਼ੀ ਸੁਰਾਗ ਲੱਗੇ, ਹੁਣ ਪੁਲਿਸ ਵਲੋਂ ਹਰਿਆਣਾ ਦੀ ਜੇਲ੍ਹ ਦਾ ਇਕ ਹੋਰ ਕੈਦੀ ਗੈਂਗਸਟਰ ਪ੍ਰੋਡਕਸ਼ਨ ਵਰੰਟ 'ਤੇ ਲਿਆ ਹੋਇਆ ਹੈ | ਪੁਲਿਸ ਸਬ-ਡਵੀਜ਼ਨ ਦਾਖਾ ਦੇ ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ ਨਾਲ ਪਿਛਲੇ ਦਿਨਾਂ 'ਚ ਫਾਇਰਿੰਗ/ਫਿਰੌਤੀ ਲਈ ਫੋਨ ਵਾਲੀਆਂ ਘਟਨਾਵਾਂ ਬਾਰੇ ਗੈਂਗਸਟਰਾਂ ਕੋਲੋਂ ਹੋ ਰਹੀ ਪੁਲਿਸ ਪੁੱਛਗਿੱਛ ਬਾਰੇ ਗੱਲ ਹੋਈ, ਉਨ੍ਹਾਂ ਦੱਸਿਆ ਕਿ ਪੁਲਿਸ ਆਪਣੇ ਮਿਸ਼ਨ ਵਿਚ ਲੱਗੀ ਹੋਈ ਹੈ | ਡੀ.ਐੱਸ.ਪੀ ਖੋਸਾ ਦੱਸਿਆ ਕਿ ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਸੀਨੀਅਰ ਪੁਲਿਸ ਕਪਤਾਨ ਡਾ: ਅੰਕੁਰ ਗੁਪਤਾ ਦੇ ਅਦੇਸ਼ਾ ਹੇਠ ਪੁਲਿਸ ਦੇ ਅਪ੍ਰੇਸ਼ਨ ਪਰਹਾਰ ਨੂੰ ਸਫ਼ਲ ਬਣਾਉਣ ਲਈ ਪੁਲਿਸ ਗੈਂਗਸਟਰ ਅਤੇ ਉਨ੍ਹਾਂ ਦੇ ਗੁਰਗਿਆ ਦੀ ਫੜੋ-ਫੜ੍ਹੀ ਛਾਪੇਮਾਰੀ ਕਰ ਰਹੀ ਹੈ | ਡੀ.ਐੱਸ.ਪੀ ਕਿਹਾ ਕਿ ਪੁਲਿਸ ਕਾਰੋਬਾਰੀ/ਵਪਾਰੀ, ਆਮ ਲੋਕਾਂ ਦੀ ਹਿਫ਼ਾਜਤ ਲਈ ਵਚਨਬੱਧ ਹੈ, ਕਿਸੇ ਨੂੰ ਅਮਨ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦੇਵਾਂਗੇ |