ਹੁਸ਼ਿਆਰਪੁਰ, 23 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)- ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੀ ਸਟੇਟ ਬਾਡੀ ਦੇ ਸੱਦੇ ‘ਤੇ ਹੁਸ਼ਿਆਰਪੁਰ ਵਿਖੇ ਡੀ.ਸੀ. ਦਫ਼ਤਰ ਦੇ ਕਾਮਿਆਂ ਵਲੋਂ ਕਲਮਛੋੜ/ਕੰਪਿਊਟਰ ਬੰਦ ਹੜਤਾਲ ਸ਼ੁਰੂ ਕੀਤੀ ਗਈ। ਇਸ ਮੌਕੇ ਸੂਬਾ ਵਾਇਸ ਪ੍ਰਧਾਨ ਦੀਪਕ ਤ੍ਰੇਹਨ ਆਦਿ ਆਗੂਆਂ ਨੇ ਦੱਸਿਆ ਕਿ ਡੀ.ਸੀ. ਦਫ਼ਤਰਾਂ ‘ਚ ਸੀਨੀਅਰ ਸਹਾਇਕ ਦਾ ਪ੍ਰਮੋਸ਼ਨ ਕੋਟਾ 100 ਫ਼ੀਸਦੀ ਕਰਨਾ ਅਤੇ ਖਾਲੀ ਪਈਆਂ ਅਸਾਮੀਆਂ ਨੂੰ ਪ੍ਰਮੋਸ਼ਨ ਰਾਹੀਂ ਭਰਨਾ, ਸੁਪਰਡੈਂਟ ਗ੍ਰੇਡ-2 (ਮਾਲ ਤੇ ਰਿਕਾਰਡ) ਤੋਂ ਤਹਿਸੀਲਦਾਰ ਤਰੱਕੀ ਲਈ ਤਜਰਬਾ ਘਟਾ ਕੇ 2 ਸਾਲ ਕਰਨਾ, ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਪ੍ਰਮੋਸ਼ਨ ਲਈ ਕੋਟਾ ਵਧਾ ਕੇ 25 ਪ੍ਰਤੀਸ਼ਤ ਕਰਨਾ, ਸੁਪਰਡੈਂਟ ਗ੍ਰੇਡ-2 (ਮਾਲ ਤੇ ਰਿਕਾਰਡ) ਤੋਂ ਤਹਿਸੀਲਦਾਰ ਤਰੱਕੀ ਲਈ ਪਹੁੰਚੇ ਪੈਨਲ ਅਨੁਸਾਰ ਤਰੱਕੀਆਂ ਕਰਨਾ, ਤਹਿਸੀਲਾਂ ਵਿਚ ਸੁਪਰਡੈਂਟ (ਮਾਲ ਤੇ ਰਿਕਾਰਡ) ਅਸਾਮੀ ਦੀ ਰਚਨਾ ਕਰਨਾ, ਜ਼ਿਲ੍ਹਾ ਮਾਲ ਅਫ਼ਸਰਾਂ ਦੀਆਂ ਅਦਾਲਤਾਂ ਵਿਚ ਰੀਡਰ ਦੀ ਪੋਸਟ ਸੀਨੀਅਰ ਸਹਾਇਕ ਦੀ ਕਰਨਾ ਅਤੇ ਨਾਲ ਇੱਕ ਅਹਿਲਮਦ (ਕਲਰਕ) ਦੀ ਅਸਾਮੀ ਦੀ ਰਚਨਾ ਕਰਨਾ, ਡੀ.ਸੀ. ਦਫ਼ਤਰਾਂ ਦੇ ਸੁਪਰਡੈਂਟ ਗ੍ਰੇਡ-1 ਦੀ ਅਗਲੀ ਪ੍ਰਮੋਸ਼ਨ ਡਵੀਜ਼ਨ ਪੱਧਰ ਤੇ ਅਧੀਨ ਸਕੱਤਰ ਵਜੋਂ ਕਰਨਾ, ਜਥੇਬੰਦੀ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਤੇ ਥਾਣਾ ਜੰਡਿਆਲਾ ਗੁਰੂ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪੁਲਿਸ ਪਾਰਟੀ ਵਲੋਂ ਅਣਮਨੁੱਖੀ ਵਤੀਰਾ ਕਰਕੇ ਤਸ਼ੱਦਦ ਕਰਨ ਵਾਲੇ ਸਬੰਧਿਤ ਪੁਲਿਸ ਕਰਮੀਆਂ ਖ਼ਿਲਾਫ਼ ਕਾਰਵਾਈ ਕਰਨ ਆਦਿ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਵਾਰ-ਵਾਰ ਵਿੱਤੀ ਕਮਿਸ਼ਨਰ (ਮਾਲ) ਨਾਲ ਹੋਈਆਂ ਮੀਟਿੰਗਾਂ ‘ਚ ਕਿਸੇ ਮੰਗ ਦਾ ਹੱਲ ਨਹੀਂ ਕੀਤਾ ਗਿਆ, ਜਿਸ ਦੇ ਰੋਸ ਵਜੋਂ ਇਹ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।