ਬੀਣੇਵਾਲ, 23 ਜੁਲਾਈ (ਬੈਜ ਚੌਧਰੀ)- ਬਲਾਕ ਗੜ੍ਹਸ਼ੰਕਰ ਦੇ ਜ਼ੋਨ ਗੜ੍ਹੀ ਮਾਨਸੋਵਾਲ ਤੋਂ ਕਾਂਗਰਸ ਪਾਰਟੀ ਦੇ ਸੰਮਤੀ ਮੈਂਬਰ ਕਮਲ ਕਟਾਰੀਆ ਨੇ ਬਲਾਕ ਸੰਮਤੀ ਦੀ ਮੀਟਿੰਗ ਵਿਚ ਹਾਜ਼ਰ ਵਿਧਾਇਕ ਵਲੋਂ ਵਰਤੀ ਗਈ ਸ਼ਬਦਾਵਲੀ ਤੇ ਸਖ਼ਤ ਇਤਰਾਜ਼ ਦਰਜ ਕਰਾਇਆ ਤੇ ਵਿਰੋਧੀ ਧਿਰ ਨੂੰ ਗੈਰ ਲੋਕਤੰਤਰਿਕ ਤਰੀਕੇ ਨਾਲ ਦਬਾਉਣ ਅਤੇ ਵਿਰੋਧੀ ਧਿਰ ਦੇ ਸੰਮਤੀ ਮੈਂਬਰਾਂ ਨੂੰ ਜ਼ਲੀਲ ਕਰਨ ਦੇ ਦੋਸ਼ ਲਗਾਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਮਤੀ ਮੈਂਬਰ ਕਮਲ ਕਟਾਰੀਆ ਨੇ ਕਿਹਾ ਕਿ ਬੀਤੇ ਦਿਨ ਬਲਾਕ ਸੰਮਤੀ ਗੜ੍ਹਸ਼ੰਕਰ ਦੀ ਮੀਟਿੰਗ ਵਿਚ ਸਾਰੇ 25 ਮੈਂਬਰ ਹਾਜ਼ਰ ਸਨ ਤੇ ਵਿਧਾਇਕ ਜੈ ਕਿਸ਼ਨ ਰੌੜੀ ਵੀ ਹਾਜ਼ਰ ਸੀ। ਮੀਟਿੰਗ ਵਿਚ ਵਿਧਾਇਕ ਨੇ ਵਿਰੋਧੀ ਮੈਂਬਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਾਡਾ ਕੋਰਮ ਪੂਰਾ ਹੈ। ਵਿਰੋਧੀ ਪਾਰਟੀਆਂ ਦੇ ਮੈਂਬਰ ਭਾਵੇਂ ਨਾ ਆਇਆ ਕਰਨ ਅਤੇ ਕਿਹਾ ਕਿ ਵਿਰੋਧੀ ਮੈਂਬਰਾਂ ਦਾ ਕੰਮ ਤਾਂ ਪਕੌੜੇ ਖਾਣ ਤਕ ਹੀ ਸੀਮਿਤ ਹੈ। ਬਾਕੀ ਸਾਰਾ ਕੁੱਝ ਮੈਂ ਪਾਸ ਕਰਨਾ ਹੈ। ਜਦ ਭਡਿਆਰ ਜ਼ੋਨ ਤੋਂ ਕਾਂਗਰਸੀ ਮੈਂਬਰ ਸਰਵਣ ਕਸਾਣਾ ਨੇ ਵਿਧਾਇਕ ਤੋਂ ਪੰਡੋਰੀ ਮੈਹਿੰਦਵਾਣੀ ਸੜਕ ਬਣਾਉਣ ਦੀ ਮੰਗ ਕੀਤੀ ਤਾਂ ਅਗੋਂ ਜਵਾਬ ਮਿਲਿਆ ਕਿ ਜੇ ਮੇਰਾ ਦਿਲ ਕੀਤਾ ਤਾਂ ਬਣਾਵਾਂਗਾ ਜੇ ਮੇਰਾ ਦਿਲ ਨ ਕੀਤਾ ਤਾਂ ਨਹੀ ਬਣਾਵਾਂਗਾ। ਇਸ ਤੋਂ ਬਾਅਦ ਜਦ ਕਮਲ ਕਟਾਰੀਆ ਨੇ ਵਿਧਾਇਕ ਦੇ ਰਵੱਈਏ ਦੀ ਮੀਟਿੰਗ ’ਚ ਹੀ ਜ਼ੋਰਦਾਰ ਤਰੀਕੇ ਨਾਲ ਵਿਰੋਧ ਕੀਤਾ ਤਾਂ ਕੁੱਝ ਪਲਾਂ ਲਈ ਮਾਹੌਲ ਤਲਖ਼ ਹੋ ਗਿਆ। ਮੀਟਿੰਗ ਵਿਚ ਹਾਜ਼ਰ ਕਾਂਗਰਸੀ ਮੈਂਬਰ ਸਰਵਣ ਕਸਾਣਾ ਤੇ ਹੋਰ ਮੈਂਬਰਾਂ ਵਲੋਂ ਵੀ ਵਿਧਾਇਕ ਦੇ ਗੈਰ-ਲੋਕਤੰਤਰਿਕ ਵਿਵਹਾਰ ਪ੍ਰਤੀ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ।