ਹੁਸ਼ਿਆਰਪੁਰ, 23 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਬਰਨਾਲਾ ਵਿਖੇ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੇ ਸਫ਼ਾਈ ਸੇਵਕਾਂ ਅਤੇ ਚੌਥੇ ਦਰਜੇ ਦੇ ਮੁਲਾਜ਼ਮਾਂ ‘ਤੇ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਤੋਂ ਬਾਅਦ ਪੂਰੇ ਪੰਜਾਬ ਦੇ ਸਫ਼ਾਈ ਸੇਵਕ ਕਾਮਿਆਂ ‘ਚ ਭਾਰੀ ਰੋਸ ਦੀ ਲਹਿਰ ਫੈਲ ਗਈ ਹੈ। ਇਸ ਘਟਨਾ ਦੇ ਵਿਰੋਧ ‘ਚ ਹੁਸ਼ਿਆਰਪੁਰ ਨਗਰ ਨਿਗਮ ਦਫ਼ਤਰ ਵਿਖੇ ਵੱਖ-ਵੱਖ ਜਥੇਬੰਦੀਆਂ ਨੇ ਰੋਸ ਧਰਨਾ ਲਗਾ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕਰਨਜੋਤ ਆਦੀਆ, ਮੁਲਾਜ਼ਮ ਆਗੂ ਕੁਲਵੰਤ ਸਿੰਘ ਸੈਣੀ ਤੇ ਸਤੀਸ਼ ਰਾਣਾ ਨੇ ਪੁਲਿਸ ਤੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਬਰਨਾਲਾ ਵਿਖੇ ਸਫ਼ਾਈ ਸੇਵਕ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ ਪਰ ਪੁਲਿਸ ਵਲੋਂ ਜਬਰਨ ਕੂੜਾ ਚੁਕਵਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਵਿਰੋਧ ਕਰਨ ‘ਤੇ ਪ੍ਰਦਰਸ਼ਨਕਾਰੀਆਂ ‘ਤੇ ਅਚਾਨਕ ਲਾਠੀਚਾਰਜ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਨੇ ਬੇਰਹਿਮੀ ਨਾਲ ਔਰਤਾਂ ਤੇ ਪੁਰਸ਼ ਸਫ਼ਾਈ ਸੇਵਕਾਂ ‘ਤੇ ਡਾਂਗਾਂ ਵਰ੍ਹਾਈਆਂ, ਜੋ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪੁਲਿਸ ਦੀ ਧੱਕੇਸ਼ਾਹੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਪਹਿਲਾਂ ਕਰਮਚਾਰੀਆਂ ਨੂੰ ਅਨੇਕਾਂ ਸਬਜ਼ਬਾਗ ਦਿਖਾ ਰਹੀ ਸੀ ਪਰ ਸਰਕਾਰ ਬਣਦਿਆਂ ਹੀ ਆਮ ਆਦਮੀ ਪਾਰਟੀ ਦੇ ਤੇਵਰ ਹੋਰ ਹੋ ਗਏ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨਾਲ ਕੀਤੀ ਗਈ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਹ ਵਿਰੋਧ ਹੁਣ ਸੂਬਾ ਪੱਧਰ ‘ਤੇ ਸ਼ੁਰੂ ਹੋਵੇਗਾ।