ਹੁਸ਼ਿਆਰਪੁਰ, 23 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ) - ਬੀਤੀ 21 ਜੁਲਾਈ ਦੀ ਰਾਤ ਪਿੰਡ ਆਨੰਦਗੜ੍ਹ ਦੇ ਆਮ ਆਦਮੀ ਪਾਰਟੀ ਨਾਲ ਸਬੰਧਿਤ ਮੌਜੂਦਾ ਸਰਪੰਚ ਦੀ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਕਤਲ ਵਾਲੇ ਮਾਮਲੇ ਨੂੰ ਹੱਲ ਕਰਦਿਆਂ ਜ਼ਿਲ੍ਹਾ ਪੁਲਿਸ ਨੇ ਨਾਮਜ਼ਦ ਕੀਤੇ 6 ਕਥਿਤ ਦੋਸ਼ੀਆਂ ‘ਚੋਂ 4 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ, ਜਦਕਿ ਫ਼ਰਾਰ 2 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਅੱਜ ਇੱਥੇ ਪੁਲਿਸ ਲਾਈਨ ‘ਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦਿੱਤੀ। ਉਨ੍ਹਾਂ ਦੱਸਿਆ ਕਿ 21 ਜੁਲਾਈ ਦੀ ਰਾਤ ਕਰੀਬ 8:20 ਵਜੇ ਜਦੋਂ ਪਿੰਡ ਆਨੰਦਗੜ੍ਹ ਦੇ ਸਰਪੰਚ ਸਤਪਾਲ ਸਿੰਘ ਉਰਫ਼ ਮਿੰਟੂ ਆਪਣੇ ਘਰ ‘ਚ ਮੌਜੂਦ ਸਨ ਤਾਂ ਰੋਹਿਤ ਪੁੱਤਰ ਸੁਰਿੰਦਰ ਸਿੰਘ ਉਨ੍ਹਾਂ ਕੋਲ ਆਇਆ ਅਤੇ ਦੱਸਿਆ ਕਿ ਕੁੱਝ ਵਿਅਕਤੀ ਉਸ ਦਾ ਪਿੱਛਾ ਕਰ ਰਹੇ ਹਨ ਅਤੇ ਉਸ ਦੀ ਜਾਨ ਨੂੰ ਖ਼ਤਰਾ ਹੈ। ਸਰਪੰਚ ਸਤਪਾਲ ਸਿੰਘ ਨੇ ਰੋਹਿਤ ਨੂੰ ਆਪਣੇ ਘਰ ਅੰਦਰ ਭੇਜ ਦਿੱਤਾ। ਇਸੇ ਦੌਰਾਨ ਹੁੰਡਈ ਗੈਟਜ਼ ਕਾਰ ਨੰਬਰ ਪੀ.ਬੀ. 61ਡੀ- 1936 ‘ਚ ਸਵਾਰ ਹੋ ਕੇ ਕਥਿਤ ਦੋਸ਼ੀਆਂ ਅਨਮੋਲ ਪੁੱਤਰ ਹਰਜੀਤ ਸਿੰਘ ਵਾਸੀ ਸ਼ਾਂਤੀ ਨਗਰ ਅਸਲਾਮਾਬਾਦ, ਅਨਮੋਲ ਉਰਫ਼ ਅੰਕੂ ਪੁੱਤਰ ਬੰਟੀ ਵਾਸੀ ਮਹਿਲਾਂਵਾਲੀ, ਅਨਮੋਲਪ੍ਰੀਤ ਸਿੰਘ ਉਰਫ਼ ਮੌਲਾ ਉਰਫ਼ ਰਮਨ ਪੁੱਤਰ ਦਵਿੰਦਰ ਸਿੰਘ ਵਾਸੀ ਬਸੀ ਮੁਸਤਫ਼ਾ, ਚਰਨਜੀਤ ਸਿੰਘ ਉਰਫ਼ ਗਿਆਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਬਸੀ ਬਾਹੀਆਂ, ਪੰਕਜ ਪਠਾਣੀਆ ਪੁੱਤਰ ਬਿੱਟੂ ਵਾਸੀ ਮਹਿਲਾਂਵਾਲੀ ਤੇ ਵਿਜੈ ਕੁਮਾਰ ਉਰਫ਼ ਭਾਗੂ ਪੁੱਤਰ ਹਜਾਰਾ ਸਿੰਘ ਉਰਫ਼ ਚੰਦੂ ਵਾਸੀ ਜਹਾਨਖੇਲਾਂ, ਜੋ ਹਥਿਆਰਾਂ ਨਾਲ ਲੈਸ ਸਨ, ਨੇ ਸਰਪੰਚ ਸਤਪਾਲ ਸਿੰਘ ਉਰਫ਼ ਮਿੰਟੂ ਨੂੰ ਘੇਰ ਲਿਆ ਅਤੇ ਕਥਿਤ ਦੋਸ਼ੀ ਅਨਮੋਲ ਉਰਫ਼ ਅੰਕੂ ਨੇ ਆਪਣੇ ਦਸਤੀ ਖੰਡੇ ਨਾਲ ਸਰਪੰਚ ਦੇ ਸਿਰ ‘ਤੇ ਵਾਰ ਕੀਤਾ। ਇਸ ਦੌਰਾਨ ਕਾਰ ਚਾਲਕ ਅਨਮੋਲ ਪੁੱਤਰ ਹਰਜੀਤ ਸਿੰਘ ਨੇ ਆਪਣੀ ਕਾਰ ਸਰਪੰਚ ਸਤਪਾਲ ਸਿੰਘ ‘ਚ ਮਾਰ ਦਿੱਤੀ, ਜਿਸ ਨਾਲ ਉਹ ਜ਼ਮੀਨ ‘ਤੇ ਡਿੱਗ ਪਿਆ ਤੇ ਦੋਸ਼ੀ ਨੇ ਕਾਰ ਨੂੰ 2-3 ਵਾਰ ਸਰਪੰਚ ‘ਤੇ ਚੜ੍ਹਾਇਆ। ਇਸ ਦੌਰਾਨ ਕਥਿਤ ਦੋਸ਼ੀ ਪੰਕਜ ਪਠਾਣੀਆ ਵੀ ਕਿਰਪਾਨ ਸਮੇਤ ਮੌਕੇ ‘ਤੇ ਪਹੁੰਚ ਗਿਆ ਤੇ ਸਾਰੇ ਦੋਸ਼ੀਆਂ ਨੇ ਹਥਿਆਰਾਂ ਨਾਲ ਸਰਪੰਚ ਸਤਪਾਲ ਸਿੰਘ ‘ਤੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਕੀਤਾ। ਉਨ੍ਹਾਂ ਦੱਸਿਆ ਕਿ ਮੁਹੱਲਾ ਵਾਸੀਆਂ ਦੇ ਇਕੱਠੇ ਹੋਣ ‘ਤੇ ਕਥਿਤ ਦੋਸ਼ੀ ਕੁੱਝ ਹਥਿਆਰਾਂ ਅਤੇ ਉਕਤ ਕਾਰ ਨੂੰ ਮੌਕੇ ‘ਤੇ ਛੱਡ ਕੇ ਫ਼ਰਾਰ ਹੋ ਗਏ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸਰਪੰਚ ਸਤਪਾਲ ਸਿੰਘ ਉਰਫ਼ ਮਿੰਟੂ ਦਾ ਲੜਕਾ ਰੋਹਿਤ ਜਦੋਂ ਉਸ ਨੂੰ ਜ਼ਖ਼ਮੀ ਹਾਲਤ ‘ਚ ਸਿਵਲ ਹਸਪਤਾਲ ਹੁਸ਼ਿਆਰਪੁਰ ਲੈ ਕੇ ਜਾ ਰਿਹਾ ਸੀ ਤਾਂ ਰਸਤੇ ‘ਚ ਪਿੰਡ ਅਲਾਹਾਬਾਦ ਨਰਸਰੀ ਨਜ਼ਦੀਕ ਕਥਿਤ ਦੋਸ਼ੀ ਵਿਜੈ ਕੁਮਾਰ ਉਰਫ਼ ਭਾਗੂ ਨੇ ਸਾਕੀਆਂ ਸਮੇਤ ਬੋਲੈਰੋ ਗੱਡੀ ‘ਚ ਉਨ੍ਹਾਂ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਤਰ੍ਹਾਂ ਰੋਹਿਤ ਉਨ੍ਹਾਂ ਤੋਂ ਬਚ ਕੇ ਥਾਣਾ ਸਦਰ ਹੁਸ਼ਿਆਰਪੁਰ ਪਹੁੰਚਿਆ ਤੇ ਪੁਲਿਸ ਦੀ ਮਦਦ ਨਾਲ ਸਤਪਾਲ ਸਿੰਘ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸਰਪੰਚ ਸਤਪਾਲ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸਰਪੰਚ ਸਤਪਾਲ ਮਿੰਟੂ ਦੇ ਲੜਕੇ ਰੋਹਿਤ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਨ ਉਪਰੰਤ ਕਥਿਤ ਦੋਸ਼ੀ ਅਨਮੋਲ ਪੁੱਤਰ ਹਰਜੀਤ ਸਿੰਘ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਪੁਲਿਸ ਟੀਮਾਂ ਵਲੋਂ ਲਗਾਤਾਰ ਛਾਪੇਮਾਰੀ ਕਰਕੇ ਅਨਮੋਲ ਉਰਫ਼ ਅੰਕੂ, ਅਨਮੋਲਪ੍ਰੀਤ ਸਿੰਘ ਉਰਫ਼ ਮੌਲਾ ਉਰਫ਼ ਰਮਨ ਤੇ ਚਰਨਜੀਤ ਸਿੰਘ ਉਰਫ਼ ਗਿਆਨੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਵਲੋਂ ਵਾਰਦਾਤ ਦੌਰਾਨ ਵਰਤੀ ਗਈ ਉਕਤ ਹੁੰਡਈ ਗੈਟਜ਼ ਕਾਰ ਨੂੰ ਵੀ ਬਰਾਮਦ ਕਰਕੇ ਕਬਜ਼ੇ ‘ਚ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫ਼ਰਾਰ ਕਥਿਤ ਦੋਸ਼ੀਆਂ ਪੰਕਜ ਪਠਾਣੀਆਂ ਤੇ ਵਿਜੈ ਕੁਮਾਰ ਉਰਫ਼ ਭਾਗੂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਤੋਂ ਸਾਰੇ ਪੱਖਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।