ਚੱਬੇਵਾਲ, 23 ਜੁਲਾਈ (ਰਾਜੀਵ ਭਾਰਦਵਾਜ)- ਕਸਬਾ ਚੱਬੇਵਾਲ ਦੇ ਨਜ਼ਦੀਕੀ ਪਿੰਡ ਚੱਗਰਾਂ ਵਿਖੇ ਦੂਸਰੀ ਵਾਰ ਹੋਏ ਲੱਖਾਂ ਦੇ ਦਰੱਖਤਾਂ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ । ਪੰਚਾਇਤੀ ਜ਼ਮੀਨ ਵਿਚੋਂ ਦੂਸਰੀ ਵਾਰ ਚੋਰੀ ਹੋਏ ਦਰਜਨ ਤੋਂ ਵੱਧ ਸਫ਼ੈਦਿਆਂ ਦੇ ਮਾਮਲੇ ਵਿਚ ਪਿੰਡ ਦੀ ਪੰਚਾਇਤ ਵੱਲੋਂ ਥਾਣਾ ਪੁਲਿਸ ਚੱਬੇਵਾਲ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਪਰ ਚੱਬੇਵਾਲ ਪੁਲਿਸ ਦੁਆਰਾ ਕੋਈ ਕਾਰਵਾਈ ਨਹੀਂ ਕੀਤੀ ਗਈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੱਗਰਾਂ ਦੇ ਸ਼ਮਸ਼ਾਨਘਾਟ ਕੋਲ ਦਰਜਨ ਤੋਂ ਵੱਧ ਸਫ਼ੈਦੇ ਕੱਟ ਕੇ ਵੇਚ ਦਿੱਤੇ ਗਏ ਅਤੇ ਪੰਚਾਇਤ ਜਦੋਂ ਬਾਅਦ ਵਿਚ ਪਤਾ ਲੱਗਾ ਤਾਂ ਪੰਚਾਇਤ ਨੇ ਥਾਣਾ ਪੁਲਿਸ ਚੱਬੇਵਾਲ ਨੂੰ ਸ਼ਿਕਾਇਤ ਕੀਤੀ ਪਰ ਥਾਣਾ ਚੱਬੇਵਾਲ ਪੁਲਿਸ ਨੇ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਪਿੰਡ ਚੱਗਰਾਂ ਦੀ ਪੰਚਾਇਤ ਦੀ ਜ਼ਮੀਨ ਵਿਚੋਂ ਇੱਕ ਕਿੱਕਰ ਦਾ ਦਰੱਖਤ ਚੋਰੀ ਹੋਇਆ ਸੀ । ਉਸ ਵੱਡੀ ਹੋਈ ਕਿੱਕਰ ਨੂੰ ਥਾਣਾ ਚੱਬੇਵਾਲ ਦੀ ਪੁਲਿਸ ਵੱਲੋਂ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਸੀ ਪਰ ਕਾਰਵਾਈ ਦੇ ਮਾਮਲੇ ’ਚ ਉੱਥੇ ਵੀ ਚੁੱਪ ਹੀ ਰਹੀ। ਪਿੰਡ ਚੱਗਰਾਂ ਦੇ ਲੋਕਾਂ ’ਚ ਇਹ ਆਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਚੱਬੇਵਾਲ ਪੁਲਿਸ ਆਖ਼ਰ ਮਾਮਲੇ ਨੂੰ ਕਿਉਂ ਦਬਾ ਰਹੀ ਹੈ। ਲੋਕ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਕਹਿੰਦੇ ਹਨ ਕਿ ਉਹ ਸਾਹਮਣੇ ਇਸ ਲਈ ਨਹੀਂ ਆਉਂਦੇ ਕਿ ਸਰਕਾਰੀ ਦਬਾਅ ਦੇ ਚੱਲਦੇ ਪੁਲਿਸ ਵੱਲੋਂ ਦਰੱਖਤ ਚੋਰਾਂ ’ਤੇ ਪਰਚਾ ਕਰਨ ਦੀ ਬਜਾਏ ਉਨ੍ਹਾਂ ਦੇ ਖ਼ਿਲਾਫ਼ ਹੀ ਕੋਈ ਨਾਜਾਇਜ਼ ਪਰਚਾ ਨਾ ਕਰ ਦਿੱਤਾ ਜਾਵੇ। ਇਸ ਸੰਬੰਧੀ ਪਿੰਡ ਚੱਗਰਾਂ ਦੀ ਸਰਪੰਚ ਰੀਨਾ ਕੁਮਾਰੀ ਨੇ ਦੱਸਿਆ ਕਿ ਪੰਚਾਇਤ ਵੱਲੋਂ ਚੱਬੇਵਾਲ ਪੁਲਿਸ ਥਾਣੇ ਵਿਚ ਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਵਿਚ ਦਰੱਖਤਾਂ ਦੀ ਚੋਰੀ ਦੇ ਦੋਸ਼ੀ ਦਾ ਨਾਮ ਲਿਖ ਕੇ ਸ਼ਿਕਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਥਾਣਾ ਚੱਬੇਵਾਲ ਦੇ ਇੰਚਾਰਜ ਨੂੰ ਮੌਕਾ ਵੀ ਦਿਖਾਇਆ ਗਿਆ ਸੀ ਅਤੇ ਸ਼ਿਕਾਇਤ ਦੇ ਨਾਲ ਫ਼ਰਦ ਦੀ ਕਾਪੀ ਵੀ ਲਗਾਈ ਗਈ ਸੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਸਰਪੰਚ ਰੀਨਾ ਕੁਮਾਰੀ ਨੇ ਚੱਬੇਵਾਲ ਪੁਲਿਸ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ, ਜਦਕਿ ਉਨ੍ਹਾਂ ਦੀ ਪੂਰੀ ਪੰਚਾਇਤ ਥਾਣੇ ਜਾ ਕੇ ਵੀ ਪੁਲਿਸ ਨੂੰ ਕਾਰਵਾਈ ਲਈ ਬੇਨਤੀ ਕਰ ਚੁੱਕੀ ਹੈ। ਇਸ ਕੇਸ ਨੂੰ ਦੇਖ ਰਹੇ ਏ.ਐਸ.ਆਈ. ਪਰਮਜੀਤ ਸਿੰਘ ਨੂੰ ਬਾਰ ਬਾਰ ਫ਼ੋਨ ਕੀਤਾ ਗਿਆ ਪਰ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ। ਇਸ ਸੰਬੰਧੀ ਥਾਣਾ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਵਿਚ ਤਫ਼ਤੀਸ਼ ਕਰ ਰਹੀ ਤੇ ਜਲਦ ਹੀ ਤਫ਼ਤੀਸ਼ ਪੂਰੀ ਹੋਣ ’ਤੇ ਐੱਸ.ਐੱਸ.ਪੀ. ਦੇ ਹੁਕਮਾਂ ਅਨੁਸਾਰ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ।