ਸਵੇਰ ਤੋਂ ਲਾਈਨਾਂ ’ਚ ਖੜ੍ਹੇ ਲੋਕ ਹੋਏ ਭਾਰੀ ਖ਼ੱਜਲ਼ ਖ਼ੁਆਰ
ਹੁਸ਼ਿਆਰਪੁਰ, 23 ਜੂਨ (ਨਰਿੰਦਰ ਸਿੰਘ ਬੱਡਲਾ)-ਇਕ ਪਾਸੇ ਸਰਕਾਰਾਂ ਦੇਸ਼ ਨੂੰ ਡਿਜੀਟਲ ਇੰਡੀਆ ਬਣਾਉਣ ਦੇ ਦਾਅਵੇ ਕਰ ਰਹੀਆਂ ਹਨ ਤੇ ਲੋਕਾਂ ਨੂੰ ਇਹ ਪ੍ਰੇਰਿਆ ਜਾ ਰਿਹਾ ਹੈ ਵੱਧ ਤੋਂ ਵੱਧ ਕੰਮ ਡਿਜੀਟਲ ਤਰੀਕੇ ਨਾਲ ਕੀਤਾ ਜਾਵੇ ਪਰ ਦੂਸਰੇ ਪਾਸੇ ਹਾਲਾਤ ਇਹ ਬਣੇ ਹੋਏ ਹਨ ਕਿ ਖ਼ੁਦ ਸਰਕਾਰੀ ਅਦਾਰੇ ਡਿਜੀਟਲ ਇੰਡੀਆ ਦੇ ਮਿਆਰ ’ਤੇ ਪੂਰਾ ਨਹੀਂ ਉਤਰ ਰਹੇ। ਜਿਸ ਦੇ ਚੱਲਦਿਆਂ ਕਈ ਵਾਰ ਲੋਕਾਂ ਨੂੰ ਭਾਰੀ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈਦਾ ਹੈ। ਅਜਿਹੀ ਹੀ ਇਕ ਸਮੱਸਿਆ ਸਾਹਮਣੇ ਆਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਸਥਿਤ ਸੇਵਾ ਕੇਂਦਰ ਦਾ ਸਰਵਰ ਘੰਟਿਆਂ ਬੱਧੀ ਡਾਊਨ ਰਿਹਾ ਅਤੇ ਸਵੇਰ ਤੋਂ ਲਾਈਨਾਂ ’ਚ ਖੜ੍ਹੇ ਲੋਕ ਕੰਮ ਕਰਵਾਉਣ ਲਈ ਖੱਜਲ ਖ਼ੁਆਰ ਹੁੰਦੇ ਰਹੇ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸੇਵਾ ਕੇਂਦਰ ਹੁਸ਼ਿਆਰਪੁਰ ’ਚ ਅੱਜ ਉਸ ਸਮੇਂ ਸਥਿਤੀ ਹੰਗਾਮੇ ਵਾਲੀ ਬਣ ਗਈ ਜਦੋਂ ਸਵੇਰ ਸਾਰ ਤੋਂ ਸਰਵਰ ਡਾਊਨ ਹੋਣ ਕਾਰਨ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ। ਚੜ੍ਹਦੀ ਸਵੇਰ ਤੋਂ ਹੀ ਲੋਕ ਲਾਈਨਾਂ ’ਚ ਖੜ੍ਹੇ ਹੋਣੇ ਸ਼ੁਰੂ ਹੋ ਗਏ ਅਤੇ ਟੋਕਨ ਲੈ ਕੇ ਆਪਣੀ ਵਾਰੀ ਦੀ ਉਡੀਕ ਕਰਨ ਲੱਗੇ। ਸੇਵਾ ਕੇਂਦਰ ਦੇ ਮੁਲਾਜ਼ਮਾਂ ਅਨੁਸਾਰ ਸੇਵਾ ਕੇਂਦਰ ਦਾ ਸਰਵਰ ਡਾਊਨ ਹੈ ਤੇ ਜਲਦ ਹੀ ਚੱਲ ਪਵੇਗਾ ਪਰ ਜਦੋਂ ਦੁਪਹਿਰ ਤੱਕ ਸਰਵਰ ਨਹੀਂ ਚੱਲਿਆ ਤਾਂ ਲੋਕਾਂ ਦਾ ਸਬਰ ਟੁੱਟਣ ਲੱਗਾ ਅਤੇ ਸਥਿਤੀ ਹੰਗਾਮੇ ਵਰਗੀ ਬਣ ਗਈ। ਸਭ ਤੋਂ ਮਾੜੀ ਗੱਲ ਇਹ ਕਿ ਕੰਮ ਕਰਵਾਉਣ ਆਏ ਲੋਕਾਂ ਦੀ ਘੰਟਿਆਂ ਬੱਧੀ ਕੋਈ ਸੁਣਵਾਈ ਨਹੀਂ ਹੋਈ ਜਿਸ ਦੇ ਚੱਲਦਿਆਂ ਲੋਕਾਂ ’ਚ ਭਾਰੀ ਨਾਰਾਜ਼ਗੀ ਦੇਖਣ ਨੂੰ ਮਿਲੀ। ਲੋਕਾਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਉਹ ਸਵੇਰ ਤੋਂ ਲਾਈਨਾਂ ’ਚ ਖੜ੍ਹੇ ਹਨ ਤੇ ਇੱਥੋਂ ਤੱਕ ਕਿ ਕੁੱਝ ਲੋਕਾਂ ਨੂੰ ਜ਼ਰੂਰੀ ਕਾਗ਼ਜ਼ਾਤ ਚਾਹੀਦੇ ਸਨ ਪਰ ਉਨ੍ਹਾਂ ਦਾ ਕੋਈ ਕੰਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸਵੇਰ ਤੋਂ ਖੜ੍ਹੇ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਇਹ ਕਿਹਾ ਜਾ ਰਿਹਾ ਦੁਬਾਰਾ ਟੋਕਨ ਲੈ ਕੇ ਲਾਈਨਾਂ ਵਿਚ ਲੱਗਣ। ਲੋਕਾਂ ਨੇ ਕਿਹਾ ਕਿ ਨਾ ਸਿਰਫ਼ ਇਹ ਮੁੱਖ ਸੇਵਾ ਕੇਂਦਰ ਬਲਕਿ ਕਿਸੇ ਹੋਰ ਸੇਵਾ ਕੇਂਦਰ ’ਤੇ ਵੀ ਕੰਮ ਨਹੀਂ ਹੋ ਰਹੇ। ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਲੋਕਾਂ ਨੇ ਮੰਗ ਕੀਤੀ ਕਿ ਜੇਕਰ ਡਿਜੀਟਲ ਇੰਡੀਆ ਬਣਾਉਣਾ ਹੈ ਤਾਂ ਫਿਰ ਇਸ ਲਈ ਮੁਕੰਮਲ ਸਾਧਨ ਵੀ ਮੁਹੱਈਆ ਕਰਵਾਏ ਜਾਣ। ਇਸ ਮੌਕੇ ਜਦੋਂ ਸੇਵਾ ਕੇਂਦਰ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਤਕਨੀਕੀ ਨੁਕਸ ਦਾ ਬਹਾਨਾ ਲਗਾ ਕੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਘੰਟਿਆਂ ਬੱਧੀ ਸੇਵਾ ਕੇਂਦਰਾਂ ਦੇ ਸਰਵਰ ਡਾਊਨ ਚੱਲਣ ਕਾਰਨ ਕੰਮਕਾਰ ਰਿਹਾ ਪੂਰੀ ਤਰ੍ਹਾਂ ਠੱਪ
ਅਜੀਤ ਡੈਸਕ
24-06-2026