ਹੁਸ਼ਿਆਰਪੁਰ, 31 ਮਾਰਚ (ਹਰਪ੍ਰੀਤ ਕੌਰ)-ਮੱਧ ਪੂਰਬੀ ਖੇਤਰ 'ਚ ਈਰਾਨ, ਇਜ਼ਰਾਈਲ ਤੇ ਅਮਰੀਕਾ ਦਰਮਿਆਨ ਚੱਲ ਰਹੀ ਜੰਗ ਦਾ ਅਸਰ ਹੁਣ ਦਵਾਈ ਇੰਡਸਟਰੀ 'ਤੇ ਵੀ ਵਿਖਾਈ ਦੇਣ ਲੱਗਿਆ ਹੈ | ਪਿਛਲੇ ਤਿੰਨ ਹਫ਼ਤਿਆਂ ਤੋਂ ਦਵਾਈਆਂ ਦੇ ਨਿਰਮਾਣ ਵਿਚ ਇਸਤੇਮਾਲ ਹੋਣ ਵਾਲੇ ਚੱਕੇ ਮਾਲ ਦੀਆਂ ਕੀਮਤਾਂ 'ਚ ਕਰੀਬ 20 ਫ਼ੀਸਦੀ ਤੱਕ ਤੇਜ਼ੀ ਆਈ ਹੈ | ਇਸ ਵਿਚ ਪੈਰਾਸਿਟਾਮੋਲ ਅਤੇ ਆਈ. ਵੀ. ਫਲਿਊਡ ਦੀਆਂ ਕੀਮਤਾਂ ਵਿਚ ਤੇਜ਼ੀ ਦਰਜ ਕੀਤੀ ਗਈ ਹੈ ਜੋ ਚਿੰਤਾ ਦਾ ਵਿਸ਼ਾ ਹੈ ਜਦੋਂਕਿ ਹੋਰਨਾਂ ਦਵਾਈਆਂ ਵਿਚ ਵੀ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ | ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਕਪੂਰ ਨੇ ਦੱਸਿਆ ਕਿ ਆਈ.ਵੀ ਫਲਿਊਡ ਦੀ ਕੀਮਤ ਵਿਚ ਭਾਰੀ ਵਾਧਾ ਹੋਇਆ ਹੈ | ਹਰੇਕ ਕੰਪਨੀ ਵਲੋਂ 2 ਰੁਪਏ ਤੋਂ ਲੈ ਕੇ 2.75 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ, ਜਿਸ ਦਾ ਬੋਝ ਮਰੀਜ਼ਾਂ 'ਤੇ ਪਵੇਗਾ | ਰਮਨ ਕਪੂਰ ਨੇ ਕਿਹਾ ਕਿ ਜੰਗ ਕਾਰਨ ਯੂਰਪ ਤੋਂ ਆਉਣ ਵਾਲਾ ਕੱਚਾ ਮਾਲ ਨਹੀਂ ਆ ਰਿਹਾ, ਹਾਲਾਂਕਿ ਚੀਨ ਤੋਂ ਕੱਚਾ ਮਾਲ ਆ ਰਿਹਾ ਹੈ ਪਰ ਉਸ ਵਿਚ ਵੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਜਦੋਂਕਿ ਚੀਨ ਭਾਰਤ ਦੀਆਂ ਦਵਾਈ ਕੰਪਨੀਆਂ ਲਈ ਸਭ ਤੋਂ ਵੱਡਾ ਕੱਚਾ ਮਾਲ ਸਪਲਾਈ ਕਰਨ ਵਾਲਾ ਦੇਸ਼ ਹੈ | ਸਪਲਾਈ ਵਿਚ ਰੁਕਾਵਟ ਕਾਰਨ ਘਰੇਲੂ ਉਤਪਾਦਨ 'ਤੇ ਵੀ ਦਬਾਅ ਵਧਿਆ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਦਵਾਈਆਂ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਗ੍ਰਾਹਕਾਂ ਦੀ ਜੇਬ 'ਤੇ ਪੈ ਸਕਦਾ ਹੈ | ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਨਵੇਂ ਬੈਚ ਦੀਆਂ ਆਉਣ ਵਾਲੀਆਂ ਦਵਾਈਆਂ ਦੀਆਂ ਕੀਮਤਾਂ 'ਚ 15 ਤੋਂ 20 ਫ਼ੀਸਦੀ ਤੱਕ ਵਾਧਾ ਹੋ ਸਕਦਾ ਹੈ | ਉਦਯੋਗ ਦੇ ਅੰਕੜਿਆਂ ਮੁਤਾਬਿਕ ਕਈ ਅਹਿਮ ਕੱਚੇ ਮਾਲ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਉਛਾਲ ਆਇਆ ਹੈ | ਦਵਾਈ ਕੰਪਨੀਆਂ ਨੇ ਸਰਕਾਰ ਤੋਂ ਦਵਾਈਆਂ ਦੀਆਂ ਕੀਮਤਾਂ ਵਧਾਉਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ | ਰਮਨ ਕਪੂਰ ਨੇ ਕਿਹਾ ਕਿ ਫ਼ਾਰਮਾਸਿਟੀਕਲ ਕੰਪਨੀਆਂ ਸਰਕਾਰ ਨਾਲ ਲਗਾਤਾਰ ਸੰਪਰਕ ਵਿਚ ਹਨ | ਪਰ ਉਨ੍ਹਾਂ ਸਪਸ਼ਟ ਕੀਤਾ ਕਿ ਆਉਣ ਵਾਲ ਸਮੇਂ 'ਚ ਕਈ ਜੀਵਨ ਰੱਖਿਅਕ ਦਵਾਈਆਂ ਮਹਿੰਗੀਆਂ ਹੋ ਜਾਣਗੀਆਂ |