ਹੁਸ਼ਿਆਰਪੁਰ, 31 ਮਾਰਚ (ਬਲਜਿੰਦਰਪਾਲ ਸਿੰਘ)-ਬਹੁਜਨ ਸਮਾਜ ਪਾਰਟੀ ਵਲੋਂ ਦਿਨੇਸ਼ ਕੁਮਾਰ ਪੱਪੂ ਸਾਬਕਾ ਸਕੱਤਰ ਬਸਪਾ ਪੰਜਾਬ ਤੇ ਸ਼ਹਿਰੀ ਪ੍ਰਧਾਨ ਵਰਿੰਦਰ ਵੱਧਣ ਦੀ ਅਗਵਾਈ 'ਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਆਗੂਆਂ ਨੇ ਦੱਸਿਆ ਕਿ ਮੁਕੇਸ਼ ਕੁਮਾਰ ਦਾ ਈ-ਰਿਕਸ਼ਾ 17 ਫਰਵਰੀ ਨੂੰ ਮਾਡਲ ਟਾਊਨ ਦੇ ਇਲਾਕੇ 'ਚੋਂ ਚੋਰੀ ਹੋਇਆ ਸੀ ਤੇ ਮੁਕੇਸ਼ ਕੁਮਾਰ ਨੇ ਖ਼ੁਦ ਭਾਲ ਕਰਦਿਆਂ ਇਨ੍ਹਾਂ 2 ਕਥਿਤ ਚੋਰਾਂ ਨੂੰ ਫੜ੍ਹ ਕੇ ਥਾਣਾ ਮਾਡਲ ਟਾਊਨ ਪੁਲਿਸ ਹਵਾਲੇ ਕਰ ਦਿੱਤਾ ਸੀ, ਪਰ ਪੁਲਿਸ ਵਲੋਂ ਕਥਿਤ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ | ਪੁਲਿਸ ਨੇ ਕਥਿਤ ਚੋਰਾਂ ਤੋਂ ਈ.ਰਿਕਸ਼ਾ ਦਾ ਢਾਂਚਾ ਵੀ ਬਰਾਮਦ ਕੀਤਾ ਸੀ ਅਤੇ ਚੋਰਾਂ ਨੇ ਦੱਸਿਆ ਸੀ ਕਿ ਉਨ੍ਹਾਂ ਈ.ਰਿਕਸ਼ੇ ਦਾ ਸਾਮਾਨ ਵੱਖ-ਵੱਖ ਦੁਕਾਨਾਂ 'ਤੇ ਵੇਚਿਆ ਸੀ, ਪ੍ਰੰਤੂ ਪੁਲਿਸ ਨੇ ਇਹ ਸਾਮਾਨ ਵੀ ਰਿਕਵਰ ਨਹੀਂ ਕੀਤਾ | ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਵਲੋਂ ਮੁਕੇਸ਼ ਕੁਮਾਰ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਈ.ਰਿਕਸ਼ੇ ਦਾ ਢਾਂਚਾ ਥਾਣੇ 'ਚੋਂ ਚੁੱਕ ਕੇ ਲੈ ਜਾਵੇ | ਉਨ੍ਹਾਂ ਕਿਹਾ ਕਿ ਪਤਾ ਲੱਗਣ ਦੇ ਬਾਵਜੂਦ ਵੀ ਪੁਲਿਸ ਵਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ | ਬਸਪਾ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 1 ਹਫ਼ਤੇ 'ਚ ਮੁਕੇਸ਼ ਕੁਮਾਰ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਮਿੰਨੀ ਸਕੱਤਰੇਤ ਸਾਹਮਣੇ ਪੱਕਾ ਧਰਨਾ ਲਗਾਇਆ ਜਾਵੇਗਾ | ਇਸ ਮੌਕੇ ਬਸਪਾ ਆਗੂ ਸਤੀਸ਼ ਪਾਲ, ਵਿਜੈ ਕੁਮਾਰ ਬਸੀ ਖਵਾਜੂ, ਪਲਵਿੰਦਰ ਮਾਹਿਲਪੁਰ, ਸੰਜੀਵ ਕੁਮਾਰ ਲਾਡੀ, ਅਸ਼ੋਕ ਕੁਮਾਰ, ਸੁਰਿੰਦਰ ਸਿੰਘ ਦਿਆਲ, ਚੰਦਨ ਮਿੱਤਲ, ਆਕਾਸ਼ ਮਿੱਤਲ, ਸੁਖਵਿੰਦਰ ਸਿੰਘ, ਧਰਮਪਾਲ ਤੇ ਪਿਆਰਾ ਲਾਲ ਆਦਿ ਹਾਜ਼ਰ ਸਨ |
ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਬਸਪਾ ਵਲੋਂ ਪੁਤਲਾ ਫੂਕ ਪ੍ਰਦਰਸ਼ਨ <br/>
ਅਜੀਤ ਡੈਸਕ
01-04-2026