25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਬੇਮੌਸਮੇ ਮੀਹਾਂ ਕਾਰਨ ਜ਼ਿਲ੍ਹੇ 'ਚ ਕਣਕ ਦੀ ਵਾਢੀ ਪੱਛੜਣ ਦੇ ਬਣੇ ਆਸਾਰ <br/>

ਅਜੀਤ ਡੈਸਕ 01-04-2026

ਹੁਸ਼ਿਆਰਪੁਰ, 31 ਮਾਰਚ (ਬਲਜਿੰਦਰਪਾਲ ਸਿੰਘ)-ਬੇਸ਼ੱਕ ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਮੰਡੀਆਂ 'ਚ 1 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਪਰ ਹੁਸ਼ਿਆਰਪੁਰ ਦੀ ਮੁੱਖ ਦਾਣਾ ਮੰਡੀ ਅਤੇ ਫੋਕਲ ਪੁਆਇੰਟਾਂ 'ਚ ਕਣਕ ਦੀ ਖ਼ਰੀਦ ਨੂੰ ਲੈ ਕੇ ਅਜੇ ਕੋਈ ਖ਼ਾਸ ਹਲਚਲ ਨਹੀਂ ਦਿਖਾਈ ਦੇ ਰਹੀ | ਇਕ ਪਾਸੇ ਬੇਮੌਸਮੇ ਪਏ ਮੀਹਾਂ ਦੇ ਚੱਲਦਿਆਂ ਪਹਿਲਾਂ ਹੀ ਵਾਢੀ ਦਾ ਕੰਮ ਪੱਛੜ ਕੇ ਸ਼ੁਰੂ ਹੋਵੇਗਾ, ਦੂਸਰੇ ਪਾਸੇ ਦੋਆਬੇ ਦੇ ਖੇਤਰ 'ਚ ਪਹਿਲਾਂ ਵੀ ਵਾਢੀ ਹੋਰਨਾਂ ਖੇਤਰਾਂ ਨਾਲੋਂ ਪਿਛੇਤੀ ਸ਼ੁਰੂ ਹੁੰਦੀ ਹੈ ਅਤੇ ਮੰਡੀਆਂ 'ਚ ਕਣਕ ਦੀ ਖ਼ਰੀਦੋ-ਫ਼ਰੋਖ਼ਤ ਦਾ ਕੰਮ 20 ਅਪ੍ਰੈਲ ਤੋਂ ਬਾਅਦ ਹੀ ਜ਼ੋਰ ਫੜ੍ਹਦਾ ਹੈ | ਅੱਜ ਜਦੋਂ ਮੁੱਖ ਦਾਣਾ ਮੰਡੀ ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਮੰਡੀ 'ਚ ਕੁੱਝ ਪੁਰਾਣੀ ਕਣਕ ਤੇ ਮੱਕੀ ਜ਼ਰੂਰ ਵਿਕਣ ਨੂੰ ਆਈ ਹੋਈ ਸੀ, ਪ੍ਰੰਤੂ ਕਿਧਰੇ ਵੀ ਨਵੀਂ ਕਣਕ ਦੀ ਆਮਦ ਦਾ ਸੰਕੇਤ ਨਹੀਂ ਦਿਖਾਈ ਦਿੱਤਾ | ਇਸ ਮੌਕੇ ਜ਼ਿਲ੍ਹਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਧੀਰ ਸੂਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਹੁਸ਼ਿਆਰਪੁਰ ਦੇ ਚੇਅਰਮੈਨ ਜਸਪਾਲ ਸਿੰਘ ਚੇਚੀ ਵਲੋਂ ਖ਼ਰੀਦ ਏਜੰਸੀਆਂ ਤੇ ਆੜ੍ਹਤੀਆਂ ਨਾਲ ਮੀਟਿੰਗ ਕਰਕੇ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਹੈ | ਸੁਧੀਰ ਸੂਦ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ 'ਚ ਪਹਿਲਾਂ ਵੀ ਕਣਕ ਦੀ ਖ਼ਰੀਦ ਦਾ ਕੰਮ ਕਰੀਬ 20 ਅਪ੍ਰੈਲ ਤੋਂ ਬਾਅਦ ਹੀ ਸ਼ੁਰੂ ਹੁੰਦਾ ਰਿਹਾ ਹੈ ਤੇ ਇਸ ਵਾਰ ਕਣਕ ਦੀ ਵਾਢੀ ਦਾ ਕੰਮ ਕੁੱਝ ਹੋਰ ਪੱਛੜ ਜਾਣ ਦੇ ਆਸਾਰ ਹਨ ਅਤੇ ਮੰਡੀਆਂ 'ਚ ਕਣਕ ਦੀ ਖ਼ਰੀਦ ਵੀ ਦੇਰੀ ਨਾਲ ਸ਼ੁਰੂ ਹੋਵੇਗੀ | ਇਸ ਸਬੰਧੀ ਜਦੋਂ ਇਲਾਕੇ ਦੇ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਵਾਰ ਪਏ ਬੇਮੌਸਮੇ ਮੀਂਹ ਨਾਲ ਕਣਕ ਦੀ ਵਾਢੀ ਹੋਰ ਵੀ ਪੱਛੜ ਜਾਵੇਗੀ ਅਤੇ ਵਾਤਾਵਰਨ 'ਚ ਆਈ ਗਿਰਾਵਟ ਦੇ ਚੱਲਦਿਆਂ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਪੱਕਣ 'ਚ ਅਜੇ ਘੱਟੋ-ਘੱਟ 15-20 ਦਿਨ ਦਾ ਸਮਾਂ ਲੱਗੇਗਾ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜ਼ਿਲ੍ਹੇ ਦੀ ਮੁੱਖ ਦਾਣਾ ਮੰਡੀ ਦੇ ਨਾਲ-ਨਾਲ ਹੋਰਨਾਂ ਫੋਕਲ ਪੁਆਇੰਟਾਂ 'ਤੇ ਵੀ ਕਣਕ ਦੀ ਖ਼ਰੀਦ ਨੂੰ ਲੈ ਕੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ | ਉਨ੍ਹਾਂ ਕਿਹਾ ਕਿ ਅਕਸਰ ਦੇਖਣ 'ਚ ਆਉਂਦਾ ਹੈ ਕਿ ਹਰ ਸਾਲ ਫੋਕਲ ਪੁਆਇੰਟਾਂ 'ਤੇ ਫ਼ਸਲ ਵਿਕਣ ਅਤੇ ਟਰਾਂਸਪੋਰਟਿੰਗ ਦੀ ਸਮੱਸਿਆ ਖੜ੍ਹੀ ਹੁੰਦੀ ਹੈ, ਜਿਸ ਕਾਰਨ ਵਿਕੀ ਹੋਈ ਕਣਕ ਦੇ ਅੰਬਾਰ ਲੱਗ ਜਾਦੇ ਹਨ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਲੋਡਿੰਗ ਦੇ ਢੁਕਵੇਂ ਪ੍ਰਬੰਧ ਮੁਕੰਮਲ ਕਰ ਲਏ ਜਾਣ |

ਪਿਛਲੀ ਖ਼ਬਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਬਸਪਾ ਵਲੋਂ ਪੁਤਲਾ ਫੂਕ ਪ੍ਰਦਰਸ਼ਨ <br/> ਅਗਲੀ ਖ਼ਬਰ ਪੰਜਾਬ ਦੀ ਨੌਜਵਾਨੀ ਦੇ ਭਵਿੱਖ ਲਈ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਦਾ ਆਉਣਾ ਬਹੁਤ ਜ਼ਰੂਰੀ- ਜਥੇਦਾਰ ਹਰਪ੍ਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।