ਮੁਕੇਰੀਆਂ, 30 ਮਾਰਚ (ਰਾਮਗੜ੍ਹੀਆ)-ਮੁਕੇਰੀਆਂ ਸ਼ਹਿਰ ਵਿਚੋਂ ਗੁਜ਼ਰਦੇ ਨੈਸ਼ਨਲ ਹਾਈਵੇ 'ਤੇ ਵਾਹਨਾਂ ਦੀ ਸਪੀਡ ਨਿਸ਼ਚਿਤ ਕੀਤੀ ਜਾਵੇ ਤਾਂ ਜੋ ਰੋਜ਼ਾਨਾ ਵਾਪਰ ਰਹੇ ਹਾਦਸਿਆਂ 'ਤੇ ਰੋਕ ਲੱਗ ਸਕੇ | ਇਹ ਪ੍ਰਗਟਾਵਾ ਸਮਾਜ ਸੇਵਕ ਕਮਲ ਰੱਤੂ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਮੁਕੇਰੀਆਂ ਸ਼ਹਿਰ ਅੰਦਰ ਦਾਖ਼ਲ ਹੋਣ ਸਮੇਂ 40 ਦੀ ਸਪੀਡ ਦੇ ਸਾਈਨ ਬੋਰਡ ਲੱਗਣੇ ਚਾਹੀਦੇ ਹਨ ਤਾਂ ਜੋ ਵਾਹਨ ਚਾਲਕਾਂ ਨੂੰ ਇਸ ਗੱਲ ਦਾ ਸੰਕੇਤ ਮਿਲ ਸਕੇ ਕਿ ਮੁਕੇਰੀਆਂ ਸ਼ਹਿਰ ਵਿਚੋਂ ਗੁਜ਼ਰਦੇ ਸਮੇਂ ਉਹ ਵਾਹਨ ਦੀ ਸਪੀਡ ਘੱਟ ਕਰਕੇ ਲੰਘਣ | ਉਨ੍ਹਾਂ ਕਿਹਾ ਆਏ ਦਿਨ ਮੁਕੇਰੀਆਂ ਦੇ ਮਾਤਾ ਰਾਣੀ ਚੌਕ, ਸਿਵਲ ਹਸਪਤਾਲ ਚੌਕ ਅਤੇ ਭੰਗਾਲਾ ਚੁੰਗੀ 'ਤੇ ਅਕਸਰ ਹੀ ਵਾਹਨ ਆਪਸ ਵਿਚ ਟਕਰਾਉਂਦੇ ਰਹਿੰਦੇ ਹਨ ਅਤੇ ਆਏ ਦਿਨ ਲੋਕਾਂ ਦੀਆਂ ਮੌਤਾਂ ਹੰੁਦੀਆਂ ਰਹਿੰਦੀਆਂ ਹਨ | ਉਨ੍ਹਾਂ ਕਿਹਾ ਮੁਕੇਰੀਆਂ ਸ਼ਹਿਰ ਦੇ ਰਾਸ਼ਟਰੀ ਰਾਜ ਮਾਰਗ 'ਤੇ ਵਾਹਨ ਤੇਜ਼ ਸਪੀਡ ਨਾਲ ਗੁਜ਼ਰਦੇ ਹਨ ਜਿਸ ਕਰਕੇ ਲੋਕਾਂ ਨੂੰ ਸੜਕ ਪਾਰ ਕਰਨਾ ਵੀ ਔਖਾ ਹੋ ਜਾਂਦਾ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਪਾਸੋਂ ਮੰਗ ਕੀਤੀ ਕਿ ਮੁਕੇਰੀਆਂ ਸ਼ਹਿਰ ਦੇ ਨੈਸ਼ਨਲ ਹਾਈਵੇ 'ਤੇ ਵਾਹਨਾਂ ਦੀ ਸਪੀਡ ਨਿਸ਼ਚਿਤ ਕਰਨ ਦੇ ਨਾਲ-ਨਾਲ ਘੱਟ ਸਪੀਡ ਵਾਲੇ ਸਾਈਨ ਬੋਰਡ ਵੀ ਲਗਾਏ ਜਾਣ |