29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਰੁਕ ਰੁਕ ਕੇ ਪਏ ਮੀਂਹ ਅਤੇ ਚੱਲੀ ਤੇਜ਼ ਹਨ੍ਹੇਰੀ ਨਾਲ ਕਣਕ ਦੀ ਫ਼ਸਲ ਨੁਕਸਾਨੀ

ਅਜੀਤ ਡੈਸਕ 30-03-2026

ਹੁਸ਼ਿਆਰਪੁਰ, 29 ਮਾਰਚ (ਨਰਿੰਦਰ ਸਿੰਘ ਬੱਡਲਾ)-ਪੰਜਾਬੀ ਦੀ ਕਹਾਵਤ ਹੈ ਕਿ ਵਾਢੀਆਂ ਦੇ ਦਿਨਾਂ 'ਚ ਸੋਨੇ ਕੀ ਕਣੀ ਵੀ ਨਾ ਪਵੇ ਪਰੰਤੂ ਅੱਜ ਸਵੇਰ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਅਤੇ ਚੱਲੀ ਤੇਜ਼ ਹਨੇ੍ਹਰੀ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ | ਇਸ ਮੀਂਹ ਅਤੇ ਹਨ੍ਹੇਰੀ ਨਾਲ ਹੁਸ਼ਿਆਰਪੁਰ ਅਤੇ ਆਸ ਪਾਸ ਦੇ ਇਲਾਕਿਆਂ 'ਚ ਅਨੇਕਾਂ ਜਗ੍ਹਾ 'ਤੇ ਕਣਕ ਦੀ ਫ਼ਸਲ ਡਿਗ ਜਾਣ ਕਾਰਨ ਕਿਸਾਨਾਂ ਦਾ ਕਾਫ਼ੀ ਆਰਥਿਕ ਨੁਕਸਾਨ ਹੋਇਆ | ਪਹਿਲਾਂ ਤੋਂ ਹੀ ਆਰਥਿਕ ਤੌਰ 'ਤੇ ਮੰਦਹਾਲੀ ਝੇਲ ਰਹੇ ਕਿਸਾਨਾਂ ਲਈ ਇਹ ਬੇਮੋਸਮਾਂ ਮੀਂਹ ਜਿੱਥੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਉੱਥੇ ਹੀ ਕਿਸਾਨਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਜੇਕਰ ਮੌਸਮ ਵਿਭਾਗ ਦੀ ਮੰਨੀਏ ਤਾਂ ਹਜੇ ਵੀ ਆਉਣ ਵਾਲੇ ਕੁੱਝ ਦਿਨਾਂ 'ਚ ਮੀਂਹ ਪੈਣ ਦਾ ਅਸਾਰ ਹਨ | ਕਿਸਾਨਾਂ ਨੂੰ ਇਹ ਚਿੰਤਾ ਵੀ ਸਤਾ ਰਹੀ ਹੈ ਕਿ ਜੇਕਰ ਪੱਕੀ ਹੋਈ ਕਣਕ ਦੀ ਫ਼ਸਲ 'ਤੇ ਭਾਰੀ ਮੀਂਹ ਤੇ ਗੜੇਮਾਰੀ ਹੋਈ ਤਾਂ ਇਸ ਨਾਲ ਚੋਖਾ ਨੁਕਸਾਨ ਹੋਵੇਗਾ | ਇਸ ਸੰਬੰਧੀ ਜਦੋਂ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਝੋਨੇ ਦੇ ਖੇਤਾਂ 'ਚ ਕਣਕ ਦੀ ਬਿਜਾਈ ਕੀਤੀ ਸੀ ਉਹ ਫ਼ਸਲ ਹੁਣ ਪੱਕ ਕੇ ਤਿਆਰ ਹੋਣ ਵਾਲੀ ਹੈ | ਜਿਸ ਨੰੂ ਬੇਮੋਸਮੇਂ ਮੀਂਹ ਨਾਲ ਭਾਰੀ ਨੁਕਸਾਨ ਪਹੁੰਚ ਸਕਦਾ ਹੈ | ਇਸਦੇ ਨਾਲ ਹੀ ਆਲੂ ਅਤੇ ਮਟਰਾਂ ਵਾਲੀ ਫ਼ਸਲ ਵੀ ਅਜੇ ਅੱਧਕੱਚੀ ਹੈ ਜਿਸ ਨੰੂ ਪੱਕਣ 'ਚ ਕਰੀਬ 20 ਤੋਂ 25 ਦਿਨ ਦਾ ਸਮਾਂ ਲੱਗੇਗਾ | ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਕਣਕ ਦੀ ਫ਼ਸਲ ਨੂੰ ਪਾਣੀ ਨਹੀਂ ਲਗਾਉਂਦੇ ਤਾਂ ਫ਼ਸਲ ਸੁਕਦੀ ਹੈ ਪਰੰਤੂ ਪਾਣੀ ਲਗਾਈ ਹੋਈ ਫ਼ਸਲ ਤੇਜ਼ ਹਵਾਵਾਂ ਨਾਲ ਧਰਤੀ 'ਤੇ ਡਿਗ ਪੈਂਦੀਂ ਹੈ ਜਿਸ ਨਾਲ ਝਾੜ 'ਚ ਕਮੀ ਆਉਂਦੀ ਹੈ | ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਸਮੇਂ ਸਮੇਂ 'ਤੇ ਪਏ ਮੀਂਹ ਅਤੇ ਤਾਪਮਾਨ 'ਚ ਕਮੀ ਰਹਿਣ ਕਾਰਨ ਕਣਕ ਦੀ ਫ਼ਸਲ ਦਾ ਝਾੜ ਵਧੀਆ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਪਰੰਤੂ ਇਸ ਵਾਰ ਵੱਧ ਨਮੀ ਦੇ ਚੱਲਦਿਆਂ ਵਾਢੀ ਦਾ ਕੰਮ ਜ਼ਰੂਰ ਪਛੜ ਜਾਵੇਗਾ | ਦੂਸਰੇ ਪਾਸੇ ਬੀਜੀ ਗਈ ਸਿਆਲੂ ਮੱਕੀ ਅਤੇ ਹਰੇ ਚਾਰੇ ਲਈ ਇਹ ਮੀਂਹ ਵਰਦਾਨ ਸਾਬਤ ਹੋਵੇਗਾ ਜਿਸ ਨਾਲ ਫ਼ਸਲਾਂ ਨੂੰ ਮੌਸਮੀ ਬਿਮਾਰੀਆਂ ਅਤੇ ਕੀੜਿਆਂ ਤੋਂ ਰਾਹਤ ਮਿਲੇਗੀ | ਇਸ ਪਏ ਮੀਂਹ ਨੇ ਜਨਜੀਵਨ ਨੂੰ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਅਤੇ ਲੋਕਾਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਕਾਫ਼ੀ ਮਸ਼ੱਕਤ ਕਰਨੀ ਪਈ | ਖੇਤੀ ਮਾਹਿਰਾਂ ਅਨੁਸਾਰ ਇਹ ਮੀਂਹ ਮੌਸਮੀ ਫ਼ਸਲਾਂ ਲਈ ਲਾਹੇਵੰਦ ਹੋਵੇਗਾ |

ਪਿਛਲੀ ਖ਼ਬਰ ਅਣਪਛਾਤਿਆਂ ਨੇ ਵਿਅਕਤੀ ਨੂੰ ਜ਼ਖਮੀ ਕਰ ਕੇ ਐਕਟਿਵਾ ਤੇ ਮੋਟਰ ਸਾਈਕਲ ਖੋਹਿਆ ਅਗਲੀ ਖ਼ਬਰ ਲੋਕਾਂ ਵੱਲੋਂ ਮਾਈਨਿੰਗ ਵਾਲੇ ਟਿੱਪਰਾਂ ਨੂੰ ਰੋਕਣ ਲਈ ਲਗਾਇਆ ਧਰਨਾ ਦੂਸਰੇ ਦਿਨ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।