ਹੁਸ਼ਿਆਰਪੁਰ, 25 ਮਾਰਚ (ਬਲਜਿੰਦਰਪਾਲ ਸਿੰਘ)-ਵਾਸਲ ਐਜੂਕੇਸ਼ਨ ਵਲੋਂ ਚਲਾਏ ਜਾ ਰਹੇ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਵਿਖੇ ਵਿਸ਼ਵ ਪੱਧਰੀ ਪੈਰਾ ਤਾਇਕਵਾਂਡੋ ਰਾਸ਼ਟਰੀ ਤੇ ਅੰਤਰਰਾਸ਼ਟਰੀ ਚੈਂਪੀਅਨ ਚੰਨਦੀਪ ਸਿੰਘ ਸੂਦਨ ਦਾ ਪ੍ਰੇਰਨਾਦਾਇਕ 'ਵੀ ਟਾਕ' ਸ਼ੋਅ ਕਰਵਾਇਆ ਗਿਆ | ਇਸ ਮੌਕੇ ਚੰਨਦੀਪ ਸਿੰਘ ਸੂਦਨ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ | ਸਭ ਤੋਂ ਪਹਿਲਾਂ ਮੁੱਖ ਮਹਿਮਾਨ ਨੂੰ ਗੁਲਦਸਤਾ ਭੇਟ ਕਰਨ ਤੋਂ ਬਾਅਦ, ਗਣੇਸ਼ ਵੰਦਨਾ ਭੇਟ ਕੀਤੀ ਗਈ, ਉਪਰੰਤ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਟੋਰੈਂਸ ਬੈਂਡ ਵਲੋਂ ਵਜਾਈ ਧੁੰਨ ਤੇ ਗੀਤ ਨਾਲ ਹੋਈ | ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਨਾਲ ਸਬੰਧਿਤ ਮਸ਼ਹੂਰ ਪੈਰਾ-ਓਲੰਪੀਅਨ ਚੰਨਦੀਪ ਸਿੰਘ ਸੂਦਨ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਮੁਕਾਬਲਿਆਂ 'ਚ ਇਤਿਹਾਸਕ ਜਿੱਤਾਂ ਪ੍ਰਾਪਤ ਕੀਤੀਆਂ | ਉਨ੍ਹਾਂ ਪੈਰਾ ਨੈਸ਼ਨਲ ਚੈਂਪੀਅਨਸ਼ਿਪ 'ਚ ਦੋ ਵਾਰ ਚਾਂਦੀ ਦਾ ਤਗਮਾ ਜਿੱਤ ਕੇ ਪੂਰੀ ਦੁਨੀਆ 'ਚ ਭਾਰਤ ਦਾ ਨਾਮ ਉੱਚਾ ਕੀਤਾ | ਉਹ ਏਸ਼ੀਅਨ ਚੈਂਪੀਅਨਸ਼ਿਪ 'ਚ ਸੋਨ ਤਗਮਾ ਜੇਤੂ ਤੇ ਰਾਸ਼ਟਰੀ ਪੱਧਰ 'ਤੇ ਪੰਜ ਵਾਰ ਸੋਨੇ ਦਾ ਤਗਮਾ ਜੇਤੂ ਹਨ | ਚੰਨਦੀਪ ਸਿੰਘ ਸੂਦਨ ਨੇ ਸਕੇਟਿੰਗ 'ਚ ਵੀ ਕਈ ਤਗਮੇ ਜਿੱਤੇ | ਇਸ ਮੌਕੇ ਸੰਬੋਧਨ ਕਰਦਿਆਂ ਚੰਨਦੀਪ ਸਿੰਘ ਸੂਦਨ ਨੇ ਵਿਦਿਆਰਥੀਆਂ ਨਾਲ ਆਪਣੀ ਸੰਘਰਸ਼ ਤੇ ਆਤਮ-ਵਿਸ਼ਵਾਸ ਦੀ ਕਹਾਣੀ ਸਾਂਝੀ ਕੀਤੀ, ਜੋ ਉਨ੍ਹਾਂ ਲਈ ਇਕ ਵਧੀਆ ਉਦਾਹਰਣ ਵਜੋਂ ਕੰਮ ਕਰਦੀ ਹੈ ਤੇ ਦਰਸਾਉਂਦੀ ਹੈ ਕਿ ਸੱਚੇ ਸਮਰਪਣ ਨਾਲ, ਕੋਈ ਵੀ ਰੁਕਾਵਟ ਬਹੁਤ ਵੱਡੀ ਨਹੀਂ ਹੁੰਦੀ | ਇਹੀ ਕਾਰਨ ਹੈ ਕਿ ਉਹ ਤਾਈਕਵਾਂਡੋ, ਤੈਰਾਕੀ ਅਤੇ ਸਕੇਟਿੰਗ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਜਾਣਿਆ ਜਾਂਦੇ ਹਨ ਤੇ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ ਹਨ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਜੀਵਨ 'ਚ ਸਫਲਤਾ ਲਈ ਇਕਸਾਰ ਅਭਿਆਸ, ਅਨੁਸ਼ਾਸਨ ਅਤੇ ਸਕਾਰਾਤਮਿਕ ਸੋਚ ਨੂੰ ਅਪਣਾਉਣ ਦੀ ਲੋੜ ਹੈ | ਇਸ ਮੌਕੇ ਉਨ੍ਹਾਂ ਆਪਣੇ ਜੀਵਨ ਦੇ ਤਜਰਬੇ ਅਤੇ ਸਫਲਤਾ ਦੇ ਸਫ਼ਰ ਨੂੰ ਵੀ ਸਾਂਝਾ ਕੀਤਾ | ਇਸ ਮੌਕੇ ਵਿਦਿਆਰਥੀਆਂ ਨੇ ਚੰਨਦੀਪ ਸਿੰਘ ਤੋਂ ਸਵਾਲ ਵੀ ਪੁੱਛੇ | 'ਵੀ ਟਾਕ' ਦੇ ਮੇਜ਼ਬਾਨ ਮੈਤ੍ਰੇਯ ਗੁਪਤਾ ਅਤੇ ਹਰਨੀਤ ਕੌਰ ਨੇ ਰਾਸ਼ਟਰੀ ਚੈਂਪੀਅਨ ਦਾ ਸਕੂਲ ਆਉਣ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਧੰਨਵਾਦ ਕੀਤਾ | ਇਸ ਮੌਕੇ ਚੰਨਦੀਪ ਸਿੰਘ ਸੂਦਨ ਨੇ ਵਿਦਿਆਰਥੀਆਂ ਵਲੋਂ ਲਗਾਈ ਗਈ ਕਲਾ ਅਤੇ ਪੇਂਟਿੰਗ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ | ਇਸ ਮੌਕੇ ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਕੁਮਾਰ ਵਾਸਲ ਨੇ ਕਿਹਾ ਕਿ ਚੰਨਦੀਪ ਸਿੰਘ ਸੂਦਨ ਵਰਗੇ ਵਿਸ਼ਵ-ਪ੍ਰਸਿੱਧ ਐਥਲੀਟ ਹਰ ਬੱਚੇ ਲਈ ਸੱਚੇ ਰੋਲ ਮਾਡਲ ਹਨ | ਉਨ੍ਹਾਂ ਦੀਆਂ ਪ੍ਰਾਪਤੀਆਂ ਸਾਨੂੰ ਸਿਖਾਉਂਦੀਆਂ ਹਨ ਕਿ ਦਿ੍ੜ ਇਰਾਦੇ ਅਤੇ ਸਖ਼ਤ ਮਿਹਨਤ ਨਾਲ ਹਰ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ | ਪ੍ਰੋਗਰਾਮ ਦੀ ਸਮਾਪਤੀ ਕਰਦਿਆਂ ਵਾਸਲ ਨੇ ਕਿਹਾ ਕਿ ਅਜਿਹੇ ਸੈਸ਼ਨ ਵਿਦਿਆਰਥੀਆਂ ਦੇ ਸ਼ਖ਼ਸੀਅਤ ਵਿਕਾਸ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਕੀਤਾ | ਸੀ.ਈ.ਓ. ਰਾਘਵ ਵਾਸਲ ਨੇ ਵਿਸ਼ਵ ਪੈਰਾ ਚੈਂਪੀਅਨ ਨੂੰ ਬੱਚਿਆਂ ਲਈ ਪ੍ਰੇਰਨਾਸ੍ਰੋਤ ਦੱਸਿਆ ਅਤੇ ਕਿਹਾ ਕਿ ਜੇਕਰ ਤੁਹਾਡੇ 'ਚ ਹਿੰਮਤ ਹੈ ਤਾਂ ਕੁੱਝ ਵੀ ਅਸੰਭਵ ਨਹੀਂ ਹੈ | ਸਕੂਲ ਪਿ੍ੰਸੀਪਲ ਸੰਗੀਤਾ ਨਿਸ਼ਤਾਂਦਰਾ ਨੇ ਕਿਹਾ ਕਿ ਸੂਦਨ ਦਾ ਕਿਰਦਾਰ ਵਿਦਿਆਰਥੀਆਂ ਨੂੰ ਨਵੀਂ ਊਰਜਾ ਅਤੇ ਸਹੀ ਦਿਸ਼ਾ ਵਿਚ ਅੱਗੇ ਵਧਣ ਦੀ ਪ੍ਰੇਰਨਾ ਦਿੰਦਾ ਹੈ |