ਦਸੂਹਾ, 25 ਮਾਰਚ (ਕੌਸ਼ਲ)-ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਪ੍ਰਧਾਨ ਬੀ. ਸੀ. ਵਿੰਗ ਹੀਰਾ ਸਿੰਘ ਗਾਬੜੀਆ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਧਾਨ ਬੀ. ਸੀ. ਵਿੰਗ ਸੁਰਜੀਤ ਸਿੰਘ ਕੈਰੇ ਦੇ ਤੀਜੀ ਵਾਰ ਨਿਯੁਕਤ ਹੋਣ ਦੀ ਖ਼ੁਸ਼ੀ ਵਿਚ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਸਮਾਗਮ ਵਿਚ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲਖਵਿੰਦਰ ਸਿੰਘ ਲੱਖੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਰੋਹ ਦੌਰਾਨ ਪਾਰਟੀ ਦੇ ਵੱਖ-ਵੱਖ ਅਹੁਦੇਦਾਰਾਂ ਅਤੇ ਵਰਕਰਾਂ ਦੀ ਵੱਡੀ ਗਿਣਤੀ ਵਿਚ ਹਾਜ਼ਰੀ ਰਹੀ, ਜਿਸ ਨਾਲ ਪ੍ਰੋਗਰਾਮ ਨੂੰ ਖ਼ਾਸ ਰੌਣਕ ਮਿਲੀ | ਆਰੰਭ ਵਿਚ ਆਏ ਹੋਏ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਇਸ ਮੌਕੇ ਲਖਵਿੰਦਰ ਸਿੰਘ ਲੱਖੀ ਵਲੋਂ ਸੁਰਜੀਤ ਸਿੰਘ ਕੈਰੇ ਨੂੰ ਸ਼ਾਲ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਆਪਣੇ ਸੰਬੋਧਨ ਦੌਰਾਨ ਲਖਵਿੰਦਰ ਸਿੰਘ ਲੱਖੀ ਨੇ ਕਿਹਾ ਕਿ ਸੁਰਜੀਤ ਸਿੰਘ ਕੈਰੇ ਪਾਰਟੀ ਦੇ ਸਮਰਪਿਤ ਅਤੇ ਮਿਹਨਤੀ ਆਗੂ ਹਨ, ਜਿਨ੍ਹਾਂ ਨੇ ਹਮੇਸ਼ਾ ਪਾਰਟੀ ਦੀ ਮਜ਼ਬੂਤੀ ਲਈ ਅਹਿਮ ਯੋਗਦਾਨ ਪਾਇਆ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪਿਛੜੇ ਵਰਗਾਂ ਦੇ ਹੱਕਾਂ ਲਈ ਆਵਾਜ਼ ਉਠਾਉਂਦਾ ਆਇਆ ਹੈ ਤੇ ਬੀ. ਸੀ. ਵਿੰਗ ਦੀ ਭੂਮਿਕਾ ਪਾਰਟੀ ਵਿਚ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇੱਕਜੁੱਟ ਹੋ ਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ | ਇਸ ਮੌਕੇ ਸੁਰਜੀਤ ਸਿੰਘ ਕੈਰੇ ਨੇ ਪਾਰਟੀ ਹਾਈਕਮਾਂਡ ਅਤੇ ਸਮੂਹ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮਿਲਿਆ ਇਹ ਸਨਮਾਨ ਉਨ੍ਹਾਂ ਲਈ ਵੱਡੀ ਜ਼ਿੰਮੇਵਾਰੀ ਹੈ | ਇਸ ਮੌਕੇ ਸਾਬਕਾ ਡੀ.ਐੱਸ.ਪੀ. ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਬਿੱਕਾ ਚੀਮਾ, ਭੁਪਿੰਦਰ ਸਿੰਘ ਨੀਲੂ, ਸਰਬਜੀਤ ਸਿੰਘ ਮੋਮੀ, ਲਖਵਿੰਦਰ ਸਿੰਘ ਲੱਖੀ ਠੱਕਰ, ਸੰਤ ਸਿੰਘ ਜੰਡੋਰ, ਦਵਿੰਦਰ ਸਿੰਘ ਕਾਹਲੋ, ਕੁਲਵਿੰਦਰ ਸਿੰਘ ਕੋਟਲਾ, ਜਸਵਿੰਦਰ ਸਿੰਘ ਜੱਸਾ ਕਾਲੜਾ, ਮਹਿੰਦਰ ਸਿੰਘ ਸ਼ਰੀਰਪੁਰ, ਅਜੀਤ ਸਿੰਘ, ਜੋਧਾ ਸਿੰਘ, ਹਰਪਾਲ ਸਿੰਘ ਬਿੱਟਾ ਬੋਦਲ, ਹਰਜਿੰਦਰ ਸਿੰਘ ਜਿੰਦ, ਮਲਕੀਤ ਸਿੰਘ ਕੈਰੇ, ਲੱਖੀ ਸਿੰਘ ਮੁਲਤਾਨੀ, ਸਤਵਿੰਦਰ ਸਿੰਘ ਪੰਡੋਰੀ, ਇਕਬਾਲ ਸਿੰਘ, ਜਨਮਜੀਤ ਸਿੰਘ, ਕਮਲਜੀਤ ਸਿੰਘ ਲਾਡੀ, ਸੁਖਦੇਵ ਸਿੰਘ, ਜਸਵਿੰਦਰ ਸਿੰਘ, ਗੁਰਬਚਨ ਸਿੰਘ ਭੂਸ਼ਾ ਤੇ ਹੋਰ ਹਾਜ਼ਰ ਸਨ | ਇਸ ਤੋਂ ਇਲਾਵਾ ਸਮਾਗਮ ਦੌਰਾਨ ਸਬ-ਸਰਕਲ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਅੰਤ ਵਿਚ ਹੀਰਾ ਸਿੰਘ ਗਾਬੜੀਆ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ |