ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਪ੍ਰਥਮ ਟੀਮ ਵਲੋਂ 'ਪੋਸ਼ਣ ਵੀ, ਪੜ੍ਹਾਈ ਵੀ' ਮੁਹਿੰਮ ਤਹਿਤ ਆਂਗਨਵਾੜੀ ਵਰਕਰਾਂ ਦੀ ਟ੍ਰੇਨਿੰਗ ਕਰਵਾਈ ਗਈ | ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਬੱਚਿਆਂ ਦੇ ਪੋਸ਼ਣ ਅਤੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਤੇ ਧਿਆਨ ਕੇਂਦਰਤ ਕਰਨ ਦੇ ਉਦੇਸ਼ ਨਾਲ ਪ੍ਰਸਿੱਧ ਸਿੱਖਿਆ ਸੰਸਥਾ ਪ੍ਰਥਮ ਦੀ ਟੀਮ ਵਲੋਂ ਮਿਡਲ ਲੈਵਲ ਟਰੇਨਿੰਗ ਸੈਂਟਰ, ਰਾਮ ਕਾਲੋਨੀ ਕੈਂਪ, ਹੁਸ਼ਿਆਰਪੁਰ ਵਿਖੇ 930 ਆਂਗਨਵਾੜੀ ਵਰਕਰਾਂ ਲਈ 'ਪੋਸ਼ਣ ਵੀ, ਪੜ੍ਹਾਈ ਵੀ' ਥੀਮ ਹੇਠ ਇਕ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ | ਇਸ ਟ੍ਰੇਨਿੰਗ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਅਫਸਰ ਗਗਨਦੀਪ ਸਿੰਘ ਨੇ 3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਲਈ ਪੋਸ਼ਣ ਅਤੇ ਸ਼ੁਰੂਆਤੀ ਸਿੱਖਿਆ ਨੂੰ ਪ੍ਰਭਾਵਸ਼ਾਲੀ ਬਣਾਉਣਾ ਬਾਰੇ ਦੱਸਿਆ ਅਤੇ ਪ੍ਰਥਮ ਟੀਮ ਵਲੋਂ ਆਂਗਨਵਾੜੀ ਵਰਕਰਾਂ ਨੂੰ ਬੱਚਿਆਂ ਦੀ ਪੋਸ਼ਣ ਸਥਿਤੀ, ਵਿਕਾਸ ਦੀ ਨਿਗਰਾਨੀ, ਖੇਡ-ਆਧਾਰਿਤ ਅਤੇ ਗਤੀਵਿਧੀ-ਆਧਾਰਿਤ ਸਿੱਖਣ, ਕਹਾਣੀ ਸੁਣਾਉਣ, ਗੀਤਾਂ ਅਤੇ ਸਥਾਨਕ ਸਿੱਖਣ ਸਮੱਗਰੀ ਦੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਟਰੇਨਿੰਗ ਦੌਰਾਨ ਮਾਪਿਆਂ ਦੀ ਭਾਗੀਦਾਰੀ, ਘਰੇਲੂ ਗਤੀਵਿਧੀਆਂ ਅਤੇ ਬੱਚਿਆਂ ਵਿੱਚ ਸਿੱਖਣ ਦੀ ਦਿਲਚਸਪੀ ਪੈਦਾ ਕਰਨ ਉੱਤੇ ਵੀ ਜ਼ੋਰ ਦਿੱਤਾ ਗਿਆ | ਟ੍ਰੇਨਿੰਗ ਦੇ ਅੰਤ ਵਿੱਚ ਭਾਗੀਦਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਆਂਗਨਵਾੜੀ ਵਰਕਰਾਂ ਨੇ ਟ੍ਰੇਨਿੰਗ ਨੂੰ ਲਾਭਕਾਰੀ ਦੱਸਦਿਆਂ ਆਪਣੇ-ਆਪਣੇ ਕੇਂਦਰਾਂ 'ਚ ਸਿੱਖੀਆਂ ਗਈਆਂ ਗਤੀਵਿਧੀਆਂ ਲਾਗੂ ਕਰਨ ਦਾ ਭਰੋਸਾ ਦਿੱਤਾ |