ਚੱਬੇਵਾਲ, 20 ਜਨਵਰੀ (ਰਾਜੀਵ ਭਾਰਦਵਾਜ)-ਪਿੰਡ ਕੁਕਰੋਵਾਲ ਦੇ ਚੋਅ 'ਚ ਨਾਜਾਇਜ਼ ਮਾਈਨਿੰਗ ਬੇਖ਼ੌਫ ਤਰੀਕੇ ਨਾਲ ਹੋ ਰਹੀ ਹੈ | ਜਾਣਕਾਰੀ ਦਿੰਦੇ ਹੋਏ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਚੋਅ 'ਚੋਂ ਮਾਈਨਿੰਗ ਨੂੰ ਠੱਲ੍ਹ ਨਹੀਂ ਪੈ ਰਹੀ | ਇੱਥੇ ਸੂਰਜ ਢਲਦਿਆਂ ਹੀ ਟਰੈਕਟਰ-ਟਰਾਲੀਆਂ ਦੀ ਦਹਾੜ ਸ਼ੁਰੂ ਹੋ ਜਾਂਦੀ ਹੈ | ਉਨ੍ਹਾਂ ਕਿਹਾ ਕਿ ਉਹ ਕਈ ਵਾਰ ਇਸ ਸੰਬੰਧੀ ਗੁਪਤ ਰੂਪ 'ਚ ਵੀ ਥਾਣਾ ਚੱਬੇਵਾਲ ਪੁਲਿਸ ਨੂੰ ਸੂਚਿਤ ਕਰ ਚੁੱਕੇ ਹਨ, ਪਰ ਨਾਜਾਇਜ਼ ਮਾਈਨਿੰਗ ਨੂੰ ਕੋਈ ਠੱਲ੍ਹ ਪਾਉਣ ਲਈ ਤਿਆਰ ਨਹੀਂ ਹੈ | ਉਨ੍ਹਾਂ ਦੱਸਿਆ ਕਿ ਇਹ ਨਾਜਾਇਜ਼ ਮਾਈਨਿੰਗ ਕਰਨ ਵਾਲੇ ਵੀ ਪਿੰਡ ਵਾਸੀ ਹੀ ਹਨ, ਇਸ ਕਰਕੇ ਪਿੰਡ ਵਾਸੀ ਦੁਖੀ ਹੋਣ ਦੇ ਬਾਵਜੂਦ ਸ਼ਰੇਆਮ ਕੁੱਝ ਕਹਿ ਵੀ ਨਹੀਂ ਸਕਦੇ | ਪਿੰਡ ਵਾਸੀਆਂ ਦਾ ਕਹਿਣਾ ਹੇ ਕਿ ਕਈ ਵਾਰ ਤਾਂ ਰੇਤਾ ਨਾਲ ਭਰੀਆਂ ਟਰਾਲੀਆਂ ਦੇ ਆਉਣਾ-ਜਾਣਾ ਸਾਰੀ ਰਾਤ ਹੀ ਲੱਗਾ ਰਹਿੰਦਾ ਹੈ | ਇਸ ਸਬੰਧੀ ਕਾਰਜਕਾਰੀ ਇੰਜੀਨੀਅਰ ਰਾਜ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ ਹੀ ਵਿਭਾਗ ਦੇ ਅਧਿਕਾਰੀਆਂ ਨੂੰ ਭੇਜ ਕੇ ਮੌਕੇ ਦਾ ਜਾਇਜ਼ਾ ਲਿਆ ਜਾਵੇਗਾ |