25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਮਹਿਮਦੋਵਾਲ ਵਾਸੀਆਂ ਵਲੋਂ ਪੁਲਿਸ ਥਾਣਾ ਮੋਹਰੇ ਧਰਨਾ ਤੇ ਨਾਅਰੇਬਾਜ਼ੀ ਐਕਟਿਵਾ ਚਾਲਕ ਲੜਕੀ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਪੁਲਿਸ 'ਤੇ ਟਰੱਕ ਮਾਲਕਾਂ ਨਾਲ ਮਿਲਣ ਦੇ ਦੋਸ਼

ਅਜੀਤ ਡੈਸਕ 21-01-2026
ਮਾਹਿਲਪੁਰ, 20 ਜਨਵਰੀ (ਰਜਿੰਦਰ ਸਿੰਘ)-16 ਜਨਵਰੀ ਮਾਹਿਲਪੁਰ ਸ਼ਹਿਰ 'ਚ ਵਾਪਰੇ ਸੜਕ ਹਾਦਸੇ 'ਚ ਬਜਰੀ ਕਰੈਸ਼ਰ ਨਾਲ ਭਰੇ ਓਵਰ ਲੋਡ ਟਰੱਕ ਨੂੰ ਪੁਲਿਸ ਵਲੋਂ ਅੱਧੇ ਤੋਂ ਵੱਧ ਖ਼ਾਲੀ ਕਰਵਾ ਕੇ ਥਾਣਾ 'ਚ ਖੜ੍ਹਾ ਕਰਨ ਨੂੰ ਲੈ ਅੱਜ ਦੇਰ ਸ਼ਾਮ ਪਿੰਡ ਮਹਿਮਦੋਵਾਲ ਦੀਆਂ ਦੋਵਾਂ ਪੰਚਾਇਤਾਂ ਤੇ ਪਿੰਡ ਵਾਸੀਆਂ ਵਲੋਂ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਟਰੱਕ ਮਾਲਕਾਂ ਨਾਲ ਮਿਲੀਭੁਗਤ ਦੀ ਸ਼ੰਕਾ ਜ਼ਾਹਿਰ ਕਰਦੇ ਹੋਏ ਪੁਲਿਸ ਥਾਣਾ ਮੋਹਰੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ | ਸਰਪੰਚ ਗੁਰਮੀਤ ਸਿੰਘ, ਸਰਪੰਚ ਅਮਰਜੀਤ ਸਿੰਘ, ਸੱਜਣ ਸਿੰਘ, ਕਸ਼ਮੀਰ ਸਿੰਘ, ਸੁਰਿੰਦਰ ਸਿੰਘ, ਹਰਪ੍ਰੀਤ ਸਿੰਘ, ਨਰਿੰਦਰ ਸਿੰਘ ਪੰਚ, ਸੰਜੀਵ ਕੁਮਾਰ, ਸੋਹਣ ਸਿੰਘ ਸਮੇਤ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ 16 ਜਨਵਰੀ ਨੂੰ ਪਿੰਡ ਮਹਿਮਦੋਵਾਲ ਦੀ ਲੜਕੀ ਲਖਵਿੰਦਰ ਕੌਰ ਨੂੰ ਟਰੱਕ ਪੀ.ਬੀ.07.ਏ.ਐਸ.9960 ਜਿਸ ਨੂੰ ਕਿ ਰਜਿੰਦਰ ਸਿੰਘ ਪੁੱਤਰ ਧਰਮਵੀਰ ਵਾਸੀ ਗੁਰਦਾਸਪੁਰ ਚਲਾ ਰਿਹਾ ਸੀ ਨੇ ਟੱਕਰ ਮਾਰ ਉਸ ਨੂੰ ਦੋਵੇਂ ਲੱਤਾਂ ਤੋਂ ਅਪਾਹਜ ਬਣਾ ਦਿੱਤਾ ਉੱਥੇ ਥਾਣਾ ਮਾਹਿਲਪੁਰ ਦੀ ਪੁਲਿਸ ਕੁੱਝ ਕੁ ਰੁਪਿਆਂ ਦੀ ਖ਼ਾਤਰ ਓਵਰ ਲੋਡ ਟਰੱਕ ਨੂੰ ਅੱਧੇ ਤੋਂ ਜ਼ਿਆਦਾ ਖ਼ਾਲੀ ਕਰਵਾ ਕੇ ਖਾਨਾ ਪੂਰਤੀ ਲਈ ਥਾਣੇ ਅੰਦਰ ਖੜ੍ਹਾ ਦਿੱਤਾ | ਉਨ੍ਹਾਂ ਦੱਸਿਆ ਉਨ੍ਹਾਂ ਨੂੰ ਇਸ ਗੱਲ ਦਾ ਇਲਮ ਉਦੋਂ ਹੋਇਆ ਜਦੋਂ ਲੜਕੀ ਦੇ ਇਲਾਜ ਲਈ ਪੀ.ਜੀ.ਆਈ ਤੋਂ ਤਿੰਨ ਦਿਨ ਬਾਅਦ ਵਾਪਸ ਆ ਕੇ ਥਾਣਾ ਮੁਖੀ ਮਦਨ ਸਿੰਘ ਕੋਲੋਂ ਐਫ.ਆਈ.ਆਰ ਮੰਗਣ ਲੱਗੇ | ਉਨ੍ਹਾਂ ਦੱਸਿਆ ਕਿ ਪਹਿਲਾ ਤਾਂ ਉਨ੍ਹਾਂ ਨੂੰ ਐਫ.ਆਈ.ਆਰ ਤੋਂ ਵੀ ਆਨਾਕਾਨੀ ਕੀਤੀ ਜਾ ਰਹੀ ਸੀ ਤੇ ਜਦੋਂ ਉਨ੍ਹਾਂ ਥਾਣੇ ਅੰਦਰ ਖ਼ਾਲੀ ਟਰੱਕ ਨੂੰ ਵੇਖਿਆ ਤਾਂ ਉਨ੍ਹਾਂ ਨੂੰ ਪੁਲਿਸ ਦੀ ਮਿਲੀਭੁਗਤ ਦਾ ਸ਼ੱਕ ਹੋਣ ਲੱਗਾ | ਜਿਸ ਕਾਰਨ ਉਨ੍ਹਾਂ ਨੂੰ ਥਾਣੇ ਮੋਹਰੇ ਧਰਨਾ ਲਗਾਉਣਾ ਪਿਆ | ਉਨ੍ਹਾਂ ਦੱਸਿਆ ਜੇਕਰ ਉਨ੍ਹਾਂ ਨੂੰ ਐਫ.ਆਰ.ਆਈ ਕਾਪੀ ਮਿਲੀ ਉਸ 'ਚ ਓਵਰ ਲੋਡ ਟਰੱਕ ਦਾ ਜ਼ਿਕਰ ਬਿਲਕੁਲ ਨਹੀਂ ਕੀਤਾ ਹੋਇਆ ਸੀ | ਉਨ੍ਹਾਂ ਦੱਸਿਆ ਪੁਲਿਸ ਟਰੱਕ ਨੂੰ ਖ਼ਾਲੀ ਕਰਵਾਉਣਾ ਲੜਕੀ ਦੇ ਕੇਸ ਨੂੰ ਕਮਜ਼ੋਰ ਕਰਨਾ ਹੈ | ਇਸ ਸੰਬੰਧੀ ਥਾਣਾ ਮੁਖੀ ਮਦਨ ਸਿੰਘ ਨੇ ਦੱਸਿਆ ਕਿ ਉਹ ਥਾਣੇ ਅੰਦਰ ਟਰੱਕ ਵਾੜਨ ਲਈ ਮੋੜਨ ਲੱਗੇ ਤਾਂ ਉਹ ਫਸ ਗਿਆ ਜਿਸ ਕਾਰਨ ਉਨ੍ਹਾਂ ਨੂੰ ਟਰੱਕ ਦਾ ਕੁਝ ਹਿੱਸਾ ਖ਼ਾਲੀ ਕਰਵਾਉਣਾ ਪਿਆ | ਉਨ੍ਹਾਂ ਦੱਸਿਆ ਕਿ ਐਫ.ਆਈ.ਆਰ ਤਾਂ ਉਸੇ ਦਿਨ ਹੀ ਦਰਜ ਕਰ ਦਿੱਤੀ ਹੈ ਜਿਸ 'ਚ ਲੋੜੀਂਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ | ਖ਼ਬਰ ਲਿਖੇ ਜਾਣ ਤੱਕ ਧਰਨਾਕਾਰੀਆਂ ਵਲੋਂ ਟਰੱਕ ਨੂੰ ਪੂਰਾ ਭਰਨ ਦੀ ਮੰਗ ਨੂੰ ਲੈ ਕੇ ਥਾਣੇ ਦੇ ਅੰਦਰ ਦਰੀਆਂ ਵਿਛਾ ਕੇ ਬੈਠਣ ਦੀਆਂ ਗੱਲਾ ਕਰ ਰਹੇ ਸਨ |
ਪਿਛਲੀ ਖ਼ਬਰ ਕੁਕਰੋਵਾਲ ਦੇ ਚੋਅ 'ਚ ਨਾਜਾਇਜ਼ ਮਾਈਨਿੰਗ ਜ਼ੋਰਾਂ 'ਤੇ ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।