24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

2027 ਦੀਆਂ ਚੋਣਾਂ ਇਕੱਠੇ ਲੜਨਗੇ ਭਾਜਪਾ ਤੇ ਅਕਾਲੀ ਦਲ-ਅਮਿਤ ਸ਼ਾਹ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 24 ਨਵੰਬਰ- ‘ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਬ) 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਰਲ ਕੇ ਲੜਨਗੇ ਅਤੇ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ‘ਵੱਡੇ ਭਰਾ’ ਦੀ ਭੂਮਿਕਾ ਨਿਭਾਏਗਾ ਤੇ ਮੁੱਖ ਮੰਤਰੀ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੋਏਗਾ।’ ਉਕਤ ਐਲਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁਖੀ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਸਾਂਝੀ ਕਾਨਫ਼ਰੰਸ ’ਚ...

ਅਜੀਤ ਡੈਸਕ 25-11-2026

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 24 ਨਵੰਬਰ- ‘ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਬ) 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਰਲ ਕੇ ਲੜਨਗੇ ਅਤੇ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ‘ਵੱਡੇ ਭਰਾ’ ਦੀ ਭੂਮਿਕਾ ਨਿਭਾਏਗਾ ਤੇ ਮੁੱਖ ਮੰਤਰੀ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੋਏਗਾ।’ ਉਕਤ ਐਲਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁਖੀ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਸਾਂਝੀ ਕਾਨਫ਼ਰੰਸ ’ਚ ਕੀਤਾ। ਹਾਲਾਂਕਿ ਕਾਨਫ਼ਰੰਸ ਦੌਰਾਨ ਦੋਹਾਂ ਪਾਰਟੀਆਂ ਦਰਮਿਆਨ ਸੀਟਾਂ ਦੀ ਵੰਡ ਨੂੰ ਲੈ ਕੇ ਮੰਚ ਤੋਂ ਕੋਈ ਐਲਾਨ ਨਹੀਂ ਕੀਤਾ ਗਿਆ ਪਰ ਹਲਕਿਆਂ ਮੁਤਾਬਿਕ ਭਾਜਪਾ ‘ਛੋਟਾ ਭਰਾ’ ਬਣੇ ਰਹਿਣ ਦੇ ਬਾਵਜੂਦ ਸੀਟਾਂ ’ਚ ਪਹਿਲਾਂ ਨਾਲੋਂ ਤਕਰੀਬਨ ਦੁੱਗਣੀਆਂ ਸੀਟਾਂ ਦੀ ਮੰਗ ਕਰ ਰਹੀ ਹੈ। ਇਹ ਕਿਆਸ ਲਾਏ ਜਾ ਰਹੇ ਹਨ ਕਿ ਸੀਟਾਂ ਦੀ ਵੰਡ ਦਾ ਐਲਾਨ 8 ਦਸੰਬਰ ਨੂੰ ਪੰਜਾਬ ਦੇ ਸਾਬਕਾ ਮਰਹੂਮ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਮੋਗਾ ’ਚ ਹੋਣ ਵਾਲੀ ਰੈਲੀ ਦੌਰਾਨ ਕੀਤਾ ਜਾਏਗਾ, ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਿੱਸਾ ਲੈਣਗੇ।
3 ਮਹੀਨੇ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਗੱਠਜੋੜ ਦਾ ਐਲਾਨ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ-ਅਕਾਲੀ ਦਲ ਗੱਠਜੋੜ ਨੂੰ ‘ਸੁਭਾਵਿਕ’ ਗੱਠਜੋੜ ਦੱਸਦਿਆਂ ਕਿਹਾ ਕਿ ਭਾਜਪਾ ਦੇ ਸਭ ਤੋਂ ਪੁਰਾਣੇ ਗੱਠਜੋੜ ਭਾਈਵਾਲ ਨੂੰ ਮੁੜ ਐਨ.ਡੀ.ਏ. ’ਚ ਸ਼ਾਮਿਲ ਕਰਨਾ ਐਨ.ਡੀ.ਏ. ਦਾ ਵਿਸਥਾਰ ਹੈ। ਉਨ੍ਹਾਂ ਕਿਹਾ ਕਿ ਗੱਠਜੋੜ ਦੇ ਐਲਾਨ ਤੋਂ ਪਹਿਲਾਂ ਦੋਹਾਂ ਪਾਰਟੀਆਂ ਦਰਮਿਆਨ ਤਕਰੀਬਨ ਤਿੰਨ ਮਹੀਨੇ ਵਿਚਾਰ ਵਟਾਂਦਰਾ ਚਲਦਾ ਰਿਹਾ ਜਿਸ ’ਚ ਪੰਜਾਬ ਨਾਲ ਸੰਬੰਧਤ ਕਈ ਮੁੱਦੇ ਵਿਚਾਰੇ ਗਏ। ਉਨ੍ਹਾਂ ਇਸ ਨੂੰ ‘ਦੇਰ ਨਾਲ ਲਏ ਫ਼ੈਸਲੇ’ ਦੀ ਥਾਂ ’ਤੇ ‘ਪਾਏਦਾਰ ਫ਼ੈਸਲਾ’ ਲੈਣ ਲਈ ਕੀਤੀ ਦੇਰ ਕਰਾਰ ਦਿੱਤਾ। ਹਲਕਿਆਂ ਮੁਤਾਬਿਕ ਗੱਠਜੋੜ ਦੀ ਜ਼ਮੀਨ ਅਕਤੂਬਰ ਮਹੀਨੇ ਤੋਂ ਹੀ ਤਿਆਰ ਹੋਣੀ ਸ਼ੁਰੂ ਹੋ ਗਈ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਕਤੂਬਰ ’ਚ ਦਿੱਲੀ ਅਤੇ ਫਿਰ 1 ਨਵੰਬਰ ਨੂੰ ਚੰਡੀਗੜ੍ਹ ’ਚ ਪੰਜਾਬ ’ਚ ਐਨ.ਡੀ.ਏ. ਸਰਕਾਰ ਬਣਾਉਣ ਦਾ ਦਾਅਵਾ ਕੀਤਾ। ਅਮਿਤ ਸ਼ਾਹ ਦੇ ਇਨ੍ਹਾਂ ਬਿਆਨਾਂ ਨੂੰ ਅਕਾਲੀ ਦਲ ਨਾਲ ਵਧਦੀ ਨੇੜਤਾ ਦੇ ਸੰਕੇਤ ਵਜੋਂ ਵੇਖਿਆ ਜਾ ਰਿਹਾ ਸੀ। 
ਦਸੰਬਰ 2029 ਤੱਕ ਨਸ਼ਾ ਮੁਕਤ ਹੋਵੇਗਾ ਪੰਜਾਬ-ਅਮਿਤ ਸ਼ਾਹ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਅਕਾਲੀ ਦਲ ਗੱਠਜੋੜ ਦਾ ਐਲਾਨ ਕਰਦਿਆਂ ਨਸ਼ਿਆਂ ਦੇ ਖ਼ਾਤਮੇ ਨੂੰ ਗੱਠਜੋੜ ਦਾ ਅਹਿਮ ਮੁੱਦਾ ਦੱਸਦਿਆਂ ਕਿਹਾ ਕਿ ਸੂਬੇ ’ਚ ਭਾਜਪਾ ਅਕਾਲੀ ਦਲ ਗੱਠਜੋੜ ਦੀ ਸਰਕਾਰ ਬਣਨ ’ਤੇ 31 ਦਸੰਬਰ 2029 ਤੱਕ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਭਾਜਪਾ ਅਕਾਲੀ ਦਲ ਪੰਜਾਬ ’ਚ ਕਈ ਅਹਿਮ ਵਿਸ਼ਿਆਂ ਨੂੰ ਲੈ ਕੇ ਮਨੋਰਥ ਪੱਤਰ ਜਾਰੀ ਕਰਨਗੇ ਪਰ ਪੰਜਾਬ ਤੋਂ ਨਸ਼ੇ ਦਾ ਖ਼ਾਤਮਾ ਸਾਡਾ ਮੁੱਖ ਟੀਚਾ ਹੋਏਗਾ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਅਤੇ ਰਾਸ਼ਟਰਵਾਦੀ ਤਾਕਤਾਂ ਨੂੰ ਮਜ਼ਬੂਤ ਕਰਨਾ ਵੀ ਸਾਡਾ ਮੁੱਖ ਟੀਚਾ ਹੋਏਗਾ। ਅਮਿਤ ਸ਼ਾਹ ਨੇ ਪਿਛਲੀਆਂ ਸਰਕਾਰਾਂ ’ਤੇ ਵਰ੍ਹਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ’ਚ 3 ਮਹੀਨੇ ’ਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਦੇ ਕੇ ਆਏ ਸਨ, ਪਰ ਨਸ਼ਾ ਹੋਰ ਵਧ ਗਿਆ। 2017 ’ਚ ਰਾਹੁਲ ਗਾਂਧੀ ਨੇ ਨਸ਼ਾ ਖ਼ਤਮ ਕਰਨ ਦਾ ਐਲਾਨ ਕੀਤਾ ਸੀ ਪਰ ਉਨ੍ਹਾਂ ਵੀ ਕੁਝ ਨਹੀਂ ਕੀਤਾ। ਸ਼ਾਹ ਨੇ ਕਿਹਾ ਕਿ ਪੰਜਾਬ ’ਚ ਕਿਸਾਨਾਂ ਦੀਆਂ ਸਮੱਸਿਆਵਾਂ, ਆਰਥਿਕ ਵਿਕਾਸ, ਰੁਜ਼ਗਾਰ ਆਦਿ ਮੁੱਦਿਆਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਅਤੇ ਰਾਸ਼ਟਰੀ ਪ੍ਰਧਾਨ ਨਿਤੀਨ ਨਬੀਨ ਦਰਮਿਆਨ 3 ਮਹੀਨੇ ਦੀ ਲੰਬੀ ਚਰਚਾ ਤੋਂ ਬਾਅਦ ਇਕ ਰੂਪ ਰੇਖਾ ਬਣੀ ਹੈ। ਉਸ ਰੋਡਮੈਪ ’ਤੇ ਸਾਡੀ ਐਨ.ਡੀ.ਏ. ਦੀ ਬਣਨ ਵਾਲੀ ਸਰਕਾਰ ਅੱਗੇ ਵਧੇਗੀ।
ਸ. ਬਾਦਲ ਦੇ ਜਨਮ ਦਿਨ ਮੌਕੇ ਮੋਦੀ ਆਉਣਗੇ ਮੋਗਾ-ਸੁਖਬੀਰ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ  ਸਿਰਫ਼ ਇਕ ਸਿਆਸੀ ਸਮਝੌਤਾ ਨਹੀਂ ਸਗੋਂ ਪੰਜਾਬ ਦੇ ਹਿੱਤ ’ਚ ਬਣਿਆ ਇਕ ‘ਭਾਵਨਾਤਮਕ’ ਗੱਠਜੋੜ ਹੈ। ਸੁਖਬੀਰ ਨੇ ਅਕਾਲੀ ਦਲ ਨੂੰ 106 ਸਾਲ ਅਤੇ ਭਾਰਤ ਦੀ ਸਭ ਤੋਂ ਪੁਰਾਣੀਆਂ ਪਾਰਟੀਆਂ ’ਚੋਂ ਇਕ ਦੱਸਦਿਆਂ ਕਿਹਾ ਕਿ ਇਸਦਾ ਭਾਜਪਾ ਨਾਲ ਗੱਠਜੋੜ ਸੂਬੇ ਦੀ ਸੁੱਖ-ਸ਼ਾਂਤੀ ਅਤੇ ਵਿਕਾਸ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਬੱਚਾ-ਬੱਚਾ ਚਾਹੁੰਦਾ ਸੀ ਕਿ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਦੁਬਾਰਾ ਹੋਏ। ਦੋਹਾਂ ਪਾਰਟੀਆਂ ਦਾ ਪੁਰਾਣਾ ਰਿਸ਼ਤਾ ਰਿਹਾ ਹੈ ਅਤੇ ਹੁਣ ਇਕ ਵਾਰ ਫਿਰ ਇਕੱਠੇ ਹੋਣ ਨਾਲ ਪੰਜਾਬ ਦੇ ਵਿਕਾਸ ਅਤੇ ਸੁਰੱਖਿਆ ਦੇ ਮੁੱਦਿਆਂ ’ਤੇ ਰਲ ਕੇ ਕੰਮ ਕਰਾਂਗੇ। ਸੁਖਬੀਰ ਸਿੰਘ ਬਾਦਲ ਨੇ ਮੰਚ ਤੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦਾ ਐਲਾਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ 8 ਦਸੰਬਰ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਪੰਜਾਬ ਫੇਰੀ ’ਤੇ ਆਉਣਗੇ ਅਤੇ ਮੋਗਾ ’ਚ ਹੋਣ ਵਾਲੀ ਰੈਲੀ ’ਚ ਸ਼ਾਮਿਲ ਹੋਣਗੇ।
ਗੱਠਜੋੜ ਹਿੰਦੂ-ਸਿੱਖ ਭਾਈਚਾਰੇ ਦਾ ਪ੍ਰਤੀਕ-ਨਿਤਿਨ ਨਬੀਨ
ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਭਾਜਪਾ ਅਕਾਲੀ ਦਲ ਗੱਠਜੋੜ ਨੂੰ ਹਿੰਦੂ ਸਿੱਖ ਭਾਈਚਾਰੇ ਦਾ ਪ੍ਰਤੀਕ ਦੱਸਦਿਆਂ ਕਿਹਾ ਕਿ ਏਕਤਾ ਦੀ ਗੱਲ ਜਿਸ ਤਰ੍ਹਾਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਦੇ ਬਲਿਦਾਨ ਨਾਲ ਜੁੜੀ ਹੈ ਉਸ ਨੂੰ ਅਸੀਂ ਕਦੇ ਭੁੱਲ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਸੰਦੇਸ਼ਾਂ ਨੂੰ ਲੈ ਕੇ ਸਮਾਜ ’ਚ ਅਤੇ ਪੰਜਾਬ ’ਚ ਜਾਵਾਂਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਲਗਾਤਾਰ ਸਿੱਖ ਸਮਾਜ ਅਤੇ ਪੰਜਾਬ ਦੇ ਵਿਕਾਸ ਲਈ ਆਪਣਾ ਯੋਗਦਾਨ ਦਿੱਤਾ ਹੈ। ਨਿਤਿਨ ਨਬੀਨ ਨੇ ਕਿਹਾ ਕਿ ਜਿਸ ਤਰ੍ਹਾਂ ਐਨ.ਡੀ.ਏ. ਗੱਠਜੋੜ ’ਚ ਅਸੀਂ ਇਕੱਠੇ ਹੋ ਰਹੇ ਹਾਂ, ਉਮੀਦ ਹੈ ਕਿ ਅਸੀਂ ਪੰਜਾਬ ਦੇ ਵਿਕਾਸ ਸੰਕਲਪ ਨੂੰ ਪੂਰਾ ਕਰਾਂਗੇ।
ਹਾਲੇ ਨਹੀਂ ਖੁੱਲ੍ਹੇਗਾ ਕਰਤਾਰਪੁਰ ਲਾਂਘਾ
ਕਰਤਾਰਪੁਰ ਲਾਂਘਾ ਖੋਲ੍ਹਣ ਦੇ ਐਲਾਨ ਦੇ ਕਿਆਸ ਵੀ ਲਾਏ ਜਾ ਰਹੇ ਸਨ, ਪਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਸਪੱਸ਼ਟ ਕੀਤਾ ਕਿ ਹਾਲੇ ਕਰਤਾਰਪੁਰ ਲਾਂਘਾ ਨਹੀਂ ਖੋਲ੍ਹਿਆ ਜਾਵੇਗਾ। ਅਮਿਤ ਸ਼ਾਹ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਆਪ੍ਰੇਸ਼ਨ ਸੰਧੂਰ ਤੋਂ ਬਾਅਦ ਆਰਜ਼ੀ ਤੌਰ ’ਤੇ ਬੰਦ ਹੈ। ਜਿਸ ਨੂੰ ਰਾਸ਼ਟਰੀ ਸੁਰੱਖਿਆ ਕਾਰਨਾਂ ਕਾਰਨ ਬੰਦ ਕੀਤਾ ਗਿਆ ਅਤੇ ਹਾਲਾਤ ਦੇ ਠੀਕ ਹੋਣ ’ਤੇ ਇਸ ਬਾਰੇ ਫ਼ੈਸਲਾ ਲਿਆ ਜਾਵੇਗਾ।
ਬੰਦੀ ਸਿੰਘਾਂ ਦੀ ਰਿਹਾਈ ਬਾਰੇ ਨਹੀਂ ਦਿੱਤਾ ਕੋਈ ਸਪੱਸ਼ਟ ਜਵਾਬ
ਪ੍ਰੈੱਸ ਕਾਨਫਰੰਸ ’ਚ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਪੁੱਛੇ ਸਵਾਲ ’ਤੇ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੱਸ਼ਟ ਜਵਾਬ ਨਾ ਦਿੰਦਿਆਂ ਕਿਹਾ ਕਿ ਇਸ ਮੁੱਦੇ ’ਤੇ ਵੀ ਵਿਚਾਰ ਕੀਤਾ ਜਾਵੇਗਾ। 
ਮੰਚ ਤੋਂ ਗਾਇਬ ਰਹੇ ਕੈਪਟਨ ਅਮਰਿੰਦਰ ਸਿੰਘ
ਅੱਜ ਦੀ ਸਾਂਝੀ ਪ੍ਰੈੱਸ ਕਾਨਫ਼ਰੰਸ ਭਾਜਪਾ-ਅਕਾਲੀ ਦਲ ਗੱਠਜੋੜ ਦੀ ਖੁੱਲ੍ਹੇਆਮ ਹਮਾਇਤ ਕਰਨ ਵਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਚ ਤੋਂ ਗੈਰ-ਹਾਜ਼ਰ ਸਨ। ਕੈਪਟਨ ਅਮਰਿੰਦਰ ਸਿੰਘ ਨੇ 2021 ’ਚ ਕਾਂਗਰਸ ਛੱਡੀ ਸੀ ਅਤੇ 2022 ’ਚ ਭਾਜਪਾ ’ਚ ਸ਼ਾਮਿਲ ਹੋਏ ਸਨ।  ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੇ ਸੰਬੰਧ ਕਾਫ਼ੀ ਸਮੇਂ ਤੋਂ ਸਵਾਲੀਆ ਨਿਸ਼ਾਨਾ ਉੱਤੇ ਸਨ, ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਨਾਲ ਹੋਰ ਹਵਾ ਮਿਲਦੀ ਹੈ ਜਿਸ ਵਿਚ ਉਹ ਕਹਿੰਦੇ ਹਨ ਕਿ ਭਾਜਪਾ ਵਿਚ ਸੀਨੀਅਰਾਂ ਦੀ ਪੁੱਛਗਿੱਛ ਨਹੀਂ ਹੈ।

ਪਿਛਲੀ ਖ਼ਬਰ ਨਵਜੰਮੇ ਬੱਚਿਆਂ ਨੂੰ ਮਾਂ ਦੇ ਦੁੱਧ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਦੋ ਰੋਜ਼ਾ 12ਵੀਂ ਸਾਲਾਨਾ ਕਾਨਫ਼ਰੰਸ ਅਗਲੀ ਖ਼ਬਰ ਭਾਜਪਾ-ਅਕਾਲੀ ਦਲ (ਬ) ਗੱਠਜੋੜ ਪੰਜਾਬ ਦੀ ਪਸੰਦ ਬਣੇਗਾ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।