‘ਜਸ਼ਨ-ਏ-ਇਨਕਲਾਬ’ ਸਮਾਗਮ ’ਚ ਵੱਡੀ ਗਿਣਤੀ ਵਿਚ ਸੂਬੇ ਭਰ ਤੋਂ ਪਹੁੰਚੇ ਲੋਕ
ਪ੍ਰਸਿੱਧ ਪੰਜਾਬੀ ਗਾਇਕ ਬਸੰਤ ਕੌਰ, ਰਣਜੀਤ ਬਾਵਾ, ਕੁਲਵਿੰਦਰ ਬਿੱਲਾ ਤੇ ਪਰੀ ਪੰਧੇਰ ਨੇ ਗਾਇਕੀ ਰਾਹੀਂ ਦਿੱਤੀ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ
ਲੁਧਿਆਣਾ, 28 ਸਤੰਬਰ (ਡਾ: ਤਰਲੋਚਨ ਸਿੰਘ)-ਪੰਜਾਬ ਸਰਕਾਰ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ‘ਜਸ਼ਨ-ਏ-ਇਨਕਲਾਬ’ ਸਮਾਗਮ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਗਰਾਊਂਡ ਵਿਖੇ ਕਰਵਾਇਆ ਗਿਆ, ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਸਮਾਗਮ ਵਿਚ ਸੂਬੇ ਭਰ ’ਚੋਂ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਜਿੱਥੇ ਪੂਰਾ ਪੀ.ਏ.ਯੂ. ਕੰਪਲੈਕਸ ਦੇਸ਼ ਭਗਤੀ ਦੇ ਰੰਗ ਵਿਚ ਰੰਗਿਆ ਹੋਇਆ ਸੀ, ਉਥੇ ਹੀ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਗੂੰਜਣ ਲੱਗ ਪਿਆ। ਇਸ ਮੌਕੇ ਪੰਜਾਬ ਦੇ ਪ੍ਰਸਿੱਧ ਗਾਇਕ ਬਸੰਤ ਕੌਰ, ਰਣਜੀਤ ਬਾਵਾ, ਕੁਲਵਿੰਦਰ ਬਿੱਲਾ, ਪਰੀ ਪੰਧੇਰ ਤੋਂ ਇਲਾਵਾ ਢਾਡੀ ਸਿੰਘਾਂ ਨੇ ਢਾਡੀ ਵਾਰਾਂ ਰਾਹੀਂ ਸ਼ਹੀਦ ਭਗਤ ਸਿੰਘ ਨੂੰ ਸਿੱਜਦਾ ਕੀਤਾ। ਇਸ ਮੌਕੇ ਮਨੀਸ਼ ਸਿਸੋਦੀਆ, ਅਮਨ ਅਰੋੜਾ, ਹਰਭਜਨ ਸਿੰਘ ਈ.ਟੀ.ਓ., ਹਰਪਾਲ ਸਿੰਘ ਚੀਮਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਮਾਗਮ ਦੌਰਾਨ ਭਾਸ਼ਣ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਨੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਗਾ ਕੇ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਹੀ ਸ਼ਹੀਦ ਭਗਤ ਸਿੰਘ ਨੇ ਜਨਮ ਲਿਆ ਸੀ ਤੇ ਅੱਜ ਦੇ ਦਿਨ ਹੀ ਇਕ ਇਨਕਲਾਬ ਅਤੇ ਇਕ ਸੋਚ ਨੇ ਜਨਮ ਲਿਆ ਸੀ ਅਤੇ ਅੱਜ ਦੇ ਦਿਨ ਹੀ ਬਾਪੂ ਕਿਸ਼ਨ ਸਿੰਘ ਜੀ ਦੇ ਘਰ ਇਕ ਦੀਵੇ, ਇਕ ਲੋਅ ਤੇ ਇਕ ਚਾਨਣ ਨੇ ਜਨਮ ਲਿਆ ਸੀ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਲੱਖ ਵਾਰ ਸਿਜਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਸ ਸਮੇਂ ਸ਼ਹੀਦ ਭਗਤ ਸਿੰਘ ਲਾਹੌਰ ਕਾਲਜ ਵਿਖੇ ਪੜ੍ਹਦੇ ਸੀ, ਉਸ ਸਮੇਂ ਹੀ ਉਨ੍ਹਾਂ ਦੀ ਚਿਣਗ ਦੇਸ਼ ਭਗਤੀ ਨਾਲ ਲੱਗ ਗਈ। ਮੁੱਖ ਮੰਤਰੀ ਨੇ ਸ਼ਹੀਦ ਭਗਤ ਸਿੰਘ ਦਾ ਮਸ਼ਹੂਰ ਸ਼ੇਅਰ ‘ਇਸ਼ਕ ਕਰਨਾ ਸਭਕਾ ਪੈਦਾਇਸ਼ੀ ਹੱਕ ਹੈ, ਕਿਉਂ ਨਾ ਇਸ ਵਾਰ ਵਤਨ ਕੀ ਸਰਜਮੀਂ ਕੋ ਮਹਿਬੂਬ ਬਨਾ ਲਿਆ ਜਾਏ’ ਵੀ ਸੁਣਾਇਆ। ਉਨ੍ਹਾਂ ਕਿਹਾ ਕਿ ਜਿਹੜੇ ਵਤਨ ਦੀ ਸਰਜਮੀਂ ਨੂੰ ਮਹਿਬੂਬ ਬਣਾਉਂਦੇ ਨੇ ਉਨ੍ਹਾਂ ਦੇ ਨਾਮ ’ਤੇ ਹੀ ਫਿਰ ਮੇਲੇ ਲੱਗਦੇ ਹਨ। ਉਨ੍ਹਾਂ ਕਿਹਾ ਕਿ ਅੱਜ ਤੋਂ ਹਜ਼ਾਰ ਸਾਲ ਬਾਅਦ ਸਾਡੀਆਂ 20-25 ਪੀੜ੍ਹੀਆਂ ਸ਼ਾਇਦ ਨਹੀਂ ਹੋਣਗੀਆਂ, ਪਰ ਹਜ਼ਾਰ ਸਾਲ ਬਾਅਦ ਵੀ ਭਗਤ ਸਿੰਘ 23 ਸਾਲਾਂ ਦਾ ਹੀ ਹੋਵੇਗਾ ਤੇ ਉਸ ਸਮੇਂ ਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹੀ ਰਹੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸੇ ਸਰਕਾਰ ਨੇ ਭਗਤ ਸਿੰਘ ਨੂੰ ਗੌਲਿਆ ਹੀ ਨਹੀਂ, ਉਨ੍ਹਾਂ ਦੀਆਂ ਕੁਰਬਾਨੀਆਂ ਭੁਲਾ ਦਿੱਤੀਆਂ, ਜਦੋਂ 23 ਮਾਰਚ ਨੂੰ ਕਦੇ ਪਿੰਡ ਜਾਂਦੇ ਸੀ, ਖਟਕੜ ਕਲਾਂ ਉਥੇ ਹਾਰ ਪਾਕੇ ਵਾਪਸ ਮੁੜ ਆਉਂਦੇ ਸੀ, ਪਰ ਉਦੋਂ ਭਗਤ ਸਿੰਘ ਦੀ ਆਤਮਾ ਤੜਫ਼ਦੀ ਹੋਣੀ ਜਦੋਂ ਕੁਰੱਪਸ਼ਨ ਵਾਲੇ ਹੱਥਾਂ ਨਾਲ ਹਾਰ ਪੈਂਦੇ ਸੀ। ਉਨ੍ਹਾਂ ਕਿਹਾ ਕਿ ਅੱਜ ਭਗਤ ਸਿੰਘ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੋਣੀ ਆ ਕਿ ਅਜੇ ਕੋਈ ਹੈਗਾ, ਜਿਨ੍ਹਾਂ ਨੇ ਸਾਡਾ ਇਨਕਲਾਬ ਵਾਲਾ ਦੀਵਾ ਬੁਝਣ ਨਹੀਂ ਦਿੱਤਾ ਅਤੇ ਤੇਲ ਮੁੱਕਣ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਸ ਇਨਕਲਾਬ ਵਾਲੇ ਦੀਵੇ ਵਿਚ ਭਾਵੇਂ ਸਾਨੂੰ ਤੇਲ ਦੀ ਥਾਂ ਖ਼ੂਨ ਪਾਉਣਾ ਪਵੇ, ਪਰ ਦੀਵਾ ਬੁਝਣ ਨਹੀਂ ਦੇਣਾ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਇਨਕਲਾਬ ਦੇ ਨਾਅਰੇ ਗੂੰਜਦੇ ਸੀ, ਤਾਂ ਗੋਰਿਆਂ ਦੀਆਂ ਸਰਕਾਰਾਂ ਦੀਆਂ ਚੂਲਾਂ ਹਿੱਲ ਜਾਂਦੀਆਂ ਸੀ, ਜਦੋਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਰਾਜਗੁਰੂ, ਸੁਖਦੇਵ ਤੇ ਭਗਤ ਸਿੰਘ ਪੇਸ਼ੀ ਭੁਗਤਣ ਵਾਸਤੇ ਅਦਾਲਤ ਵਿਚ ਆਉਂਦੇ ਸੀ ਤਾਂ ਲਾਹੌਰ ਦੀਆਂ ਕੰਧਾਂ ਕੰਬਣ ਲੱਗ ਜਾਂਦੀਆਂ ਸੀ। ਉਨ੍ਹਾਂ ਕਿਹਾ ਕਿ ਭਗਤ ਸਿੰਘ ਹੋਰੀਂ ਵੀ 90-90 ਸਾਲ ਦੀ ਉਮਰ ਭੋਗ ਸਕਦੇ ਸੀ, ਜਦੋਂ ਉਹ ਦੇਸ਼ ਦਾ ਹਾਲ ਦੇਖਦੇ ਹੋਣਗੇ ਭ੍ਰਿਸ਼ਟਾਚਾਰ, ਬਦ-ਇੰਤਜ਼ਾਮੀ, ਬੇਇਨਸਾਫ਼ੀਆਂ ਤਾਂ ਉਨ੍ਹਾਂ ਦੀ ਆਤਮਾ ਤੜਫ਼ਦੀ ਹੋਵੇਗੀ ਕਿ ਅਸੀਂ ਇਸ ਲਈ ਦੇਸ਼ ਲਈ ਕੁਰਬਾਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਹੋਰਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਸੀ ਕਿ ਆਜ਼ਾਦੀ ਆਵੇਗੀ ਕਿ ਨਹੀਂ, ਸਿਰਫ਼ ਇਕੋ ਗੱਲ ਦੀ ਚਿੰਤਾ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਵਿਚ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਦੋਂ ਬੜਾ ਦੁੱਖ ਹੁੰਦਾ, ਜਦੋਂ ਬਜ਼ੁਰਗਾਂ ਪਾਸੋਂ ਸੁਣੀਦਾ ਹੈ ਕਿ ਇਸ ਦੇਸ਼ ਵਿਚ ਜਿਸ ਤਰ੍ਹਾਂ ਦਾ ਰਾਜ ਚੱਲ ਰਿਹਾ ਹੈ, ਉਸ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਜ ਹੀ ਚੰਗਾ ਸੀ, ਕਿ ਘੱਟੋ ਘੱਟ ਉਨ੍ਹਾਂ ਦੀਆਂ ਅਦਾਲਤਾਂ ’ਚੋਂ ਇਨਸਾਫ਼ ਤਾਂ ਮਿਲ ਜਾਂਦਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦਾਂ ਦੀ ਸੋਚ ਸੀ ਕਿ ਚੰਗੀ ਪੜ੍ਹਾਈ, ਚੰਗਾ ਪ੍ਰਸ਼ਾਸਨ, ਇਮਾਨਦਾਰੀ, ਸਚਾਈ ਦੀ ਜਿੱਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਵਾਸੀਆਂ ਨੇ ਪਿਛਲੇ ਸਾਢੇ ਚਾਰ ਸਾਲਾਂ ਤੋਂ ਬਤੌਰ ਮੁੱਖ ਮੰਤਰੀ ਵਜੋਂ ਉਨ੍ਹਾਂ ਦੀ ਜ਼ਿੰਮੇਵਾਰੀ ਲਗਾਈ ਹੋਈ ਹੈ। ਉਨ੍ਹਾਂ ਕਿਹਾ ਕਿ ਜਿੰਨੇ ਮੇਰੇ ਸਰੋਤ ਹਨ, ਮੈਂ ਇਕ ਵੀ ਉਨ੍ਹਾਂ ਵਿਚੋਂ ਵਰਤੇ ਬਗੈਰ ਨਹੀਂ ਛੱਡਾਂਗਾ, ਸਾਰਾ ਕੁੱਝ ਪੰਜਾਬ ਦੇ ਲੋਕਾਂ ਲਈ ਅਤੇ ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਦੇ ਪੜ੍ਹਾਈ ਦੇ ਮਾਮਲੇ ਵਿਚ ਕੇਰਲਾ ਅੱਗੇ ਹੁੰਦਾ ਸੀ, ਪਰ ਖ਼ੁਸ਼ੀ ਦੀ ਗੱਲ ਹੈ ਕਿ ਪੰਜਾਬ ਨੇ ਕੇਰਲਾ ਨੂੰ ਪਛਾੜ ਕੇ ਪਹਿਲੇ ਨੰਬਰ ਤੇ ਆਉਣ ਦਾ ਮਾਣ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ 2021 ਵਿਚ 80 ਵਿਦਿਆਰਥੀਆਂ ਨੇ ਨੀਟ ਦਾ ਪੇਪਰ ਪਾਸ ਕੀਤਾ ਸੀ, ਜਦ ਕਿ ਹੁਣ 882 ਬੱਚਿਆਂ ਨੇ ਨੀਟ ਦਾ ਪੇਪਰ ਪਾਸ ਕੀਤਾ ਹੈ, ਉਹ ਸਾਰੇ ਆਮ ਘਰਾਂ ਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਭਰ ਵਿਚ 1100 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਜਿਨ੍ਹਾਂ ’ਚੋਂ ਸਾਢੇ 5 ਕਰੋੜ ਲੋਕ ਇਸਦਾ ਲਾਭ ਲੈ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿਚ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ, ਜਿਹੜੇ ਕਿਸਾਨਾਂ ਨੂੰ ਕਦੇ ਬਿਜਲੀ ਲਈ ਸਰਕਾਰ ਵੱਲ ਦੇਖਣਾ ਪੈਂਦਾ ਸੀ, ਹੁਣ ਉਥੇ ਬਿਜਲੀ ਨਿਰਵਿਘਨ ਦਿੱਤੀ ਜਾ ਰਹੀ ਹੈ। ਬਿਨਾਂ ਕਿਸੇ ਰਿਸ਼ਵਤ ਲਏ 70 ਹਜ਼ਾਰ 892 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ, ਜਿਸ ਨਾਲ ਹੁਣ ਬਾਹਰਲੇ ਮੁਲਕਾਂ ਨੂੰ ਜਾਣ ਦੀ ਦੌੜ ਘੱਟ ਗਈ ਹੈ। ਇਸ ਮੌਕੇ ਭਾਸ਼ਨ ਦੀ ਸਮਾਪਤੀ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਨਾਲ ਕੀਤੀ।
ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ‘ਤੇ ਆਧਾਰਿਤ ਨਾਟਕ ਨੇ ਨੌਜਵਾਨਾਂ ਨੂੰ ਇਨਕਲਾਬੀ ਵਿਰਸੇ ਨਾਲ ਜੋੜਿਆ
ਇਸ ਪ੍ਰੋਗਰਾਮ ਵਿਚ ਪ੍ਰਸਿੱਧ ਨਾਟਕ ‘ਗਗਨ ਦਮਾਮਾ ਬਾਜਿਓ’ ਦਾ ਮੰਚਨ ਵੀ ਕੀਤਾ ਗਿਆ, ਜਿਸ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਇਨਕਲਾਬੀ ਯਾਤਰਾ ਤੇ ਕੁਰਬਾਨੀਆਂ ਨੂੰ ਤਾਜ਼ਾ ਕਰ ਦਿੱਤਾ। ਰੰਗਮੰਚ, ਸੰਗੀਤ ਤੇ ਸਭਿਆਚਾਰਕ ਪ੍ਰਦਰਸ਼ਨਾਂ ਦੇ ਜ਼ਰੀਏ ਪੰਜਾਬ ਸਰਕਾਰ ਨੇ ਨਵੀਂ ਪੀੜ੍ਹੀ ਨੂੰ ਸ਼ਹੀਦਾਂ ਦੇ ਇਤਿਹਾਸ, ਆਦਰਸ਼ਾਂ ਅਤੇ ਕੁਰਬਾਨੀਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਜਸ਼ਨਾਂ ਵਿਚ ਭਾਗ ਲੈ ਰਹੇ ਨੌਜਵਾਨਾਂ ਤੇ ਪਰਿਵਾਰਾਂ ਵਿਚ ਦੇਸ਼ ਭਗਤੀ ਦਾ ਜਜ਼ਬਾ ਭਰ ਗਿਆ। ਇਹ ਪ੍ਰੋਗਰਾਮ ਵਿਸ਼ੇਸ਼ ਤੌਰ ’ਤੇ ਇਹ ਯਕੀਨੀ ਬਣਾਉਣ ਲਈ ਉਲੀਕਿਆ ਗਿਆ ਸੀ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇ।