23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

9 ਮਿੰਟ ਹੀ ਚੱਲੀ ਵਿਧਾਨ ਸਭਾ ਇਜਲਾਸ ਦੇ ਪਹਿਲੇ ਦਿਨ ਦੀ ਕਾਰਵਾਈ ਕਾਂਗਰਸ ਮੈਂਬਰ ਅਮਨ-ਕਾਨੂੰਨ ਅਤੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸਦਨ ’ਚ ਕਰਨਾ ਚਾਹੁੰਦੇ ਸਨ ਹੰਗਾਮਾ

ਚੰਡੀਗੜ੍ਹ, 22 ਅਕਤੂਬਰ (ਹਰਕਵਲਜੀਤ ਸਿੰਘ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਅੱਜ ਵਿਧਾਨ ਸਭਾ ਦੇ ਤਿੰਨ ਦਿਨਾ ਇਜਲਾਸ ਦੀ ਪਹਿਲੀ ਬੈਠਕ ਦੌਰਾਨ ਸ਼ੋਕ ਮਤੇ ਪਾਸ ਕਰਨ ਦੀ 9 ਮਿੰਟਾਂ ਦੀ ਕਾਰਵਾਈ ....

ਅਜੀਤ ਡੈਸਕ 23-10-2026

ਚੰਡੀਗੜ੍ਹ, 22 ਅਕਤੂਬਰ (ਹਰਕਵਲਜੀਤ ਸਿੰਘ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਅੱਜ ਵਿਧਾਨ ਸਭਾ ਦੇ ਤਿੰਨ ਦਿਨਾ ਇਜਲਾਸ ਦੀ ਪਹਿਲੀ ਬੈਠਕ ਦੌਰਾਨ ਸ਼ੋਕ ਮਤੇ ਪਾਸ ਕਰਨ ਦੀ 9 ਮਿੰਟਾਂ ਦੀ ਕਾਰਵਾਈ ਤੋਂ ਬਾਅਦ ਇਜਲਾਸ ਦੀ ਅੱਜ ਦੀ ਬੈਠਕ ਉਠਾ ਦਿੱਤੀ ਗਈ। ਵਿਧਾਇਕਾਂ ਲਈ ਇਹ ਇਕ ਹੈਰਾਨੀਜਨਕ ਫ਼ੈਸਲਾ ਸੀ ਕਿਉਂਕਿ ਵਿਧਾਨ ਸਭਾ ਸਕੱਤਰੇਤ ਵਲੋਂ ਬੀਤੀ ਸ਼ਾਮ ਜੋ ਪ੍ਰੋਗਰਾਮ ਜਾਰੀ ਕੀਤਾ ਗਿਆ ਸੀ, ਉਸ ਅਨੁਸਾਰ ਸ਼ੋਕ ਮਤਿਆਂ ਤੋਂ ਬਾਅਦ ਵਿਧਾਇਕਾਂ ਲਈ ਪੁੱਛੇ ਗਏ ਲਿਖਤੀ ਸਵਾਲਾਂ ਦੇ ਜਵਾਬਾਂ ਦਾ ਸਮਾਂ ਸੀ ਅਤੇ ਉਸ ਬਾਅਦ ਤਿੰਨ ਧਿਆਨ ਦਿਵਾਊ ਮਤਿਆਂ ’ਤੇ ਜਵਾਬ ਆਉਣੇ ਸਨ ਅਤੇ ਸਿਫਰ ਕਾਲ ਤੋਂ ਬਾਅਦ ਗੈਰ ਸਰਕਾਰੀ ਕੰਮਕਾਜ ਲਈ ਸਮਾਂ ਨਿਸ਼ਚਿਤ ਸੀ ਜਿਸ ਲਈ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਪੰਜਾਬ ਦੀਆਂ ਚੋਣਾਂ ਐਸ.ਆਈ.ਆਰ. ਦੀ ਥਾਂ ਪੁਰਾਣੀਆਂ ਵੋਟਰ ਸੂਚੀਆਂ ਅਨੁਸਾਰ ਕਰਵਾਉਣ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਦੋ ਮਤੇ ਵਿਚਾਰ-ਵਟਾਂਦਰੇ ਲਈ ਰੱਖੇ ਗਏ ਸਨ ਪਰ ਸਪੀਕਰ ਵਲੋਂ ਆਖਰੀ ਮੌਕੇ ਇਜਲਾਸ ਦੀ ਬੈਠਕ ਕੱਲ੍ਹ ਸਵੇਰ ਤੱਕ ਉਠਾਉਣ ਦਾ ਕਿਉਂ ਐਲਾਨ ਕੀਤਾ ਗਿਆ, ਇਸ ਦਾ ਕੋਈ ਕਾਰਨ ਸਾਹਮਣੇ ਨਹੀਂ ਆਇਆ ਪਰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਗਾਇਆ ਕਿ ਸਰਕਾਰ ਵਲੋਂ ਅਜਿਹਾ ਰਾਜ ਵਿਚਲੀ ਮੌਜੂਦਾ ਅਮਨ ਕਾਨੂੰਨ ਦੀ ਸਥਿਤੀ ਅਤੇ ਨਸ਼ਿਆਂ ਦੇ ਪਸਾਰ ਦੇ ਮੁੱਦੇ ਨੂੰ ਸਦਨ ਵਿਚ ਉਠਾਉਣ ਤੋਂ ਰੋਕਣ ਲਈ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵਿਰੋਧੀ ਧਿਰ ਨੂੰ ਤਾਂ ਕਹਿੰਦੀ ਹੈ ਕਿ ਇਕ ਦਿਨ ਦੇ ਇਜਲਾਸ ’ਤੇ 1.50 ਕਰੋੜ ਰੁਪਏ ਦਾ ਖ਼ਰਚਾ ਆਉਂਦਾ ਹੈ, ਪਰ ਅੱਜ ਦਾ ਬਾਕੀ ਇਜਲਾਸ ਰੱਦ ਕਰਨ ਲਈ ਇਹ ਗੱਲ ਕਿਉਂ ਨਹੀਂ ਸੋਚੀ ਗਈ। ਵਿਰੋਧੀ ਧਿਰ ਵਲੋਂ ਕੱਲ੍ਹ ਦੇ ਇਜਲਾਸ ਦੌਰਾਨ ਦੁਬਾਰਾ ਆਪਣੇ ਮੁੱਦੇ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਪਰ ਵਿਧਾਨ ਸਭਾ ਸਕੱਤਰੇਤ ਵਲੋਂ ਕੱਲ੍ਹ ਲਈ ਜੋ ਕਾਰਜਸੂਚੀ ਅੱਜ ਰਾਤ ਜਾਰੀ ਕੀਤੀ ਗਈ ਹੈ, ਉਸ ਅਨੁਸਾਰ ਸਰਕਾਰ ਵਲੋਂ ਕੱਲ੍ਹ ਇਕ ਸਰਕਾਰੀ ਮਤਾ ਪੇਸ਼ ਕੀਤਾ ਜਾ ਰਿਹਾ ਹੈ, ਜਿਸ ’ਤੇ ਸਦਨ ਵਿਚ ਬਹਿਸ ਵੀ ਹੋਵੇਗੀ। ਇਸ ਅਹਿਮ ਮਤੇ ਰਾਹੀਂ ਐਸ.ਆਈ.ਆਰ. ਰਾਹੀਂ ਦੇਸ਼ ਭਰ ’ਚ ਵੱਡੇ ਪੱਧਰ ’ਤੇ ਕੱਟੀਆਂ ਗਈਆਂ ਵੋਟਾਂ ਦਾ ਮੁੱਦਾ ਉਠਾਇਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਦੇਸ਼ ਦਾ ਵਿਧਾਨ ਦੇਸ਼ ਦੇ ਹਰ ਨਾਗਰਿਕ ਨੂੰ ਵੋਟ ਦਾ ਅਧਿਕਾਰ ਦਿੰਦਾ ਹੈ, ਜਿਸ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ। ਮਤੇ ’ਚ ਚੋਣ ਪ੍ਰਕਿਰਿਆ ਅਤੇ ਵੋਟਰ ਸੂਚੀਆਂ ਵਿਚਲੀਆਂ ਬੇਨਿਯਮੀਆਂ ਦੀ ਸੁਤੰਤਰ ਅਤੇ ਭਰੋਸੇਯੋਗ ਜਾਂਚ ਕਰਵਾਉਣ ਦੀ ਮੰਗ ਕੀਤੀ ਜਾਵੇਗੀ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਵੀ ਮੰਗ ਕੀਤੀ ਜਾਵੇਗੀ। ਮਤੇ ’ਚ ਚੋਣ ਕਮਿਸ਼ਨ ਨੂੰ ਸੁਤੰਤਰ, ਨਿਰਪੱਖ ਅਤੇ ਜਵਾਬਦੇਹ ਰੱਖਣ ਲਈ ਵੀ ਮੰਗ ਕੀਤੀ ਜਾਵੇਗੀ। ਪਰ ਅੱਜ ਦੇ ਇਜਲਾਸ ਲਈ ਰੱਖੇ ਹੋਏ ਗ਼ੈਰ ਕਾਨੂੰਨੀ ਸਰਕਾਰੀ ਮਤਿਆਂ ਅਤੇ ਧਿਆਨ ਦਿਵਾਊ ਮਤਿਆਂ ਦਾ ਕੱਲ੍ਹ ਦੀ ਕਾਰਜਸੂਚੀ ’ਚ ਕੋਈ ਜ਼ਿਕਰ ਨਹੀਂ ਹੈ। ਕੱਲ੍ਹ ਦੇ ਇਜਲਾਸ ਦੀ ਸ਼ੁਰੂਆਤੀ ਲਿਖਤੀ ਸਵਾਲਾਂ ਦੇ ਜਵਾਬਾਂ ਦੇ ਇਕ ਘੰਟੇ ਦੇ ਸਮੇਂ ਨਾਲ ਹੋਵੇਗੀ ਜਦੋਂ ਕਿ ਕੱਲ੍ਹ ਦੇ ਇਜਲਾਸ ਲਈ ਸਦਨ ’ਚ ਧਿਆਨ ਦਿਵਾਊ ਮਤੇ ਆਉਣਗੇ ਅਤੇ ਵੱਖ-ਵੱਖ ਵਿਭਾਗਾਂ ਦੀਆਂ ਰਿਪੋਰਟਾਂ ਅਤੇ ਹੋਰ ਕਾਗ਼ਜ਼ ਸਦਨ ਦੇ ਮੇਜ਼ ’ਤੇ ਰੱਖੇ ਜਾਣਗੇ। ਚਰਚਾ ਇਹ ਵੀ ਹੈ ਕਿ ਸਰਕਾਰ ਇਸ ਇਜਲਾਸ ਦੌਰਾਨ ਔਰਤਾਂ ਲਈ ਕੋਈ ਹੋਰ ਨਵੀਂ ਰਿਆਇਤ ਦਾ ਐਲਾਨ ਵੀ ਕਰ ਸਕਦੀ ਹੈ।

ਪਿਛਲੀ ਖ਼ਬਰ ਸਾਊਦੀ ਹਵਾਈ ਅੱਡੇ ’ਤੇ ਹਮਲੇ ’ਚ ਇਕ ਭਾਰਤੀ ਨਾਗਰਿਕ ਦੀ ਮੌਤ, 2 ਹੋਰ ਜ਼ਖ਼ਮੀ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਸਮੇਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।