11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਬ੍ਰਿਕਸ ਸੰਮੇਲਨ ਦਿੱਲੀ ’ਚ ਅੱਜ ਤੋਂ ਪੁਤਿਨ ਤੇ ਜਿਨਪਿੰਗ ਦੋਵੇਂ ਕਰਨਗੇ ਸ਼ਿਰਕਤ

ਨਵੀਂ ਦਿੱਲੀ, 10 ਸਤੰਬਰ-ਭਾਰਤ ਦੀ ਰਾਜਧਾਨੀ ਦਿੱਲੀ ’ਚ 11 ਮੈਂਬਰ ਦੇਸ਼ਾਂ ਅਤੇ 10 ਭਾਈਵਾਲ ਦੇਸ਼ਾਂ ਦੇ ਸਮੂਹ ਬ੍ਰਿਕਸ ਦੇ 18ਵੇਂ ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ’ਚ ਰੂਸ ਦੇ ਰਾਸ਼ਟਰਪਤੀ ..

ਅਜੀਤ ਡੈਸਕ 11-09-2026

ਮੋਦੀ ਅਤੇ ਪੁਤਿਨ ਦਰਮਿਆਨ ਹੋਵੇਗੀ ਦੁਵੱਲੀ ਬੈਠਕ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 10 ਸਤੰਬਰ-ਭਾਰਤ ਦੀ ਰਾਜਧਾਨੀ ਦਿੱਲੀ ’ਚ 11 ਮੈਂਬਰ ਦੇਸ਼ਾਂ ਅਤੇ 10 ਭਾਈਵਾਲ ਦੇਸ਼ਾਂ ਦੇ ਸਮੂਹ ਬ੍ਰਿਕਸ ਦੇ 18ਵੇਂ ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ’ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਜਿਹੇ ਆਗੂ ਸ਼ਾਮਿਲ ਹੋ ਰਹੇ ਹਨ। ਪ੍ਰਾਪਤ ਜਾਣਕਾਰੀ ਮੁਤਾਬਿਕ ਪੁਤਿਨ 11 ਸਤੰਬਰ ਅਤੇ ਜਿਨਪਿੰਗ 12 ਸਤੰਬਰ ਨੂੰ ਦਿੱਲੀ ਪਹੁੰਚਣਗੇ। ਇਨ੍ਹਾਂ ਦੋਵੇਂ ਨੇਤਾਵਾਂ ਤੋਂ ਇਲਾਵਾ ਹੋਰ ਆਲਮੀ ਨੇਤਾ ਵੀ ਇਸ ਸਿਖ਼ਰ ਸੰਮੇਲਨ ’ਚ ਹਿੱਸਾ ਲੈਣ ਲਈ ਦਿੱਲੀ ਆਉਣਗੇ, ਜਿਸ ’ਚ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕਿਅਨ, ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ, ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਹ ਅਲ ਸਿਸੀ, ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬਿਯਾਂਤੋ ਅਤੇ ਅਬੂ ਧਾਬੀ ਦੇ ਵਲੀ ਅਹਿਮਦ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜਾਯਦ ਅਲ ਕਾਹਯਾਨ ਸ਼ਾਮਿਲ ਹੋਣਗੇ।

ਬ੍ਰਿਕਸ ਸਿਖ਼ਰ ਸੰਮੇਲਨ ’ਚ ਸ਼ਮੂਲੀਅਤ ਨੂੰ ਲੈ ਕੇ ਜਿਥੇ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਮੰਗਲਵਾਰ ਨੂੰ ਹੀ ਪੁਸ਼ਟੀ ਕਰ ਦਿੱਤੀ ਸੀ, ਉਥੇ ਚੀਨ ਦੇ ਰਾਸ਼ਟਰਪਤੀ ਦੀ ਸ਼ਿਰਕਤ ਨੂੰ ਲੈ ਕੇ ਵੀਰਵਾਰ ਦੁਪਹਿਰ ਤੱਕ ਸ਼ਸ਼ੋਪੰਜ ਬਣੀ ਰਹੀ। ਜਿਸ ਤੋਂ ਬਾਅਦ ਚੀਨੀ ਮੰਤਰਾਲੇ ਨੇ ਉਨ੍ਹਾਂ ਦੀ ਆਮਦ ਦੀ ਪੁਸ਼ਟੀ ਕੀਤੀ। ਜਿਨਪਿੰਗ ਦੇ ਭਾਰਤ ਦੌਰੇ ਨੂੰ ਲੈ ਕੇ ਚੀਨੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਹੀ ਪਹਿਲਾਂ ਇਸ ਸੰਬੰਧ ’ਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ। ਫਿਰ ਬਾਅਦ ਦੁਪਹਿਰ ਚੀਨ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ ਰਾਸ਼ਟਰਪਤੀ ਸ਼ੀ ਜਿਨਪਿੰਗ 12 ਅਤੇ 13 ਸਤੰਬਰ ਨੂੰ ਨਵੀਂ ਦਿੱਲੀ ’ਚ ਹੋਣ ਵਾਲੇ 18ਵੇਂ ਬ੍ਰਿਕਸ ਸੰਮੇਲਨ ’ਚ ਸ਼ਿਰਕਤ ਕਰਨਗੇ। ਜਿਨਪਿੰਗ ਦਾ ਇਹ ਦੌਰਾ 2020 ’ਚ ਗਲਵਾਨ ਘਾਟੀ ’ਚ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਭਾਰਤ ਦਾ ਪਹਿਲਾ ਦੌਰਾ ਹੋਵੇਗਾ। 15 ਜੂਨ 2020 ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ ’ਚ ਹੋਈਆਂ ਝੜਪਾਂ ’ਚ 20 ਭਾਰਤੀ ਫ਼ੌਜੀ ਸ਼ਹੀਦ ਹੋਏ ਸਨ, ਜਦਕਿ ਚੀਨ ਨੇ ਆਪਣੇ 4 ਫ਼ੌਜੀ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ। ਇਸ ਤੋਂ ਪਹਿਲਾਂ ਸ਼ੀ ਜਿਨਪਿੰਗ ਆਖਰੀ ਵਾਰ 11-12 ਅਕਤੂਬਰ 2016 ’ਚ ਭਾਰਤ ਆਏ ਸਨ। ਇਹ ਦੌਰਾ ਚੇਨੇਈ ਦੇ ਮਹਾਂਬਲੀਪੁਰਮ ’ਚ ਹੋਇਆ ਸੀ।

ਸਾਂਝਾ ਘੋਸ਼ਣਾ ਪੱਤਰ ਭਾਰਤ ਲਈ ਚੁਣੌਤੀ
ਪੱਛਣੀ ਏਸ਼ੀਆ ਸੰਕਟ ਅਤੇ ਆਲਮੀ ਉਥਲ ਪੁਥਲ ਦੇ ਸਮੇਂ ਹੋ ਰਹੇ 18ਵੇਂ ਬ੍ਰਿਕਸ ਸੰਮੇਲਨ ਦੇ ਅਖੀਰ ’ਚ ਸਾਂਝਾ ਘੋਸ਼ਣਾ ਪੱਤਰ ਤਿਆਰ ਕਰਵਾਉਣਾ ਭਾਰਤ ਲਈ ਵੱਡੀ ਚੁਣੌਤੀ ਬਣ ਗਿਆ ਹੈ। ਈਰਾਨ-ਅਮਰੀਕਾ ਅਤੇ ਇਜ਼ਰਾਈਲ ਜੰਗ ਦੇ ਕਾਰਨ ਬਣੇ ਹਾਲਾਤ ਕਾਰਨ ਉਲਝਣ ਹੋਰ ਵੀ ਵਧ ਗਈ ਹੈ। ਯੂ.ਈ.ਈ., ਈਰਾਨ ਅਤੇ ਸਾਊਦੀ ਅਰਬ ਬ੍ਰਿਕਸ ਦੇ ਨਵੇਂ ਮੈਂਬਰ ਹਨ, ਜਿਨ੍ਹਾਂ ਨੂੰ ਆਪਸੀ ਸਹਿਮਤੀ ’ਤੇ ਰਾਜ਼ੀ ਕਰਨ ਲਈ ਭਾਰਤ, ਰੂਸ, ਬ੍ਰਾਜ਼ੀਲ ਅਤੇ ਮਿਸਰ ਦੇ ਅਧਿਕਾਰੀ ਪੂਰਾ ਜ਼ੋਰ ਲਗਾ ਰਹੇ ਹਨ। ਈਰਾਨ ਚਾਹੁੰਦਾ ਹੈ ਕਿ ਅਮਰੀਕਾ ਇਜ਼ਰਾਈਲ ਨੇ ਉਸ ’ਤੇ ਜੋ ਹਮਲਾ ਕੀਤਾ ਹੈ, ਉਸਦੀ ਨਿਖੇਧੀ ਕੀਤੀ ਜਾਵੇ, ਜਦਕਿ ਯੂ.ਏ.ਈ. ਚਾਹੁੰਦਾ ਹੈ ਕਿ ਈਰਾਨ ਨੇ ਵਪਾਰਕ ਜਹਾਜ਼ਾਂ ’ਤੇ ਜੋ ਹਮਲੇ ਕੀਤੇ ਹਨ ਉਨ੍ਹਾਂ ਦੀ ਆਲੋਚਨਾ ਕੀਤੀ ਜਾਵੇ। ਸਊਦੀ ਅਰਬ ਹੁਤੀ ਵਿਦਰੋਹੀਆਂ ਦੇ ਹਮਲੇ ਨੂੰ ਲੈ ਕੇ ਰੋਹ ’ਚ ਹੈ। ਇਸ ਸਭ ਨੂੰ ਵੇਖਦਿਆਂ ਸਾਂਝੀ ਘੋਸ਼ਣਾ ਪੱਤਰ ਵੱਡੀ ਚੁਣੌਤੀ ਨਜ਼ਰ ਆ ਰਿਹਾ ਹੈ।

ਸੰਮੇਲਨ ’ਚ ਸ਼ਾਮਿਲ ਹੋਣ ਵਾਲੇ ਹੋਰ ਆਲਮੀ ਨੇਤਾ
ਸਿਖ਼ਰ ਸੰਮੇਲਨ ’ਚ ਸ਼ਾਮਿਲ ਹੋਣ ਵਾਲੇ ਹੋਰ ਆਲਮੀ ਨੇਤਾਵਾਂ ’ਚ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਮੌਰੋ ਵਿਏਰਾ, ਬੇਲਾਰੂਸ ਦੇ ਰਾਸ਼ਟਰਪਤੀ ਐਲਕਜੇਂਡਰ ਲੁਕਾਸ਼ੇਕੋ, ਕਜ਼ਾਕਿਸਤਾਨ ਦੇ ਰਾਸ਼ਟਰਪਤੀ ਕਾਸਿਮ ਜੋਮਾਰਟ, ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਸਵਰ ਇਬਰਾਹਿਮ ਸ਼ਾਮਿਲ ਹਨ। ਇਸ ਤੋਂ ਇਲਾਵਾ ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਚਰਨਵਿਰਾਕੁਲ, ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਿਯਾਜ ਕੈਸੇਲ, ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਟਿਨੁਬੁ, ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ੀਯੋਯੇਵ, ਯੁਗਾਂਡਾ ਦੇ ਉਪ ਰਾਸ਼ਟਰਪਤੀ ਜੇਸਿਕਾ ਅਲੁਪੋ ਅਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੀਨੀਓ ਗੁਟੇਰੇਸ ਵੀ ਸ਼ਾਮਿਲ ਹੋਣਗੇ।

ਪ੍ਰਧਾਨ ਮੰਤਰੀ ਨੇ ਤਿਆਰੀਆਂ ਦੀ ਵੀਡੀਓ ਕੀਤੀ ਸਾਂਝੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਸਿਖਰ ਸੰਮੇਲਨ ਦੇ ਸਥਾਨ ਭਾਰਤ ਮੰਡਪਮ ’ਚ ਚੱਲ ਰਹੀਆਂ ਤਿਆਰੀਆਂ ਦੀਆਂ ਝਲਕੀਆਂ ਵਾਲੀ ਇੱਕ ਵੀਡੀਓ ਸਾਂਝੀ ਕੀਤੀ। ਲਗਭਗ 30 ਸਕਿੰਟ ਦੀ ਇਸ ਵੀਡੀਓ ਵਿਚ ਭਾਰਤ ਮੰਡਪਮ ਅਤੇ ਉਥੇ ਕੀਤੀਆਂ ਜਾ ਰਹੀਆਂ ਤਿਆਰੀਆਂ ਦੀਆਂ ਵੱਖ-ਵੱਖ ਤਸਵੀਰਾਂ ਅਤੇ ਦ੍ਰਿਸ਼ ਦਿਖਾਏ ਗਏ ਹਨ। ਪ੍ਰਧਾਨ ਮੰਤਰੀ ਨੇ ਇਹ ਵੀਡੀਓ ਇੰਸਟਾਗ੍ਰਾਮ, ਐਕਸ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਸਾਂਝੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੋਸਟ ਵਿਚ ਲਿਖਿਆ, ‘ਬ੍ਰਿਕਸ 2026 ਲਈ ਸਭ ਤਿਆਰ’।

ਕੀ ਰਹੇਗਾ ਕਾਰਜਕ੍ਰਮ
12 ਅਤੇ 13 ਸਤੰਬਰ ਨੂੰ ਬ੍ਰਿਕਸ ਦੇਸ਼ਾਂ ਦਾ ਮੁੱਖ ਸਿਖ਼ਰ ਸੰਮੇਲਨ ਹੋਵੇਗਾ। ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ’ਚ ਸ਼ਾਮਿਲ ਹੋਣ ਵਾਲੇ ਨੇਤਾਵਾਂ ਦਾ ਰਸਮੀ ਸਵਾਗਤ ਕਰਨਗੇ। ਜਿਸ ਤੋਂ ਬਾਅਦ ਸ਼ਿਰਕਤ ਕਰਨ ਵਾਲੇ ਨੇਤਾਵਾਂ ਦਾ ਅਧਿਕਾਰਕ ਸਮਾਗਮ ਹੋਵੇਗਾ। ਸਨਿਚਰਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬ੍ਰਿਕਸ ’ਚ ਸ਼ਾਮਿਲ ਹੋਣ ਵਾਲੇ ਨੇਤਾਵਾਂ ਦੇ ਸਨਮਾਨ ’ਚ ਰਾਤ ਦੇ ਖਾਣੇ ਦੀ ਦਾਅਵਤ ਦੀ ਮੇਜ਼ਬਾਨੀ ਕੀਤੀ ਜਾਵੇਗੀ। 13 ਸਤੰਬਰ ਨੂੰ ਨੇਤਾ ਬ੍ਰਿਕਸ ਸਹਿਯੋਗ ਅਤੇ ਆਲਮੀ ਅਤੇ ਖੇਤਰੀ ਮੁੱਦਿਆਂ ’ਤੇ ਚਰਚਾ ਜਾਰੀ ਰੱਖਣਗੇ। ਚਰਚਾ ’ਚ ਆਰਥਿਕ ਅਤੇ ਵਿੱਤੀ ਸਹਿਯੋਗ, ਵਪਾਰ ਅਤੇ ਨਿਵੇਸ਼, ਤਕਨਾਲੋਜੀ, ਅਨਾਜ ਅਤੇ ਊਰਜਾ ਸੁਰੱਖਿਆ ਅਤੇ ਹੋਰ ਤਰਜੀਹੀ ਮੁੱਦੇ ਸ਼ਾਮਿਲ ਕੀਤੇ ਜਾਣਗੇ।

ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਹੋਣਗੇ ਸ਼ਾਮਿਲ
ਭਾਰਤ ਨੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੂੰ ਵੀ ਬ੍ਰਿਕਸ ਸੰਮੇਲਨ ਲਈ ਸੱਦਾ ਦਿੱਤਾ ਸੀ ਪਰ ਉਹ ਇਸ ’ਚ ਸ਼ਿਰਕਤ ਨਹੀਂ ਕਰ ਰਹੇ। ਹਲਕਿਆਂ ਮੁਤਾਬਿਕ ਤਾਰਿਕ ਰਹਿਮਾਨ ਛੇਤੀ ਤੋਂ ਛੇਤੀ ਭਾਰਤ ਦਾ ਦੌਰਾ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਚਿੰਤਾ ਹੈ ਕਿ ਦੌਰੇ ਤੋਂ ਬਾਅਦ ਉਨ੍ਹਾਂ ਨੂੰ ਬੰਗਲਾਦੇਸ਼ ਦੇ ਲੋਕਾਂ ਨੂੰ ਦੌਰੇ ਦੇ ਠੋਸ ਨਤੀਜੇ ਵੀ ਦੱਸਣੇ ਹੋਣਗੇ। ਇਸ ਲਈ ਪਹਿਲਾਂ ਤਾਂ ਏਜੰਡਾ ਸਾਫ਼ ਹੋਣਾ ਚਾਹੀਦਾ ਹੈ। ਹਲਕਿਆਂ ਮੁਤਾਬਿਕ ਭਾਰਤ ’ਚ ਪਨਾਹ ਲੈ ਕੇ ਰਹਿ ਰਹੇ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਇਕ ਮੁੱਦਾ ਹੈ। ਹਾਲਾਂਕਿ ਇਹ ਕਿਆਸ ਲਾਏ ਜਾ ਰਹੇ ਹਨ ਕਿ ਗੰਗਾ ਜਲ ਸਮਝੌਤੇ ਦੇ ਮੁੜ ਨਵਿਆਉਣ ਨੂੰ ਲੈ ਕੇ ਉਹ (ਤਾਰਿਕ) ਨਵੰਬਰ ਜਾਂ ਦਸੰਬਰ ਭਾਰਤ ਦਾ ਦੌਰਾ ਕਰ ਸਕਦੇ ਹਨ।

 

ਬ੍ਰਿਕਸ ਦੇ ਦੇਸ਼ ਅਤੇ ਭਾਈਵਾਲ ਦੇਸ਼
ਬ੍ਰਿਕਸ ਦੇ 11 ਮੈਂਬਰ ਦੇਸ਼ ਹਨ ਜਿਨ੍ਹਾਂ ’ਚ ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ, ਮਿਸਰ, ਇਥੋਪੀਆ, ਇੰਡੋਨੇਸ਼ੀਆ, ਈਰਾਨ, ਸਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਿਲ ਹਨ। ਇਸ ਤੋਂ ਇਲਾਵਾ ਬੇਲਾਰੂਸ, ਬੋਲੀਵੀਆ, ਕਜ਼ਾਕਿਸਤਾਨ, ਕਿਊਬਾ, ਮਲੇਸ਼ੀਆ, ਨਾਈਜੀਰੀਆ, ਥਾਈਲੈਂਡ, ਯੁਗਾਂਡਾ, ਉਜ਼ਬੇਕਿਸਤਾਨ ਅਤੇ ਵੀਅਤਨਾਮ ਬ੍ਰਿਕਸ ਦੇ 10 ਭਾਈਵਾਲ ਦੇਸ਼ ਹਨ। ਬ੍ਰਿਕਸ ਸਮੂਹ ਦਾ ਮੁੱਖ ਉਦੇਸ਼ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ ’ਤੇ ਮੈਂਬਰ ਦੇਸ਼ਾਂ ਦਰਮਿਆਨ ਗੱਲਬਾਤ ਅਤੇ ਸਹਿਯੋਗ ਵਧਾਉਣਾ ਹੈ।
ਬ੍ਰਿਕਸ ਦਾ ਵਿਸ਼ਾ ਵਸਤੂ
ਇਸ ਬ੍ਰਿਕਸ ਦੇ 18ਵੇਂ ਸਿਖ਼ਰ ਸੰਮੇਲਨ ਦਾ ਵਿਸ਼ਾ ਵਸਤੂ ਮਜਬੂਤੀ, ਨਵੀਆਂ ਪਹਿਲਕਦਮੀਆਂ, ਸਹਿਯੋਗ ਅਤੇ ਸਥਿਰਤਾ ਹੈ, ਜੋ ਕਿ ਭਵਿੱਖ ਦੀ ਸਾਂਝੀ ਵਿਕਾਸ ਰਣਨੀਤੀ ਦਾ ਆਧਾਰ ਬਣਨਗੇ। ਸਿਖ਼ਰ ਸੰਮੇਲਨ ’ਚ ਮੈਂਬਰ ਦੇਸ਼ ਸਿਹਤ, ਖੇਤੀ, ਅਨਾਜ ਸੁਰੱਖਿਆ, ਊਰਜਾ ਸੁਰੱਖਿਆ, ਆਫਤਾਂ ਦਾ ਖਤਰਾ ਘੱਟ ਕਰਨ ਅਤੇ ਅਹਿਮ ਸਪਲਾਈ ਲੜੀਆਂ ਨੂੰ ਮਜ਼ਬੂਤ ਕਰਨ ’ਤੇ ਚਰਚਾ ਕਰਨਗੇ। ਨਾਲ ਹੀ ਬ੍ਰਿਕਸ ਦੇਸ਼ਾਂ ਦਰਮਿਆਨ ਵਪਾਰ ਅਤੇ ਨਿਵੇਸ਼ ਵਧਾਉਣ ਦੇ ਤਰੀਕਿਆਂ ’ਤੇ ਵੀ ਚਰਚਾ ਕੀਤੀ ਜਾਵੇਗੀ।
ਪਿਛਲੀ ਖ਼ਬਰ ਨਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਬਜਾਏ ਸਵਾਲ ਉਠਾਉਣ ਵਾਲਿਆਂ ’ਤੇ ਧੱਕੇਸ਼ਾਹੀ ਕਰ ਰਹੀ ਸਰਕਾਰ-ਕਿਰਨਦੀਪ ਸਿੰਘ ਰੰਧਾਵਾ ਅਗਲੀ ਖ਼ਬਰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ 7000 ਜਵਾਨ ਤੇ 4800 ਟ੍ਰੈਫ਼ਿਕ ਮੁਲਾਜ਼ਮ ਤਾਇਨਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।