ਬਿਸ਼ਕੇਕ, 1 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ’ਚ ਹੋਏ 26ਵੇਂ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਸੰਮੇਲਨ ਨੂੰ ਸੰਬੋਧਨ ਕਰਦਿਆਂ ਅੱਤਵਾਦ ਵਿਰੁੱਧ ਸਖ਼ਤ ਰੁਖ ਅਪਣਾਇਆ। ਉਨ੍ਹਾਂ ਕਿਹਾ ਕਿ ਐੱਸ.ਸੀ.ਓ. ਦੇਸ਼ਾਂ ਨੂੰ ਮਿਲ ਕੇ ਅੱਤਵਾਦ ਦੇ ਪੂਰੇ ਤੰਤਰ ਨੂੰ ਖ਼ਤਮ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਤਵਾਦ ਦੀ ਫੰਡਿੰਗ, ਭਰਤੀ, ਕੱਟੜਪੰਥ ਤੇ ਅੱਤਵਾਦੀਆਂ ਨੂੰ ਸੁਰੱਖਿਅਤ ਥਾਵਾਂ ਮੁਹੱਈਆ ਕਰਵਾਉਣ ਵਾਲੇ ਪੂਰੇ ਨੈੱਟਵਰਕ ਨੂੰ ਖ਼ਤਮ ਕਰਨਾ ਜ਼ਰੂਰੀ ਹੈ।
ਉਨ੍ਹਾਂ ਸਪੱਸ਼ਟ ਕਿਹਾ ਕਿ ਅੱਤਵਾਦ ਦੇ ਮਾਮਲੇ ’ਚ ਦੋਹਰੇ ਮਾਪਦੰਡਾਂ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਮੌਜੂਦਗੀ ’ਚ ਮੋਦੀ ਨੇ ਕਿਹਾ ਕਿ ਕਿਸੇ ਵੀ ਦੇਸ਼ ਨੂੰ ਅੱਤਵਾਦ ਨੂੰ ਆਪਣੀ ਸਰਕਾਰੀ ਨੀਤੀ ਦੇ ਸਾਧਨ ਵਜੋਂ ਵਰਤਣ ਜਾਂ ਇਸ ਨੂੰ ‘ਰਣਨੀਤਕ ਸੰਪਤੀ’ ਸਮਝਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਨੂੰ ਅਪੀਲ ਕੀਤੀ ਕਿ ਉਹ ਅੱਤਵਾਦ ਨੂੰ ਸਰਕਾਰੀ ਨੀਤੀ ਵਜੋਂ ਵਰਤਣ ਵਾਲੇ ਦੇਸ਼ਾਂ ਦਾ ਸਾਹਮਣਾ ਕਰੇ ਤੇ ਅੱਤਵਾਦ ਦੇ ਵਿੱਤ ਪੋਸ਼ਣ ਤੇ ਭਰਤੀ ਵਿਰੁੱਧ ਸਮੂਹਿਕ ਲੜਾਈ ’ਚ “ਦੋਹਰੇ ਮਾਪਦੰਡ” ਨੂੰ ਰੱਦ ਕਰੇ। ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ਵਿਆਪਕ ਤੌਰ ’ਤੇ ਪਾਕਿਸਤਾਨ ’ਤੇ ਸਿੱਧੇ ਹਮਲੇ ਵਜੋਂ ਵੇਖੀ ਜਾ ਰਹੀ ਹੈ।
ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਕਈ ਹੋਰ ਵਿਸ਼ਵ ਨੇਤਾਵਾਂ ਦੀ ਮੌਜੂਦਗੀ ’ਚ ਮੋਦੀ ਨੇ ਸਾਲਾਨਾ ਐਸ.ਸੀ.ਓ. ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮੂਹ ਨੂੰ ਅੱਤਵਾਦ ਦੇ ਵਿੱਤ ਪੋਸ਼ਣ, ਭਰਤੀ, ਕੱਟੜਪੰਥੀ ਤੇ ਸੁਰੱਖਿਅਤ ਪਨਾਹਗਾਹਾਂ ਦੇ ਪੂਰੇ ਵਾਤਾਵਰਣ ਨੂੰ ਖਤਮ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ।
ਪ੍ਧਾਨ ਮੰਤਰੀ ਨੇ ਕਿਹਾ ਕਿ ਅੱਤਵਾਦ ਪੂਰੀ ਮਨੁੱਖਤਾ ਲਈ ਇਕ ਗੰਭੀਰ ਚੁਣੌਤੀ ਬਣਿਆ ਹੋਇਆ ਹੈ। ਅੱਤਵਾਦ ਵਿਰੁੱਧ ਲੜਾਈ ’ਚ ਅਸੀਂ ਇਕ ਕਾਰਵਾਈ-ਪ੍ਰਤੀਕਿਰਿਆ ਪਹੁੰਚ ਤੱਕ ਸੀਮਤ ਨਹੀਂ ਰਹਿ ਸਕਦੇ। ਸਾਨੂੰ ਉਨ੍ਹਾਂ ਦੇਸ਼ਾਂ ਨੂੰ ਇਕ ਸਖ਼ਤ ਸੰਦੇਸ਼ ਭੇਜਣਾ ਚਾਹੀਦਾ ਹੈ ਜੋ ਅੱਤਵਾਦ ਨੂੰ ਆਪਣੀ ਸਰਕਾਰੀ ਨੀਤੀ ਵਜੋਂ ਵਰਤਦੇ ਹਨ ਤੇ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹਗਾਹ ਤੇ ਸਮਰਥਨ ਪ੍ਰਦਾਨ ਕਰਦੇ ਹਨ। ਪੱਛਮੀ ਏਸ਼ੀਆ ਸੰਕਟ ‘ਤੇ ਚਿੰਤਾਵਾਂ ਜ਼ਾਹਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਭਾਰਤ ਨੇ ਲਗਾਤਾਰ ਤਣਾਅ ਤੇ ਟਕਰਾਅ ਨੂੰ ਜੰਗ ਦੇ ਮੈਦਾਨ ’ਚ ਨਹੀਂ ਬਲਕਿ ਗੱਲਬਾਤ ਤੇ ਕੂਟਨੀਤੀ ਰਾਹੀਂ ਹੱਲ ਕਰਨ ਦੀ ਮੰਗ ਕੀਤੀ ਹੈ। ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ.ਆਰ.ਆਈ.) ਦੇ ਸਪੱਸ਼ਟ ਹਵਾਲੇ ਨਾਲ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਪਰਕ ਪ੍ਰਾਜੈਕਟਾਂ ਨੂੰ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਐਸ.ਸੀ.ਓ. ਚਾਰਟਰ ਦੀ ਮੂਲ ਭਾਵਨਾ ਹੈ।