ਜਬਲਪੁਰ, 27 ਅਗਸਤ (ਪੀ.ਟੀ.ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਟੈਂਕ ਭਾਰਤ ਦੀਆਂ ਸਰਹੱਦਾਂ ’ਤੇ ‘ਲੋਹੇ ਦੀ ਕੰਧ’ ਵਾਂਗ ਕੰਮ ਕਰਦੇ ਹਨ । ਇਹ ਦੁਸ਼ਮਣ ਲਈ ਘਾਤਕ ਸਾਬਤ ਹੋਣ ਦੇ ਨਾਲ-ਨਾਲ ਸਰਹੱਦੀ ਇਲਾਕਿਆਂ ਵਿਚ ਤਾਇਨਾਤ ਸੈਨਿਕਾਂ ਦਾ ਮਨੋਬਲ ਵੀ ਵਧਾਉਂਦੇ ਹਨ । ਉਨ੍ਹਾਂ ਕਿਹਾ ਕਿ ਡਰੋਨ ਅਤੇ ਮਿਜ਼ਾਈਲਾਂ ਦੀ ਵਧ ਰਹੀ ਭੂਮਿਕਾ ਦੇ ਬਾਵਜੂਦ ਜ਼ਮੀਨੀ ਜੰਗ ਵਿੱਚ ਟੈਂਕਾਂ ਦੀ ਮਹੱਤਤਾ ਕਾਇਮ ਹੈ । ਰਾਜਨਾਥ ਸਿੰਘ ਨੇ ਇਹ ਗੱਲ ਵਾਹਨ ਫੈਕਟਰੀ ਜਬਲਪੁਰ ਵਿਚ ਟੀ-ਸੀਰੀਜ਼ ਦੇ ਜੰਗੀ ਟੈਂਕਾਂ ਦੀ ਮੁਰੰਮਤ ਲਈ 472 ਕਰੋੜ ਰੁਪਏ ਦੀ ਲਾਗਤ ਵਾਲੀ ਨਵੀਂ ਸਹੂਲਤ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਕਹੀ । ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਹਰ ਸਾਲ 80 ਟੀ-72 ਅਤੇ ਟੀ-90 ਟੈਂਕਾਂ ਦੀ ਮੁਰੰਮਤ਼ ਅਤੇ ਜਾਂਚ ਕੀਤੀ ਜਾਵੇਗੀ । ਰੱਖਿਆ ਮੰਤਰੀ ਮੁਤਾਬਕ ਭਾਰਤੀ ਫੌਜ ਨੂੰ ਹਰ ਸਾਲ ਲਗਭਗ 230 ਅਜਿਹੇ ਟੈਂਕਾਂ ਦੀ ਮੁਰੰਮਤ ਦੀ ਲੋੜ ਹੁੰਦੀ ਹੈ ।
ਇਸ ਵੇਲੇ ਅਵਡੀ ਸਥਿਤ ਹੈਵੀ ਵਹੀਕਲਜ਼ ਫੈਕਟਰੀ ਵਿਚ ਕਰੀਬ 150 ਟੈਂਕਾਂ ਦੀ ਸਾਲਾਨਾ ਮੁਰੰਮਤ ਅਤੇ ਜਾਂਚ ਹੁੰਦੀ ਹੈ । ਜਬਲਪੁਰ ਦੀ ਨਵੀਂ ਸਹੂਲਤ ਇਸ ਘਾਟ ਨੂੰ ਪੂਰਾ ਕਰਨ ਵਿਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਆਧੁਨਿਕ ਜੰਗੀ ਤਕਨੀਕ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਡਰੋਨ, ਮਿਜ਼ਾਈਲਾਂ, ਤੋਪਖਾਨਾ ਤੇ ਇਲੈਕਟ੍ਰਾਨਿਕ ਵਾਰਫੇਅਰ ਪ੍ਰਣਾਲੀਆਂ ਦੀ ਭੂਮਿਕਾ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਟੈਂਕਾਂ ਨੂੰ ਖਤਮ ਕਰਨ ਦੀ ਬਜਾਏ ਉਨ੍ਹਾਂ ਨੂੰ ਆਧੁਨਿਕ ਬਣਾਉਣ ਦੀ ਲੋੜ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਭਵਿੱਖ ਦੀ ਜੰਗ ਕਿਸੇ ਇੱਕ ਹਥਿਆਰ ਦੀ ਨਹੀਂ, ਸਗੋਂ ਸਾਂਝੀ ਅਤੇ ਸਮੁੱਚੀ ਲੜਾਕੂ ਸਮਰੱਥਾ ਦੀ ਹੋਵੇਗੀ । ਵਾਹਨ ਫੈਕਟਰੀ ਜਬਲਪੁਰ ਦੀ ਸਥਾਪਨਾ 1969 ਵਿਚ ਹੋਈ ਸੀ ਅਤੇ ਇਹ ਆਰਮਰਡ ਵਹੀਕਲਜ਼ ਨਿਗਮ ਲਿਮਿਟਡ ਅਧੀਨ ਕੰਮ ਕਰਦੀ ਹੈ ।