25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਪੰਜਾਬ ’ਚ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਾਂਗੇ-ਬੀ.ਐਲ. ਸੰਤੋਸ਼

ਪੰਜਾਬ ’ਚ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਾਂਗੇ-ਬੀ.ਐਲ. ਸੰਤੋਸ਼

ਅਜੀਤ ਡੈਸਕ 25-08-2026

ਪਟਿਆਲਾ/ਬਠਿੰਡਾ, 24 ਅਗਸਤ (ਅਮਰਬੀਰ ਸਿੰਘ ਆਹਲੂਵਾਲੀਆ, ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਵਾਸੀਆਂ ਨੇ ਇਸ ਵਾਰ ਰਾਜਨੀਤਕ ਬਦਲਾਅ ਦੀ ਤਿਆਰੀ ਕਰ ਲਈ ਹੈ, ਜਿਸ ਨੂੰ ਭਾਂਪਦਿਆਂ ਭਾਜਪਾ ਇਸ ਬਦਲਾਅ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਇਕੱਲੇ ਚੋਣ ਲੜੇਗੀ ਅਤੇ ਜਿੱਤ ਹਾਸਿਲ ਕਰਕੇ ਸੂਬੇ ਵਿਚ ਆਪਣੀ ਸਰਕਾਰ ਬਣਾਏਗੀ। ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ.ਐਲ. ਸੰਤੋਸ਼ ਨੇ ਕੀਤਾ। ਉਹ ਆਪਣੇ ਸੂਬਾਈ ਸੰਗਠਨਾਤਮਿਕ ਦੌਰੇ ਦੇ ਪਹਿਲੇ ਦਿਨ ਪਟਿਆਲਾ ਵਿਖੇ ਹੋਈ ਪਹਿਲੀ ਖੇਤਰੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ। ਅੱਜ ਦੀ ਇਕੱਤਰਤਾ ਵਿਚ ਭਾਜਪਾ ਦੇ ਮੋਹਾਲੀ, ਪਟਿਆਲਾ, ਫ਼ਤਹਿਗੜ੍ਹ ਸਾਹਿਬ ਅਤੇ ਸੰਗਰੂਰ ਭਾਜਪਾ ਦੇ ਅਹੁਦੇਦਾਰ ਪਹੁੰਚੇ ਹੋਏ ਸਨ। ਸ੍ਰੀ ਸੰਤੋਸ਼ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਭਾਜਪਾ ਆਗੂਆਂ ਅਤੇ ਸੰਗਠਨ ਦੇ ਅਹੁਦੇਦਾਰਾਂ ਨਾਲ ਖੇਤਰੀ ਬੈਠਕਾਂ ਰਾਹੀਂ ਸੰਗਠਨ ਦੀਆਂ ਗਤੀਵਿਧੀਆਂ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਪਹੁੰਚੇ ਹੋਏ ਹਨ। ਇਨ੍ਹਾਂ ਬੈਠਕਾਂ ਵਿਚ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਅਤੇ ਸੂਬੇ ਦੇ ਲੋਕਾਂ ਤੱਕ ਪਾਰਟੀ ਦੀਆਂ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਪਹੁੰਚਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੱਲ੍ਹ 25 ਅਗਸਤ ਨੂੰ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿਚ ਖੇਤਰੀ ਬੈਠਕਾਂ ਹੋਣਗੀਆਂ। ਅੰਮ੍ਰਿਤਸਰ ਵਿਚ ਸੂਬਾ ਜਨਰਲ ਸਕੱਤਰਾਂ ਨਾਲ ਇਕ ਵੱਖਰੀ ਬੈਠਕ ਵੀ ਹੋਵੇਗੀ। ਸ੍ਰੀ ਬੀ.ਐਲ. ਸੰਤੋਸ਼ ਨੇ ਅੱਜ ਬਾਅਦ ਵਿਚ ਬਠਿੰਡਾ ਵਿਖੇ ਵੀ ਬਠਿੰਡਾ ਜ਼ੋਨ ਨਾਲ ਸੰਬੰਧਿਤ ਜ਼ਿਲ੍ਹਿਆਂ ਬਠਿੰਡਾ, ਮਾਨਸਾ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ ਤੇ ਸ੍ਰੀ ਮੁਕਤਸਰ ਸਾਹਿਬ ਦੇ ਆਗੂਆਂ ਅਤੇ ਪਾਰਟੀ ਅਹੁਦੇਦਾਰਾਂ ਨਾਲ ਸੰਗਠਨਾਤਮਿਕ ਮੀਟਿੰਗ ਕਰਦਿਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਜ਼ਮੀਨੀ ਪੱਧਰ ’ਤੇ ਤਿਆਰੀਆਂ ਤੇਜ਼ ਕਰਨ ਦਾ ਸੱਦਾ ਦਿੱਤਾ।  ਇਨ੍ਹਾਂ ਬੈਠਕਾਂ ਦਾ ਉਦੇਸ਼ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਸੰਗਠਨ ਦੇ ਕੰਮਕਾਜ ਦੀ ਸਮੀਖਿਆ ਕਰਨਾ ਅਤੇ ਜ਼ਮੀਨੀ ਪੱਧਰ ’ਤੇ ਸੰਗਠਨ ਦੀਆਂ ਤਿਆਰੀਆਂ, ਆਪਸੀ ਤਾਲਮੇਲ ਅਤੇ ਕਾਰਕੁੰਨਾਂ ਦੀ ਸਰਗਰਮੀ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਮੌਕੇ ਸੰਗਠਨ ਦੇ ਪੰਜਾਬ ਮੰਤਰੀ ਮੰਥਰੀ ਸ੍ਰੀਨਿਵਾਸਲੂ, ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਭਾਜਪਾ ਦੇ ਸੂਬਾਈ ਪ੍ਰਧਾਨ ਕੇਵਲ ਸਿੰਘ ਢਿੱਲੋਂ, ਪੰਜਾਬ ਭਾਜਪਾ ਦੇ ਸਹਿ ਇੰਚਾਰਜ ਨਰਿੰਦਰ ਸਿੰਘ ਰੈਣਾ, ਸ੍ਰੀਮਤੀ ਪ੍ਰਨੀਤ ਕੌਰ, ਮਹਿਲਾ ਮੋਰਚਾ ਦੀ ਸੂਬਾਈ ਪ੍ਰਧਾਨ ਜੈਇੰਦਰ ਕੌਰ, ਗੁਰਜੀਤ ਸਿੰਘ ਕੋਹਲੀ, ਸੁਖਵਿੰਦਰ ਪਾਲ ਸਿੰਘ ਮਿੰਟਾ, ਸਿਕੰਦਰ ਚੌਹਾਨ, ਵਿਜੇ ਕੁਮਾਰ ਕੂਕਾ, ਸੁਰਿੰਦਰਜੀਤ ਸਿੰਘ ਵਾਲੀਆ, ਕੇ.ਕੇ. ਮਲਹੋਤਰਾ, ਸਤਬੀਰ ਸਿੰਘ ਖੱਟੜਾ, ਗੁਰਤੇਜ ਸਿੰਘ ਢਿੱਲੋਂ, ਅਨੁਜ ਖੋਸਲਾ, ਅਨਿਲ ਬਜਾਜ, ਹੌਬੀ ਧਾਲੀਵਾਲ ਆਦਿ ਵੀ ਹਾਜ਼ਰ ਸਨ।

 

ਅਕਾਲੀ ਦਲ (ਬ) ਨਾਲ ਗੱਠਜੋੜ ਤੋਂ ਸਿੱਧਾ ਇਨਕਾਰ 


ਇਸ ਮੌਕੇ ਬੀ.ਐਲ. ਸੰਤੋਸ਼ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਸੂਬੇ ਅੰਦਰ ਭਾਜਪਾ ਦੇ ਪੁਰਾਣੇ ਕਾਡਰ ’ਚ ਕਿਸੇ ਕਿਸਮ ਦਾ ਕੋਈ ਰੋਸ ਨਹੀਂ ਹੈ। ਉਨਾਂ ਸ਼੍ਰੋਮਣੀ ਅਕਲੀ ਦਲ (ਬ) ਨਾਲ ਕਿਸੇ ਕਿਸਮ ਦੇ ਗੱਠਜੋੜ ਨੂੰ ਫਿਲਹਾਲ ਮੁੱਢੋਂ ਨਕਾਰਦਿਆਂ ਇਕੱਲੇ ਹੀ ਚੋਣ ਮੈਦਾਨ ’ਚ ਨਿਤਰਨ ਦੀ ਗੱਲ ਕਹੀ। ਇਸ ਦੌਰਾਨ ਪੰਜਾਬ ਭਾਜਪਾ ਕਾਰਜਕਾਰਨੀ ਦੇ ਮੈਂਬਰ ਅਤੇ ਬੁਲਾਰੇ ਗੁਰਜੀਤ ਸਿੰਘ ਕੋਹਲੀ ਨੇ ਕਿਹਾ ਕਿ ਸੂਬੇ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਦੂਰਅੰਦੇਸ਼ੀ ਨੀਤੀਆਂ ਨੂੰ ਸਵੀਕਾਰ ਕਰਦੇ ਹੋਏ 2027 ’ਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਲਿਆਉਣ ਦਾ ਮਨ ਬਣਾ ਚੁੱਕੇ ਹਨ।

ਪਿਛਲੀ ਖ਼ਬਰ ਪਿਮਸ ਹਸਪਤਾਲ ਵਿਖੇ ਲਗਾਇਆ ਚਮੜੀ ਰੋਗ ਜਾਂਚ ਦਾ ਮੁਫ਼ਤ ਕੈਂਪ ਅਗਲੀ ਖ਼ਬਰ ਮਹਿਲਾ ਪ੍ਰਦਰਸ਼ਨਕਾਰੀਆਂ ਦੇ ਦੋਸ਼ਾਂ ਦੀ ਪਹਿਲ ਦੇ ਆਧਾਰ ’ਤੇ ਜਾਂਚ ਕਰੇਗੀ ਉੱਚ-ਤਾਕਤੀ ਕਮੇਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।