ਚੰਡੀਗੜ੍ਹ, 19 ਅਗਸਤ (ਹਰਕਵਲਜੀਤ ਸਿੰਘ)- ਪੰਜਾਬ ਸਰਕਾਰ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਚੌਥਾ ਐਡੀਸ਼ਨ 5 ਸਤੰਬਰ ਨੂੰ ਬਠਿੰਡਾ ਤੋਂ ਸ਼ੁਰੂ ਹੋਵੇਗਾ ਅਤੇ 29 ਨਵੰਬਰ ਨੂੰ ਪਟਿਆਲਾ ਵਿਖੇ ਸਮਾਪਤੀ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਇਸ ਵਾਰ ਇਨ੍ਹਾਂ ਖੇਡਾਂ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਖੇਡ ਮਹਾਂਕੁੰਭ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਸਰਕਾਰ ਨੂੰ ਉਮੀਦ ਹੈ ਕਿ 10 ਲੱਖ ਤੋਂ ਵੱਧ ਖਿਡਾਰੀ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈਣਗੇ । ਉਦਘਾਟਨੀ ਸਮਾਰੋਹ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ ਹੋਵੇਗਾ, ਜਦਕਿ ਸਮਾਪਤੀ 29 ਨਵੰਬਰ ਨੂੰ ਪਟਿਆਲਾ ਵਿਚ ਹੋਵੇਗੀ । ਇਨ੍ਹਾਂ ਖੇਡਾਂ ਦਾ ਮੁੱਖ ਉਦੇਸ਼ ਪੰਜਾਬ ਵਿਚ ਖੇਡ ਸੱਭਿਆਚਾਰ ਨੂੰ ਮੁੜ ਮਜ਼ਬੂਤ ਕਰਨਾ, ਪਿੰਡਾਂ ਅਤੇ ਸ਼ਹਿਰਾਂ ਵਿਚੋਂ ਲੁਕੀ ਹੋਈ ਖੇਡ ਪ੍ਰਤਿਭਾ ਨੂੰ ਖੋਜਣਾ ਤੇ ਨੌਜਵਾਨਾਂ ਦੀ ਊਰਜਾ ਨੂੰ ਸਾਕਾਰਾਤਮਿਕ ਦਿਸ਼ਾ ਦੇਣਾ ਹੈ । ਮੁੱਖ ਮੰਤਰੀ ਨੇ ਖੇਡਾਂ ਨੂੰ ਨਸ਼ਿਆਂ ਵਿਰੁੱਧ ਸਰਕਾਰ ਦੀ ਮੁਹਿੰਮ ਦਾ ਇੱਕ ਮਹੱਤਵਪੂਰਨ ਸਾਧਨ ਦੱਸਿਆ । ਉਨ੍ਹਾਂ ਅਨੁਸਾਰ ਖੇਡਾਂ ਵਿਚ ਰੁੱਝੇ ਨੌਜਵਾਨ ਆਪਣੀ ਤਾਕਤ ਅਤੇ ਸਮਾਂ ਸਫਲਤਾ ਹਾਸਿਲ ਕਰਨ ਵਿਚ ਲਗਾਉਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿਚ ਮਦਦ ਮਿਲ ਸਕਦੀ ਹੈ । 2026 ਦੇ ਐਡੀਸ਼ਨ ਵਿਚ 38 ਖੇਡ ਵੰਨਗੀਆਂ ਵਿਚ ਮੁਕਾਬਲੇ ਕਰਵਾਏ ਜਾਣਗੇ । ਇਸ ਤੋਂ ਇਲਾਵਾ ਰਾਜ ਪੱਧਰ ’ਤੇ ਚਾਰ ਪੈਰਾ ਖੇਡਾਂ ਪੈਰਾ ਅਥਲੈਟਿਕਸ, ਪੈਰਾ ਪਾਵਰਲਿਫਟਿੰਗ, ਪੈਰਾ ਬੈਡਮਿੰਟਨ ਅਤੇ ਵ੍ਹੀਲਚੇਅਰ ਬਾਸਕਟਬਾਲ ਵੀ ਸ਼ਾਮਿਲ ਹਨ। ਪਹਿਲੀ ਵਾਰ ਲੜਕਿਆਂ ਅਤੇ ਲੜਕੀਆਂ ਦੋਵਾਂ ਲਈ ਟੈਨਿਸ ਬਾਲ ਕ੍ਰਿਕਟ ਨੂੰ ਪ੍ਰਦਰਸ਼ਨੀ ਖੇਡ ਵਜੋਂ ਸ਼ਾਮਿਲ ਕੀਤਾ ਗਿਆ ਹੈ । ਖਿਡਾਰੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸੌਖਾ ਬਣਾਇਆ ਗਿਆ ਹੈ ਤੇ ਰਜਿਸਟ੍ਰੇਸ਼ਨ ਮੁਫ਼ਤ ਹੈ । ਇਨ੍ਹਾਂ ਖੇਡਾਂ ਵਿਚ ਵੱਖ-ਵੱਖ ਉਮਰ ਵਰਗਾਂ ਦੇ ਲੋਕ ਹਿੱਸਾ ਲੈ ਸਕਣਗੇ । 14 ਸਾਲ ਤੋਂ ਲੈ ਕੇ 70 ਸਾਲ ਤੋਂ ਵੱਧ ਉਮਰ ਤੱਕ ਦੇ ਨੌਂ ਉਮਰ ਵਰਗ ਬਣਾਏ ਗਏ ਹਨ । ਇਸ ਤਰ੍ਹਾਂ ਇਹ ਖੇਡ ਮੇਲਾ ਸਿਰਫ਼ ਬੱਚਿਆਂ ਤੇ ਨੌਜਵਾਨਾਂ ਤੱਕ ਸੀਮਤ ਨਹੀਂ ਰਹੇਗਾ, ਸਗੋਂ ਵੱਖ-ਵੱਖ ਪੀੜ੍ਹੀਆਂ ਨੂੰ ਇੱਕੋ ਮੈਦਾਨ ’ਤੇ ਲਿਆਉਣ ਦੀ ਕੋਸ਼ਿਸ਼ ਕਰੇਗਾ । ਪਿਛਲੇ ਐਡੀਸ਼ਨਾਂ ਵਿਚ ਇੱਕੋ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ—ਦਾਦਾ, ਪਿਤਾ ਤੇ ਪੁੱਤਰ—ਵਲੋਂ ਇਕੱਠੇ ਹਿੱਸਾ ਲੈਣ ਦੀ ਉਦਾਹਰਨ ਵੀ ਦਿੱਤੀ ਗਈ । ਮੁਕਾਬਲੇ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ’ਤੇ ਕਰਵਾਏ ਜਾਣਗੇ । ਪੰਜਾਬ ਦੇ ਸਾਰੇ 153 ਬਲਾਕਾਂ ਅਤੇ 23 ਜ਼ਿਲ੍ਹਿਆਂ ਨੂੰ ਇਸ ਵਿਚ ਸ਼ਾਮਿਲ ਕੀਤਾ ਜਾਵੇਗਾ । ਬਲਾਕ ਪੱਧਰ ’ਤੇ ਸੱਤ, ਜ਼ਿਲ੍ਹਾ ਪੱਧਰ ’ਤੇ 28 ਅਤੇ ਰਾਜ ਪੱਧਰ ’ਤੇ 38 ਖੇਡਾਂ ਹੋਣਗੀਆਂ । ਰਾਜ ਪੱਧਰੀ ਮੁਕਾਬਲੇ 10 ਅਕਤੂਬਰ ਤੋਂ 23 ਨਵੰਬਰ ਤੱਕ ਤਿੰਨ ਗੇੜਾਂ ਵਿਚ 16 ਜ਼ਿਲ੍ਹਿਆਂ ਵਿਚ ਕਰਵਾਏ ਜਾਣਗੇ । ਪਹਿਲਾ ਗੇੜ 10 ਤੋਂ 15 ਅਕਤੂਬਰ, ਦੂਜਾ 17 ਤੋਂ 23 ਅਕਤੂਬਰ ਅਤੇ ਤੀਜਾ 17 ਤੋਂ 23 ਨਵੰਬਰ ਤੱਕ ਹੋਵੇਗਾ। ਪੈਰਾ ਖੇਡਾਂ ਦੇ ਰਾਜ ਪੱਧਰੀ ਮੁਕਾਬਲੇ 25 ਤੋਂ 28 ਨਵੰਬਰ ਤੱਕ ਲੁਧਿਆਣਾ ਵਿਚ ਹੋਣਗੇ । ਰਾਜ ਪੱਧਰ ’ਤੇ ਜੇਤੂ ਖਿਡਾਰੀਆਂ ਲਈ ਨਕਦ ਇਨਾਮ ਵੀ ਰੱਖੇ ਗਏ ਹਨ । ਸੋਨੇ ਦੇ ਤਗਮੇ ਲਈ 10,000 ਰੁਪਏ, ਚਾਂਦੀ ਲਈ 7,000 ਰੁਪਏ ਅਤੇ ਕਾਂਸੀ ਲਈ 5,000 ਰੁਪਏ ਦਿੱਤੇ ਜਾਣਗੇ । 40 ਸਾਲ ਤੱਕ ਦੇ ਤਗਮਾ ਜੇਤੂਆਂ ਨੂੰ ਗ੍ਰੇਡੇਸ਼ਨ ਸਰਟੀਫਿਕੇਟ ਵੀ ਮਿਲੇਗਾ, ਜਿਸ ਰਾਹੀਂ ਉਹ ਸਰਕਾਰੀ ਨੌਕਰੀਆਂ ਵਿਚ ਖੇਡ ਕੋਟੇ ਦਾ ਲਾਭ ਲੈ ਸਕਣਗੇ । ਪਹਿਲੇ ਤਿੰਨ ਸੀਜ਼ਨਾਂ ਵਿਚ ਕੁੱਲ 25.51 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਜਾ ਚੁੱਕੀ ਹੈ । ਪਹਿਲੇ ਸੀਜ਼ਨ ਵਿਚ 3.50 ਲੱਖ, ਦੂਜੇ ਵਿਚ ਚਾਰ ਲੱਖ ਤੋਂ ਵੱਧ ਅਤੇ ਤੀਜੇ ਸੀਜ਼ਨ ਵਿਚ 4.35 ਲੱਖ ਖਿਡਾਰੀਆਂ ਨੇ ਹਿੱਸਾ ਲਿਆ । ਇਨ੍ਹਾਂ ਤਿੰਨ ਸੀਜ਼ਨਾਂ ਵਿਚ ਕ੍ਰਮਵਾਰ 6.88 ਕਰੋੜ, 8.87 ਕਰੋੜ ਅਤੇ 9.76 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਗਈ । ਮੁੱਖ ਮੰਤਰੀ ਨੇ ਖੇਡਾਂ ਲਈ ਲਗਭਗ 1,744 ਕਰੋੜ ਰੁਪਏ ਦੇ ਬਜਟ ਦਾ ਜ਼ਿਕਰ ਕੀਤਾ ਅਤੇ ਪਿੰਡਾਂ ਵਿਚ ਹਜ਼ਾਰਾਂ ਖੇਡ ਮੈਦਾਨਾਂ ਅਤੇ ਜਿੰਮਾਂ ਦੇ ਵਿਕਾਸ ਦੀ ਗੱਲ ਕੀਤੀ । ਖਿਡਾਰੀਆਂ ਨੂੰ ਉੱਚ ਪੱਧਰੀ ਤਿਆਰੀ ਲਈ ਵੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ—ਉਲੰਪਿਕ ਤਿਆਰੀ ਲਈ 15 ਲੱਖ ਅਤੇ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਲਈ 8 ਲੱਖ ਰੁਪਏ ਤੱਕ ਦੀ ਸਹਾਇਤਾ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 85 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਅਤੇ 11 ਖਿਡਾਰੀਆਂ ਨੂੰ ਪੀ.ਸੀ.ਐਸ./ਡੀ.ਐਸ.ਪੀ. ਅਹੁਦਿਆਂ ’ਤੇ ਨਿਯੁਕਤੀ ਮਿਲਣ ਦੀ ਜਾਣਕਾਰੀ ਦਿੱਤੀ ਗਈ । ਖੇਡਾਂ ਦੇ ਪ੍ਰਚਾਰ ਲਈ ਮਸ਼ਾਲ ਮਾਰਚ 12 ਅਗਸਤ ਤੋਂ ਸ਼ੁਰੂ ਹੋ ਚੁੱਕਾ ਹੈ ਤੇ 5 ਸਤੰਬਰ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਲੰਘੇਗਾ। ਬਲਾਕ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਨਵੇਂ ਬਣੇ ਪੇਂਡੂ ਖੇਡ ਮੈਦਾਨਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇਗੀ। ‘ਖੇਡਾਂ ਵਤਨ ਪੰਜਾਬ ਦੀਆਂ-2026’ ਨੂੰ ਸਿਰਫ਼ ਖੇਡ ਮੁਕਾਬਲਿਆਂ ਦੀ ਲੜੀ ਨਹੀਂ, ਸਗੋਂ ਪੰਜਾਬ ਦੇ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨ, ਨਵੀਂ ਪ੍ਰਤਿਭਾ ਨੂੰ ਮੌਕੇ ਦੇਣ, ਵੱਖ-ਵੱਖ ਪੀੜ੍ਹੀਆਂ ਨੂੰ ਜੋੜਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਵਿਆਪਕ ਮੁਹਿੰਮ ਵਜੋਂ ਪੇਸ਼ ਕੀਤਾ ਗਿਆ ਹੈ। 10 ਲੱਖ ਤੋਂ ਵੱਧ ਭਾਗੀਦਾਰਾਂ ਦਾ ਟੀਚਾ, 38 ਖੇਡ ਵੰਨਗੀਆਂ, ਪੈਰਾ ਖੇਡਾਂ, ਵੱਡੇ ਨਕਦ ਇਨਾਮ ਅਤੇ ਪਿੰਡ ਪੱਧਰ ਤੱਕ ਖੇਡ ਢਾਂਚੇ ਦਾ ਵਿਕਾਸ ਇਸ ਐਡੀਸ਼ਨ ਨੂੰ ਪੰਜਾਬ ਦੇ ਸਭ ਤੋਂ ਵੱਡੇ ਖੇਡ ਸਮਾਗਮਾਂ ਵਿਚੋਂ ਇੱਕ ਬਣਾਉਣ ਦੀ ਕੋਸ਼ਿਸ਼ ਦਰਸਾਉਂਦੇ ਹਨ ।
ਪੰਜਾਬ ਸਰਕਾਰ ਪਿੰਡਾਂ ਦੇ ਨੌਜਵਾਨਾਂ ਨੂੰ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕਰੇਗੀ-ਮੁੱਖ ਮੰਤਰੀ
ਚੰਡੀਗੜ੍ਹ, 19 ਅਗਸਤ (ਹਰਕਵਲਜੀਤ ਸਿੰਘ)- ਪੰਜਾਬ ਸਰਕਾਰ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਚੌਥਾ ਐਡੀਸ਼ਨ 5 ਸਤੰਬਰ ਨੂੰ ਬਠਿੰਡਾ ਤੋਂ ਸ਼ੁਰੂ ਹੋਵੇਗਾ ਅਤੇ 29 ਨਵੰਬਰ ਨੂੰ ਪਟਿਆਲਾ ਵਿਖੇ ਸਮਾਪਤੀ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ....
ਅਜੀਤ ਡੈਸਕ
20-08-2026