ਨਵੀਂ ਦਿੱਲੀ, 7 ਅਗਸਤ (ਉਪਮਾ ਡਾਗਾ ਪਾਰਥ)- ਸੰਸਦ ਦੇ ਮੌਨਸੂਨ ਇਜਲਾਸ ਦਾ ਤੀਜਾ ਹਫ਼ਤਾ ਵੀ ਹੰਗਾਮਿਆਂ ਦੀ ਭੇਟ ਚੜ੍ਹ ਗਿਆ। ਜਿਥੇ ਵਿਰੋਧੀ ਧਿਰਾਂ ਨੇ ਸੰਸਦ ਦੇ ਅੰਦਰ ਅਤੇ ਬਾਹਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਅਤੇ ਚੜ੍ਹਾਵਾ ਚੋਰੀ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਸਰਕਾਰ ਦੀ ਘੇਰਾਬੰਦੀ ਕੀਤੀ, ਉਥੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਵਿਰੋਧੀ ਧਿਰਾਂ ’ਤੇ ਤਨਜ਼ ਕੱਸਦਿਆਂ ਕਿਹਾ ਕਿ ਜਦੋਂ ਗ੍ਰਹਿ ਮੰਤਰੀ ਜਵਾਬ ਦੇਣਗੇ ਤਾਂ ਉਹ (ਵਿਰੋਧੀ ਧਿਰਾਂ) ਸੁਣ ਨਹੀਂ ਪਾਉਣਗੇ। ਹੰਗਾਮਿਆਂ ਦੌਰਾਨ ਹੀ ਸਰਕਾਰ ਨੇ ਸੂਖਮ ਛੋਟੇ ਅਤੇ ਮੱਧਮ ਉੱਦਮ ਵਿਕਾਸ (ਐਮ.ਐਸ.ਐਮ.ਈ.) (ਸੋਧ) ਬਿੱਲ ਬਿਨਾਂ ਚਰਚਾ ਤੋਂ ਲੋਕ ਸਭਾ ’ਚ ਪਾਸ ਕਰਵਾ ਲਏ, ਜਿਸ ਤੋਂ ਬਾਅਦ ਸਭਾ ਦੀ ਕਾਰਵਾਈ ਸੋਮਵਾਰ ਸਵੇਰੇ 11 ਵਜੇ ਤੱਕ ਉਠਾ ਦਿੱਤੀ ਗਈ। ਹਾਲਾਂਕਿ ਇਸ ਦੌਰਾਨ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਸੋਮਵਾਰ ਨੂੰ ਐਫ.ਸੀ.ਆਰ.ਏ. ਨਾਲ ਸੰਬੰਧਿਤ ਬਿੱਲ ਪੇਸ਼ ਕੀਤਾ ਜਾ ਸਕਦਾ ਹੈ, ਜਿਸ ਲਈ ਕਾਂਗਰਸ ਨੇ ਆਪਣੇ ਮੈਂਬਰਾਂ ਅਤੇ ਗੱਠਜੋੜ ਭਾਈਵਾਲਾਂ ਨੂੰ ਸਦਨਾ ’ਚ ਆਪਣੀ ਮੌਜੂਦਗੀ ਯਕੀਨੀ ਬਣਾਉਣ ਲਈ ਕਿਹਾ।
ਵਿਰੋਧੀ ਧਿਰਾਂ ਨੇ ਮੀਂਹ ’ਚ ਵੀ ਜਾਰੀ ਰੱਖਿਆ ਪ੍ਰਦਰਸ਼ਨ
ਵਿਰੋਧੀ ਧਿਰਾਂ ਨੇ ਲਗਾਤਾਰ ਦੂਜੇ ਦਿਨ ਵੀ ਮੀਂਹ ਦੇ ਬਾਵਜੂਦ ਸੰਸਦ ਭਵਨ ਦੇ ਬਾਹਰ ਮਕਰ ਦਵਾਰ ਅੱਗੇ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ। ਸੰਸਦ ਮੈਂਬਰਾਂ ਨੇ ਮੀਂਹ ’ਚ ਛਤਰੀਆਂ ਫੜ ਕੇ ‘ਅਮਿਤ ਸ਼ਾਹ ਜਵਾਬ ਦਓ’ ਦੇ ਨਾਅਰੇ ਅਤੇ ਪੋਸਟਰ ਫੜ ਕੇ ਵਿਰੋਧ ਪ੍ਰਦਰਸ਼ਨ ਕੀਤਾ।
ਸਪੀਕਰ ਓਮ ਬਿਰਲਾ ਨੇ ਮਕਰ ਦਵਾਰ ’ਤੇ ਪੋਰਚ ਬਣਵਾਉਣ ਦੀ ਤਿਆਰੀ ਦੇ ਦਿੱਤੇ ਨਿਰਦੇਸ਼
ਸੰਸਦ ਭਵਨ ਦੇ ਮਕਰ ਦਵਾਰ, ਜੋ ਕਿ ਵਿਰੋਧੀ ਧਿਰਾਂ ਦਾ ਪ੍ਰਦਰਸ਼ਨ ਸਥਲ ਵੀ ਸਮਝਿਆ ਜਾਂਦਾ ਹੈ ਅਤੇ ਸੰਸਦ ਮੈਂਬਰਾਂ ਦੇ ਅੰਦਰ-ਬਾਹਰ ਆਉਣ-ਜਾਣ ਦਾ ਮੁੱਖ ਦਵਾਰ ਵੀ ਹੈ, ’ਤੇ ਸੰਸਦ ਮੈਂਬਰਾਂ ਨੂੰ ਮੀਂਹ ਅਤੇ ਤਿੱਖੀ ਧੁੱਪ ਤੋਂ ਬਚਾਉਣ ਲਈ ਛੇਤੀ ਹੀ ਪੋਰਚ ਬਣਾਏ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸ਼ੁੱਕਰਵਾਰ ਨੂੰ ਸੰਸਦ ਭਵਨ ਦੇ ਆਰਕੀਟੇਕਟਲ ਅਤੇ ਕੇਂਦਰੀ ਲੋਕ ਨਿਰਮਾਣ ਵਿਭਾਗ ਨੂੰ ਇਸ ਸੰਬੰਧ ’ਚ ਸੰਭਾਵਨਾਵਾਂ ਤਲਾਸ਼ਣ ਅਤੇ ਡੀ.ਜੀ.ਆਰ. ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀਆਂ ਮੁਤਾਬਿਕ ਲੋਕ ਸਭਾ ਸਪੀਕਰ ਦਾ ਮੰਨਣਾ ਹੈ ਕਿ ਸੰਸਦ ਭਵਨ ਦੇ ਮਕਰ ਦਵਾਰ ’ਤੇ ਸੰਸਦ ਮੈਂਬਰਾਂ ਨੂੰ ਅਕਸਰ ਮੀਂਹ ਅਤੇ ਮੌਸਮ ਦੀਆਂ ਹੋਰ ਵਿਗੜਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਥੇ ਪੋਰਚ ਬਣਾਉਣ ਨਾਲ ਸੰਸਦ ਮੈਂਬਰਾਂ ਨੂੰ ਕਾਫੀ ਸੁਵਿਧਾ ਹੋਵੇਗੀ। ਹਲਕਿਆਂ ਮੁਤਾਬਿਕ ਪੁਰਾਣੇ ਸੰਸਦ ਭਵਨ ਦੇ ਵੱਖ-ਵੱਖ ਦਰਵਾਜ਼ਿਆਂ ’ਤੇ ਪਹਿਲਾਂ ਹੀ ਪੋਰਚ ਦੀ ਵਿਵਸਥਾ ਹੈ, ਉਸੇ ਤਰਜ਼ ’ਤੇ ਨਵੇਂ ਸੰਸਦ ਭਵਨ ਦੇ ਮਕਰ ਦਵਾਰ ’ਤੇ ਵੀ ਅਜਿਹੀ ਸੁਵਿਧਾ ਵਿਕਸਿਤ ਕਰਨ ਦੀ ਯੋਜਨਾ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਲੋਕ ਸਭਾ ’ਚ ਬਿਨਾਂ ਚਰਚਾ ਦੇ ਪਾਸ ਹੋਇਆ ਐਮ.ਐਸ.ਐਮ.ਈ. ਬਿੱਲ
ਲੋਕ ਸਭਾ ’ਚ ਸ਼ੁੱਕਰਵਾਰ ਨੂੰ ਵੀ ਹੰਗਾਮਿਆਂ ਦਾ ਦੌਰ ਜਾਰੀ ਰਿਹਾ। ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਸਪੀਕਰ ਓਮ ਬਿਰਲਾ ਨੇ 9 ਅਗਸਤ ਨੂੰ ‘ਭਾਰਤ ਛੱਡੋ ਅੰਦੋਲਨ’ ਦੀ ਵਰ੍ਹੇਗੰਢ ਮੌਕੇ ਮਹਾਤਮਾ ਗਾਂਧੀ ਅਤੇ ਹੋਰ ਸ਼ਹੀਦਾਂ ਨੂੰ ਨਮਨ ਕੀਤਾ। ਉਨ੍ਹਾਂ ਕਿਹਾ 1942 ’ਚ 9 ਅਗਸਤ ਨੂੰ ਹੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਦੇਸ਼ ਵਾਸੀਆਂ ਨੂੰ ‘ਕਰੋ ਜਾਂ ਮਰੋ’ ਦਾ ਮੰਤਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ‘ਭਾਰਤ ਛੱਡੋ ਅੰਦੋਲਨ’ ਦੇਸ਼ ਦੇ ਲੋਕਾਂ ਦੀ ਏਕਤਾ, ਬੇਮਿਸਾਲ ਬਹਾਦੁਰੀ ਅਤੇ ਅਨਿਆ ਦੇ ਖ਼ਿਲਾਫ਼ ਸੱਚਾਈ ਅਤੇ ਅਹਿੰਸਾ ’ਤੇ ਆਧਾਰਿਤ ਸੰਘਰਸ਼ ਦਾ ਅਮਰ ਪ੍ਰਤੀਕ ਹੈ। ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਸਭਾ ਵਲੋਂ ਲੋਕਤੰਤਰ, ਸੁਤੰਤਰਤਾ, ਰਾਸ਼ਟਰੀ ਏਕਤਾ ਅਤੇ ਸੰਵਿਧਾਨ ਪ੍ਰਤੀ ਕਦਰਾਂ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦਾ ਸੰਕਲਪ ਦੁਹਰਾਇਆ। ਸਪੀਕਰ ਵਲੋਂ ਸ਼ਰਧਾਂਜਲੀ ਦੇਣ ਤੋਂ ਬਾਅਦ ਜਿਉਂ ਹੀ ਪ੍ਰਸ਼ਨ ਕਾਲ ਦੀ ਸ਼ੁਰੂਆਤ ਕੀਤੀ ਗਈ ਤਾਂ ਵਿਰੋਧੀ ਧਿਰਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜਵਾਬ ਦੀ ਮੰਗ ਕਰਦਿਆਂ ਸਦਨ ਦੇ ਵਿਚਕਾਰ ਆ ਗਈਆਂ, ਜਿਸ ਤੋਂ ਬਾਅਦ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਉਠਾ ਦਿੱਤੀ ਗਈ। ਦੁਪਹਿਰ 12 ਵਜੇ ਸਦਨ ਮੁੜ ਜੁੜਨ ’ਤੇ ਛੋਟੇ ਅਤੇ ਮੱਧਮ ਕਾਰੋਬਾਰੀਆਂ ਦੀਆਂ ਪ੍ਰੇਸ਼ਾਨੀਆਂ ਤੋਂ ਨਿਜਾਤ ਦਿਵਾਉਣ ਲਈ ਐਮ.ਐਸ.ਐਮ.ਈ. (ਸੋਧ) ਬਿੱਲ ਸਦਨ ’ਚ ਪੇਸ਼ ਕੀਤਾ ਗਿਆ ਪਰ ਹੰਗਾਮਿਆਂ ਕਾਰਨ ਬਿਨਾਂ ਚਰਚਾ ਤੋਂ ਹੀ ਜ਼ਬਾਨੀ ਵੋਟਾਂ ਰਾਹੀਂ ਬਿੱਲ ਪਾਸ ਕਰ ਦਿੱਤਾ ਗਿਆ ਅਤੇ ਸਦਨ ਦੀ ਕਾਰਵਾਈ ਸੋਮਵਾਰ ਸਵੇਰੇ 11 ਵਜੇ ਤੱਕ ਲਈ ਉਠਾ ਦਿੱਤੀ ਗਈ। ਰਾਜ ਸਭਾ ’ਚੋਂ ਪਾਸ ਹੋ ਚੁੱਕੇ ਐਮ. ਐਸ. ਐਮ. ਈ. ਬਿੱਲ ਦਾ ਮਕਸਦ ਛੋਟੇ ਕਾਰੋਬਾਰੀਆਂ ਨੂੰ ਉਨ੍ਹਾਂ ਦਾ ਸਾਮਾਨ ਅਤੇ ਸੇਵਾਵਾਂ ਦਾ ਭੁਗਤਾਨ ਸਮੇਂ ’ਤੇ ਦਿਵਾਉਣਾ ਅਤੇ ਭੁਗਤਾਨ ’ਚ ਹੋਣ ਵਾਲੀ ਦੇਰੀ ਦੀ ਪ੍ਰੇਸ਼ਾਨੀ ਨੂੰ ਘੱਟ ਕਰਨਾ ਹੈ।
ਜਦੋਂ ਅਮਿਤ ਸ਼ਾਹ ਜਵਾਬ ਦੇਣਗੇ ਤਾਂ ਤੁਸੀਂ ਸੁਣ ਨਹੀਂ ਪਾਓਗੇ-ਰਿਜਿਜੂ
ਰਾਜ ਸਭਾ ’ਚ ਵੀ ਵਿਰੋਧੀ ਧਿਰ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਮੰਗ ’ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਵਿਰੋਧੀ ਧਿਰਾਂ ’ਤੇ ਭੜਕਦਿਆਂ ਕਿਹਾ ਕਿ ਜਦੋਂ ਗ੍ਰਹਿ ਮੰਤਰੀ ਜਵਾਬ ਦੇਣਗੇ ਤਾਂ ਤੁਸੀਂ ਸੁਣ ਨਹੀਂ ਪਾਓਗੇ। ਰਿਜਿਜੂ ਨੇ ਅਮਿਤ ਸ਼ਾਹ ਦੇ ਸਮਰਥਨ ’ਚ ਆਉਂਦੇ ਹੋਏ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਉਹ ਸ਼ਖ਼ਸ ਹਨ, ਜਿਨ੍ਹਾਂ ਦਾ ਨਾਂਅ ਸੁਣ ਕੇ ਸਾਰੇ ਅੱਤਵਾਦੀ ਕੰਬ ਉੱਠਦੇ ਹਨ। ਉਨ੍ਹਾਂ ਕਿਹਾ ਕਿ ਨਾਅਰਾ ਲਾਉਣ ਦਾ ਇਹ ਤਰੀਕਾ ਸਹੀ ਨਹੀਂ ਹੈ। ਰਿਜਿਜੂ ਨੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਅਰਜੁਨ ਖੜਗੇ ਵਲੋਂ ਕੀਤੇ ਉਸ ਦਾਅਵੇ ਨੂੰ ਵੀ ਖਾਰਜ ਕੀਤਾ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਰਾਜ ਸਭਾ ਦੇ ਚੇਅਰਮੈਨ ਸੀ. ਪੀ. ਰਾਧਾਕ੍ਰਿਸ਼ਨ ਨੇ ਅਮਿਤ ਸ਼ਾਹ ਨੂੰ ਸਦਨ ’ਚ ਆ ਕੇ ਬਿਆਨ ਦੇਣ ਨੂੰ ਕਿਹਾ ਸੀ। ਰਿਜਿਜੂ ਨੇ ਕਿਹਾ ਕਿ ਵਿਰੋਧੀ ਧਿਰਾਂ ਇਹ ਤੈਅ ਨਹੀਂ ਕਰ ਸਕਦੀਆਂ ਕਿ ਕਿਹੜਾ ਮੰਤਰੀ ਕਦੋਂ ਸਦਨ ’ਚ ਆਵੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਗ੍ਰਹਿ ਮੰਤਰੀ ਰੋਜ਼ ਸਦਨ ’ਚ ਆਉਂਦੇ ਹਨ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਸਵੇਰੇ ਸੰਸਦ ਸ਼ੁਰੂ ਹੋਣ ਤੋਂ ਲੈ ਕੇ ਰਾਤ ਨੂੰ ਇਸ ਦੇ ਖ਼ਤਮ ਹੋਣ ਤੱਕ ਸੰਸਦ ’ਚ ਹੀ ਰਹਿੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਮੰਤਰੀ ਨੂੰ (ਚੇਅਰ ਵਲੋਂ) ਸਦਨ ’ਚ ਆਉਣ ਲਈ ਕੋਈ ਨਿਰਦੇਸ਼ ਜਾਰੀ ਨਹੀਂ ਕੀਤਾ ਗਿਆ।
ਜੈੱਨ ਜ਼ੀ ਨੂੰ ਮੋਹਨ ਭਾਗਵਤ ਦੇ ਸਰਟੀਫਿਕੇਟ ਦੀ ਲੋੜ ਨਹੀਂ-ਪ੍ਰਿਅੰਕਾ ਗਾਂਧੀ
ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਆਰ. ਐਸ. ਐਸ. ਮੁਖੀ ਮੋਹਨ ਭਾਗਵਤ ਦੇ ਉਸ ਬਿਆਨ ’ਤੇ ਤਿੱਖਾ ਪ੍ਰਤੀਕਰਮ ਕੀਤਾ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਉਹ ਜੈੱਨ ਜ਼ੀ ’ਤੇ ਅੱਖ ਬੰਦ ਕਰਕੇ ਭਰੋਸਾ ਕਰਦੇ ਹਨ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਜੈੱਨ ਜ਼ੀ ਨੂੰ ਮੋਹਨ ਭਾਗਵਤ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ।
ਕਾਂਗਰਸ ਨੇ 10 ਤੋਂ 12 ਅਗਸਤ ਤੱਕ ਸਦਨ ’ਚ ਰਹਿਣ ਲਈ ਮੈਂਬਰਾਂ ਨੂੰ ਜਾਰੀ ਕੀਤਾ ਵਿੱਪ੍ਹ
ਕਾਂਗਰਸ ਨੇ ਲੋਕ ਸਭਾ ਅਤੇ ਰਾਜ ਸਭਾ ਦੇ ਆਪਣੇ ਸਾਰੇ ਸੰਸਦ ਮੈਂਬਰਾਂ ਨੂੰ 10, 11 ਅਤੇ 12 ਅਗਸਤ ਨੂੰ ਸਦਨ ’ਚ ਲਾਜ਼ਮੀ ਤੌਰ ’ਤੇ ਮੌਜੂਦ ਰਹਿਣ ਲਈ 3 ਲਾਈਨਾਂ ਦਾ ਵਿੱਪ੍ਹ ਜਾਰੀ ਕੀਤਾ। ਪਾਰਟੀ ਨੇ ਕਿਹਾ ਕਿ ਇਨ੍ਹੀਂ ਦਿਨੀਂ ਸੰਸਦ ’ਚ ਕਈ ਅਹਿਮ ਮੁੱਦਿਆਂ ’ਤੇ ਚਰਚਾ ਹੋਵੇਗੀ, ਇਸ ਲਈ ਸਾਰੇ ਸੰਸਦ ਮੈਂਬਰਾਂ ਦੀ ਮੌਜੂਦਗੀ ਜ਼ਰੂਰੀ ਹੈ। ਹਲਕਿਆਂ ਮੁਤਾਬਿਕ ਅਗਲੇ ਹਫ਼ਤੇ ਵਿਦੇਸ਼ੀ ਚੰਦੇ ਸੰਬੰਧੀ ਬਿੱਲ ਜਾਂ ਹੱਦਬੰਦੀ ਨਾਲ ਜੁੜੇ ਅਹਿਮ ਪ੍ਰਸਤਾਵਾਂ ’ਤੇ ਚਰਚਾ ਹੋ ਸਕਦੀ ਹੈ। ਕਾਂਗਰਸ ਨੇ ਇੰਡੀਆ ਗੱਠਜੋੜ ਦੇ ਭਾਈਵਾਲਾਂ ਨੂੰ ਵੀ ਸਦਨ ’ਚ ਮੌਜੂਦ ਰਹਿਣ ਲਈ ਕਿਹਾ ਹੈ।
ਅਮਿਤ ਸ਼ਾਹ ਵਲੋਂ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ
ਸੰਸਦ ’ਚ ਜਾਰੀ ਰੇੜਕੇ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕੀਤੀ। ਅਮਿਤ ਸ਼ਾਹ ਨੇ ਸਪੀਕਰ ਨਾਲ ਉਨ੍ਹਾਂ ਦੇ ਦਫ਼ਤਰ ’ਚ ਕਰੀਬ ਇਕ ਘੰਟਾ ਮੀਟਿੰਗ ਕੀਤੀ। ਇਸ ਦੇ ਇਲਾਵਾ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੰਸਦ ਭਵਨ ’ਚ ਸਥਿਤ ਅਮਿਤ ਸ਼ਾਹ ਦੇ ਦਫ਼ਤਰ ’ਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਸ਼ੁੱਕਰਵਾਰ ਨੂੰ ਲੋਕ ਸਭਾ ’ਚ ਕਿਹਾ ਸੀ ਕਿ ਵਿਰੋਧੀ ਇਹ ਤੈਅ ਨਹੀਂ ਕਰ ਸਕਦੇ ਕਿ ਕਿਹੜਾ ਮੰਤਰੀ ਸਦਨ ’ਚ ਆ ਕੇ ਜਵਾਬ ਦੇਵੇਗਾ। ਉਨ੍ਹਾਂ ਕਿਹਾ ਗ੍ਰਹਿ ਮੰਤਰੀ ਅਮਿਤ ਸ਼ਾਹ ਹਰ ਰੋਜ਼ ਸੰਸਦ ’ਚ ਆਉਂਦੇ ਹਨ ਅਤੇ ਦੇਰ ਰਾਤ ਤੱਕ ਉਥੇ ਰਹਿੰਦੇ ਹਨ।
ਇਜਲਾਸ ਦਾ ਤੀਜਾ ਹਫ਼ਤਾ ਵੀ ਹੰਗਾਮਿਆਂ ਦੀ ਭੇਟ ਚੜ੍ਹਿਆ
ਨਵੀਂ ਦਿੱਲੀ, 7 ਅਗਸਤ (ਉਪਮਾ ਡਾਗਾ ਪਾਰਥ)- ਸੰਸਦ ਦੇ ਮੌਨਸੂਨ ਇਜਲਾਸ ਦਾ ਤੀਜਾ ਹਫ਼ਤਾ ਵੀ ਹੰਗਾਮਿਆਂ ਦੀ ਭੇਟ ਚੜ੍ਹ ਗਿਆ। ਜਿਥੇ ਵਿਰੋਧੀ ਧਿਰਾਂ ਨੇ ਸੰਸਦ ਦੇ ਅੰਦਰ ਅਤੇ ਬਾਹਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਅਤੇ ਚੜ੍ਹਾਵਾ ਚੋਰੀ ’ਤੇ ਚਰਚਾ ਦੀ ਮੰਗ ਨੂੰ ਲੈ ਕੇ
ਅਜੀਤ ਡੈਸਕ
08-08-2026