ਅੰਮ੍ਰਿਤਸਰ, 7 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ, ਤੁਰਕੀ ਅਤੇ ਸਾਊਦੀ ਅਰਬ ਦੇ ਸਿਖਰਲੇ ਆਗੂਆਂ ਨੇ ਸਾਊਦੀ ਅਰਬ ਦੇ ਮੱਕਾ ਅਲ-ਮੁਕਰਮਾ ’ਚ ਕਰਵਾਈ ਸਾਂਝੀ ਰੱਖਿਆ ਮੀਟਿੰਗ ਦੌਰਾਨ ਇਕ ਮਹੱਤਵਪੂਰਨ ਸੁਰੱਖਿਆ ਸਮਝੌਤੇ ’ਤੇ ਹਸਤਾਖ਼ਰ ਕੀਤੇ ਹਨ। ਇਸ ਸਮਝੌਤੇ ਤਹਿਤ ਇਹ ਤੈਅ ਕੀਤਾ ਗਿਆ ਹੈ ਕਿ ਤਿੰਨਾਂ ਮੁਲਕਾਂ ’ਚੋਂ ਕਿਸੇ ਵੀ ਇਕ ਦੇਸ਼ ’ਤੇ ਹੋਇਆ ਹਥਿਆਰਬੰਦ ਹਮਲਾ ਤਿੰਨਾਂ ਦੇਸ਼ਾਂ ’ਤੇ ਹਮਲਾ ਮੰਨਿਆ ਜਾਵੇਗਾ। ਇਸ ਸਮਝੌਤੇ ’ਤੇ ਸਾਊਦੀ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ, ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਮੌਜੂਦਗੀ ’ਚ ਦਸਤਖ਼ਤ ਕੀਤੇ ਗਏ। ਇਸ ਮੌਕੇ ’ਤੇ ਪਾਕਿ ਦੇ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਵੀ ਮੌਜੂਦ ਸਨ। ਇਸ ਸਮਝੌਤੇ ਨੇ ਤੇਲ ਨਾਲ ਭਰਪੂਰ ਸਾਊਦੀ ਅਰਬ ਅਤੇ ਪ੍ਰਮਾਣੂ ਹਥਿਆਰਾਂ ਨਾਲ ਲੈਸ ਪਾਕਿ ਨਾਲ ਤੁਰਕੀ ਨੂੰ ਵੀ ਜੋੜ ਦਿੱਤਾ ਹੈ, ਜਿਸ ਕੋਲ ਨਾਟੋ ਦੀ ਦੂਜੀ ਸਭ ਤੋਂ ਵੱਡੀ ਫ਼ੌਜ ਅਤੇ ਤੇਜ਼ੀ ਨਾਲ ਵਧ ਰਿਹਾ ਰੱਖਿਆ ਉਦਯੋਗ ਹੈ। ਉਕਤ ਤਿੰਨਾ ਮੁਲਕਾਂ ਦੇ ਪ੍ਰਤੀਨਿਧੀਆਂ ਨੇ ਸਿਖਰ ਸੰਮੇਲਨ ’ਚ ਇਸ ਮੱਕਾ ਸੰਯੁਕਤ ਰੱਖਿਆ ਸਮਝੌਤੇ ’ਤੇ ਦਸਤਖ਼ਤ ਕਰਨ ਤੋਂ ਬਾਅਦ ਸਾਂਝੇ ਬਿਆਨ ’ਚ ਕਿਹਾ ਕਿ ਇਹ ਸਮਝੌਤਾ ਉਨ੍ਹਾਂ ਦੇ ਇਤਿਹਾਸਕ ਸੰਬੰਧਾਂ, ਇਸਲਾਮੀ ਏਕਤਾ, ਸਾਂਝੇ ਰਣਨੀਤਕ ਹਿਤਾਂ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਰੱਖਿਆ ਸਹਿਯੋਗ ’ਤੇ ਆਧਾਰਿਤ ਹੈ। ਇਸ ਦਾ ਉਦੇਸ਼ ਸਮੂਹਿਕ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਖੇਤਰੀ ਅਤੇ ਵਿਸ਼ਵ ਪੱਧਰ ’ਤੇ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨਾ ਹੈ। ਸਮਝੌਤੇ ਦੇ ਮੁੱਖ ਨੁਕਤਿਆਂ ’ਚ ਤਿੰਨਾਂ ਦੇਸ਼ਾਂ ’ਚੋਂ ਕਿਸੇ ਇਕ ’ਤੇ ਹਥਿਆਰਬੰਦ ਹਮਲਾ ਸਾਰੇ ਮੈਂਬਰ ਦੇਸ਼ਾਂ ’ਤੇ ਹਮਲਾ ਮੰਨਿਆ ਜਾਣਾ, ਕਿਸੇ ਵੀ ਬਾਹਰੀ ਹਮਲੇ ਦੇ ਵਿਰੁੱਧ ਸਮੂਹਿਕ ਵਿਰੋਧ ਨੂੰ ਮਜ਼ਬੂਤ ਕਰਨਾ, ਰੱਖਿਆ ਸਹਿਯੋਗ ਦੇ ਸਾਰੇ ਖੇਤਰਾਂ ’ਚ ਭਾਈਵਾਲੀ ਨੂੰ ਵਧਾਉਣਾ ਅਤੇ ਫ਼ੌਜੀ, ਸੁਰੱਖਿਆ ਅਤੇ ਰਣਨੀਤਕ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਬੰਧ ਕੀਤੇ ਜਾਣਾ ਸ਼ਾਮਿਲ ਹੈ। ਇਹ ਸਮਝੌਤਾ ਪੱਛਮੀ ਏਸ਼ੀਆ ’ਚ ਸੁਰੱਖਿਆ ਸਥਿਤੀ ਅਤੇ ਖੇਤਰੀ ਤਣਾਅ ਬਾਰੇ ਵਧੀਆਂ ਚਿੰਤਾਵਾਂ ਦੇ ਸਮੇਂ ਕੀਤਾ।
ਪਾਕਿ, ਸਾਊਦੀ ਅਰਬ ਅਤੇ ਤੁਰਕੀ ਵਲੋਂ ਸਾਂਝੇ ਰੱਖਿਆ ਸਮਝੌਤੇ ’ਤੇ ਦਸਤਖ਼ਤ
ਅੰਮ੍ਰਿਤਸਰ, 7 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ, ਤੁਰਕੀ ਅਤੇ ਸਾਊਦੀ ਅਰਬ ਦੇ ਸਿਖਰਲੇ ਆਗੂਆਂ ਨੇ ਸਾਊਦੀ ਅਰਬ ਦੇ ਮੱਕਾ ਅਲ-ਮੁਕਰਮਾ ’ਚ ਕਰਵਾਈ ਸਾਂਝੀ ਰੱਖਿਆ ਮੀਟਿੰਗ ਦੌਰਾਨ ਇਕ ਮਹੱਤਵਪੂਰਨ ਸੁਰੱਖਿਆ ਸਮਝੌਤੇ ’ਤੇ ਹਸਤਾਖ਼ਰ
ਅਜੀਤ ਡੈਸਕ
08-08-2026