04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਹੰਗਾਮਿਆਂ ਦੌਰਾਨ ਲੋਕ ਸਭਾ ’ਚ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਵਧਾਉਣ ਨਾਲ ਸੰਬੰਧਿਤ ਬਿੱਲ ਬਿਨਾਂ ਚਰਚਾ ਤੋਂ ਪਾਸ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 3 ਅਗਸਤ - ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੰਸਦ ’ਚ ਗ਼ੈਰਮੌਜੂਦਗੀ ਅਤੇ ਰਾਮ ਮੰਦਰ ਚੜ੍ਹਾਵਾ ਚੋਰੀ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਸੰਸਦ ਦੇ ਅੰਦਰ-ਬਾਹਰ ਜੰਮ ਕੇ ਪ੍ਰਦਰਸ਼ਨ ਕੀਤਾ। ਹੰਗਾਮਿਆਂ ਦੌਰਾਨ ਦੋਹਾਂ ਸਦਨਾਂ ਦੀ ਕਾਰਵਾਈ ਦੋ ਵਾਰ ਉਠਾਉਣ ਤੋਂ ਬਾਅਦ ਹੀ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ।

ਅਜੀਤ ਡੈਸਕ 04-08-2026

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 3 ਅਗਸਤ - ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੰਸਦ ’ਚ ਗ਼ੈਰਮੌਜੂਦਗੀ ਅਤੇ ਰਾਮ ਮੰਦਰ ਚੜ੍ਹਾਵਾ ਚੋਰੀ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਸੰਸਦ ਦੇ ਅੰਦਰ-ਬਾਹਰ ਜੰਮ ਕੇ ਪ੍ਰਦਰਸ਼ਨ ਕੀਤਾ। ਹੰਗਾਮਿਆਂ ਦੌਰਾਨ ਦੋਹਾਂ ਸਦਨਾਂ ਦੀ ਕਾਰਵਾਈ ਦੋ ਵਾਰ ਉਠਾਉਣ ਤੋਂ ਬਾਅਦ ਹੀ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਇਨ੍ਹਾਂ ਹੰਗਾਮਿਆਂ ਦਰਮਿਆਨ ਹੀ ਲੋਕ ਸਭਾ ’ਚ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਵਧਾਉਣ ਅਤੇ ਰਾਜ ਸਭਾ ’ਚ ਐਮ.ਐਸ.ਐਮ.ਈ. ਨਾਲ ਸੰਬੰਧਿਤ ਬਿੱਲ ਬਿਨਾਂ ਚਰਚਾ ਦੇ ਹੀ ਪਾਸ ਹੋ ਗਏ। ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਸੋਮਵਾਰ ਨੂੰ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗ਼ੈਰ ਮੌਜੂਦਗੀ ਅਤੇ ਚੰਦਾ ਚੋਰੀ ਨੂੰ ਲੈ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਜਾਰੀ ਰੱਖਿਆ। ਸੰਸਦ ਦੇ ਮਕਰ ਦਵਾਰ ਅੱਗੇ ਪ੍ਰਦਰਸ਼ਨ ਕਰਦੇ ਮੈਂਬਰਾਂ ਨੇ ਇਕ ਵੱਡੇ ਪੋਸਟਰ ਰਾਹੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗ਼ੈਰਮੌਜੂਦਗੀ ’ਤੇ ਸਵਾਲ ਉਠਾਏ, ਜਿਸ ’ਤੇ ਹਿੰਦੀ ਅਤੇ ਅੰਗਰੇਜ਼ੀ ’ਚ ਸਰਮਾਇਆ ਅੰਦਾਜ਼ ’ਚ ਪੁੱਛਿਆ ਸੀ ਕਿ ਅਮਿਤ ਸ਼ਾਹ ਸੰਸਦ ਤੋਂ ਗਾਇਬ ਕਿਉਂ?
ਸੰਸਦ ਮੈਂਬਰਾਂ, ਜਿਸ ’ਚ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੀ ਸ਼ਾਮਿਲ ਸੀ, ਨੇ ਅਯੁੱਧਿਆ ’ਚ ਰਾਮ ਮੰਦਰ ’ਚ ਹੋਏ ਚੰਦਾ ਚੋਰੀ ਅਤੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਪੁਲਿਸ ਦੀਆਂ ਵਧੀਕੀਆਂ ’ਤੇ ਸਰਕਾਰ ਦੀ ਘੇਰਾਬੰਦੀ ਕੀਤੀ। ਵਿਰੋਧੀ ਧਿਰਾਂ ਨੇ ਚੰਦਾ ਚੋਰੀ ਦੇ ਸੰਕੇਤ ਵਜੋਂ ਤਿੰਨ ਦਾਨ ਪੇਟੀਆਂ ਰੱਖ ਕੇ ਉਸ ਦੇ ਅੱਗੇ ਚੰਦਾ ਚੋਰੀ ਦੇ ਨਾਅਰੇ ਨਾਲ ਲਿਖਿਆ ਪੋਸਟਰ ਰੱਖਿਆ। ਉਨ੍ਹਾਂ ਦੇ ਹੱਥਾਂ ’ਚ ਪੋਸਟਰਾਂ ਰਾਹੀਂ ਵੀ ਸਰਕਾਰ ਤੋਂ ਤਿੱਖੇ ਸਵਾਲ ਪੁੱਛੇ ਗਏ, ਜਿਸ ’ਚ ‘ਰਾਮ ਕਾ ਅਪਮਾਨ, ਚੰਦਾ ਚੋਰੀ ਪਰ ਕਬ ਦੋਗੇ ਬਿਆਨ’ ਅਤੇ ‘ਭਾਜਪਾ ਦਾ ਗੋਰਖਧੰਦਾ ਰਾਮ ਮੰਦਰ ਕਾ ਖਾ ਗਿਆ ਚੰਦਾ’ ਜਿਹੇ ਨਾਅਰੇ ਲਿਖੇ ਸਨ। ਪ੍ਰਿਅੰਕਾ ਗਾਂਧੀ ਤੋਂ ਇਲਾਵਾ ਸਮਾਜਵਾਦੀ ਪਾਰਟੀ ਦੀ ਡਿੰਪਲ ਯਾਦਵ, ਟੀ.ਐਮ.ਸੀ. ਦੀ ਮਹੂਆ ਮੋਇਤਰਾ, ਜੇ.ਐਮ.ਐਮ. ਦੀ ਮਹੂਆ ਮਾਝੀ ਅਤੇ ਐਰ.ਐਸ.ਪੀ. ਦੇ ਐਨ.ਕੇ. ਪ੍ਰੇਮਚੰਦਰਨ ਵੀ ਸ਼ਾਮਿਲ ਸਨ। ਲੋਕ ਸਭਾ ’ਚ ਹੰਗਾਮਿਆਂ ਦੌਰਾਨ ਹੀ ਸੁਪਰੀਮ ਕੋਰਟ ’ਚ ਜੱਜਾਂ ਦੀ ਗਿਣਤੀ 34 ਤੋਂ ਵਧਾ ਕੇ 38 ਕਰਨ ਵਾਲਾ ਬਿੱਲ ਬਿਨਾਂ ਚਰਚਾ ਤੋਂ ਪਾਸ ਹੋ ਗਿਆ। ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ ਚੜ੍ਹਾਵਾ ਚੋਰੀ, ਵਿਦਿਆਰਥੀਆਂ ’ਤੇ ਪੁਲਿਸ ਦੇ ਤਸ਼ੱਦਦ ਅਤੇ ਸਦਨ ’ਚ ਗ੍ਰਹਿ ਮੰਤਰੀ ਦੀ ਗ਼ੈਰ ਮੌਜੂਦਗੀ ਦਾ ਮੁੱਦਾ ਉਠਾਉਂਦਿਆਂ ਸਭਾ ਦੇ ਵਿਚਕਾਰ ਆ ਗਏ, ਜਿਸ ’ਤੇ ਪੰਜ ਮਿੰਟ ਦੇ ਅੰਦਰ ਹੀ ਸਭਾ ਦੀ ਕਾਰਵਾਈ 12 ਵਜੇ ਤੱਕ ਉਠਾ ਦਿੱਤੀ ਗਈ। ਦੁਪਹਿਰ 12 ਵਜੇ ਸਭਾ ਜੁੜਨ ’ਤੇ ਸਰਕਾਰ ਵਲੋਂ ਹੰਗਾਮਿਆਂ ’ਚ ਹੀ ਦੋ ਬਿੱਲ ਸਦਨ ’ਚ ਪੇਸ਼ ਕੀਤੇ ਗਏ, ਜਿਸ ’ਚ ਇੰਡੀਅਨ ਸਟੈਟਿਸਕਲ ਇੰਸਟੀਚਿਊਟ ਬਿੱਲ 2026 ਅਤੇ ਦ ਬੈਂਕਰਸ ਬੁੱਕ ਐਵੀਡੇਮ ਬਿੱਲ 2026 ਸ਼ਾਮਿਲ ਸੀ। ਬਿੱਲ ਪੇਸ਼ ਕਰਨ ਤੋਂ ਫੌਰਨ ਬਾਅਦ ਹੀ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਉਠਾ ਦਿੱਤੀ ਗਈ। ਦੁਪਹਿਰ 2 ਵਜੇ ਸਭਾ ਜੁੜਨ ’ਤੇ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਸੁਪਰੀਮ ਕੋਰਟ ’ਚ ਜੱਜਾਂ ਦੀ ਗਿਣਤੀ ਵਧਾਉਣ ਵਾਲੇ ਬਿੱਲ ’ਤੇ ਚਰਚਾ ਦਾ ਪ੍ਰਸਤਾਵ ਰੱਖਿਆ। ਪਰ ਵਿਰੋਧੀ ਧਿਰਾਂ ਨੇ ਆਪਣੀਆਂ ਤਿੰਨੇ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਜਾਰੀ ਰੱਖੀ, ਜਿਸ ਤੋਂ ਬਾਅਦ ਬਿੱਲ ਨੂੰ ਬਿਨਾਂ ਚਰਚਾ ਦੇ ਜ਼ਬਾਨੀ ਵੋਟਾਂ ਰਾਹੀਂ ਪਾਸ ਕਰ ਦਿੱਤਾ ਅਤੇ ਸਭਾ ਦੀ ਕਾਰਵਾਈ ਮੰਗਲਵਾਰ ਸਵੇਰੇ 11 ਵਜੇ ਤੱਕ ਉਠਾ ਦਿੱਤੀ ਗਈ। ਜ਼ਿਕਰਯੋਗ ਹੈ ਕਿ ਅਦਾਲਤਾਂ ’ਚ ਬਕਾਇਆ ਮਾਮਲਿਆਂ ਦੀ ਵੱਧ ਰਹੀ ਗਿਣਤੀ ਨੂੰ ਵੇਖਦਿਆਂ ਸਰਕਾਰ ਵਲੋਂ ਸੁਪਰੀਮ ਕੋਰਟ ’ਚ ਜੱਜਾਂ ਦੀ ਗਿਣਤੀ ਵਧਾਉਣ ਲਈ ਉਕਤ ਬਿੱਲ ਲਿਆਂਦਾ ਗਿਆ ਸੀ।

ਸੋਮਵਾਰ ਨੂੰ ਰਾਜ ਸਭਾ ’ਚ ਵੀ ਕਾਰਵਾਈ ਹੰਗਾਮਾਖੇਜ ਰਹੀ। ਹੰਗਾਮਿਆਂ ’ਚ ਹੀ ਸੂਖਮ, ਛੋਟੇ ਅਤੇ ਮੱਧਮ ਉਦਯੋਗਾਂ (ਐਮ.ਐਸ.ਐਮ.ਈ.) ਨੂੰ ਉਤਸ਼ਾਹਿਤ ਕਰਨ ਵਾਲਾ ਬਿੱਲ ਪਾਸ ਹੋ ਗਿਆ। ਬਿੱਲ ’ਤੇ ਚਰਚਾ ਕਰਨ ਦਾ ਪ੍ਰਸਤਾਵ ਰੱਖਦਿਆਂ ਐਮ.ਐਸ.ਐਮ.ਈ. ਮੰਤਰੀ ਜੀਤਨ ਰਾਮ ਮਾਂਝੀ ਨੇ ਕਿਹਾ ਕਿ ਇਸ ਬਿੱਲ ਦਾ ਉਦੇਸ਼ ਐਮ.ਐਸ.ਐਮ.ਈ. ਖੇਤਰ ਦੀਆਂ ਮੌਜੂਦਾ ਚੁਣੌਤੀਆਂ ਨੂੰ ਹੱਲ ਕਰਨ, ਪ੍ਰਸ਼ਾਸਨਕ ਢਾਂਚੇ ’ਚ ਸੁਧਾਰ ਕਰਨ, ਵਪਾਰ ਦੇ ਭੁਗਤਾਨ ’ਚ ਸੁਧਾਰ ਕਰਨ ਅਤੇ ਨੇਮਾਂ ਦੀ ਪਾਲਣਾ ਨੂੰ ਹੁਲਾਰਾ ਦੇਣਾ ਹੈ। ਪਰ ਸਦਨ ’ਚ ਚਲ ਰਹੇ ਹੰਗਾਮਿਆਂ ਕਾਰਨ ਉਪਰਲੇ ਸਦਨ ’ਚ ਸੂਖਮ, ਛੋਟੇ ਅਤੇ ਮੱਧਮ ਉਦਯੋਗਾਂ ਵਿਕਾਸ (ਸੋਧ) ਬਿੱਲ 2026 ਜ਼ਬਾਨੀ ਵੋਟਾਂ ਰਾਹੀੰ ਪਾਸ ਹੋ ਗਿਆ।

ਪਿਛਲੀ ਖ਼ਬਰ ਮੁਲਾਜ਼ਮਾਂ ਦੇ ਡੀ.ਏ. ਦਾ ਬਕਾਇਆ 15 ਦਿਨਾਂ ’ਚ ਦਿਓ-ਹਾਈ ਕੋਰਟ ਅਗਲੀ ਖ਼ਬਰ ਕਾਂਗਰਸੀ ਵਿਧਾਇਕਾਂ ਵਲੋਂ ਵਿਧਾਨ ਸਭਾ ਅੱਗੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।