ਸੰਗਰੂਰ, 27 ਜੁਲਾਈ (ਦਮਨਜੀਤ ਸਿੰਘ)–ਭਾਰਤੀ ਜਨਤਾ ਪਾਰਟੀ ਦੇ ਸੰਗਰੂਰ ਦਫ਼ਤਰ ਉੱਤੇ ਦੋ ਨੌਜਵਾਨਾਂ ਵਲੋਂ ਰਾਤ ਦੇ ਹਨੇਰੇ ਵਿਚ ਪੈਟਰੋਲ ਬੰਬ ਸੁੱਟੇ ਜਾਣ ਦੀ ਘਟਨਾ ਸਾਹਮਣੇ ਆਈ ਹੈ । ਅੱਜ ਤੜਕਸਾਰ ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦ ਭਾਜਪਾ ਦਫ਼ਤਰ ਦਾ ਸਫ਼ਾਈ ਕਰਮਚਾਰੀ ਦਫ਼ਤਰ ਦੀ ਸਫ਼ਾਈ ਕਰ ਰਿਹਾ ਸੀ । ਘਟਨਾ ਬਾਰੇ ਪਤਾ ਲੱਗਦਿਆਂ ਸਾਰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਕਪਿਆਲ, ਭਾਜਪਾ ਆਗੂ ਐਡਵੋਕੇਟ ਲਲਿਤ ਗਰਗ ਤੇ ਰਣਦੀਪ ਦਿਓਲ ਸਮੇਤ ਕੁਝ ਭਾਜਪਾ ਆਗੂ ਮੌਕੇ ਉੱਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਦਫ਼ਤਰ ਦੀ ਉੱਪਲੀ ਰੋਡ ਵੱਲ ਲੱਗਦੀ ਕੰਧ ਉੱਤੋਂ ਕਿਸੇ ਵਲੋਂ ਦਫ਼ਤਰ ’ਤੇ ਪੈਟਰੋਲ ਬੰਬ ਸੁੱਟਿਆ ਗਿਆ ਹੈ ਜਿਸ ਨਾਲ ਦਫ਼ਤਰ ਦੀ ਇਕ ਕੰਧ ਤੇ ਫ਼ਰਸ਼ ਨੁਕਸਾਨੇ ਗਏ ਹਨ ਪਰ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ । ਘਟਨਾ ਦਾ ਪਤਾ ਲੱਗਣ ਉਪਰੰਤ ਐਸ.ਪੀ. (ਡੀ) ਸੰਗਰੂਰ ਦਵਿੰਦਰ ਅੱਤਰੀ ਦੀ ਅਗਵਾਈ ਹੇਠ ਪੁਲਿਸ ਫੋਰਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਗਈ । ਪੁਲਿਸ ਵਲੋਂ ਇਸ ਘਟਨਾ ਸੰਬੰਧੀ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਦੋ ਅਣਪਛਾਤੇ ਨੌਜਵਾਨਾਂ ਉੱਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ । ਭਾਜਪਾ ਦਫ਼ਤਰ ਉੱਤੇ ਪੈਟਰੋਲ ਬੰਬ ਸੁੱਟੇ ਜਾਣ ਦੀ ਖ਼ਬਰ ਫੈਲਣ ਤੋਂ ਕੁਝ ਘੰਟੇ ਉਪਰੰਤ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸੰਗਰੂਰ ਭਾਜਪਾ ਦੇ ਦਫ਼ਤਰ ਪਹੁੰਚੇ ਜਿੱਥੇ ਉਨ੍ਹਾਂ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਇਸ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ 2027 ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਅੰਦਰ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਬਣਨੀ ਲਗਭਗ ਤੈਅ ਹੈ ਤੇ ਇਸੇ ਗੱਲ ਤੋਂ ਘਬਰਾਹਟ ਵਿਚ ਆਏ ਮਾੜੇ ਅਨਸਰਾਂ ਵਲੋਂ ਪੰਜਾਬ ਅੰਦਰ ਭਾਜਪਾ ਦੇ ਆਗੂਆਂ ਅਤੇ ਦਫ਼ਤਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਪੁਲਿਸ ਨੂੰ ਇਕ ਅਣਚੱਲਿਆ ਪੈਟਰੋਲ ਬੰਬ ਵੀ ਬਰਾਮਦ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਭਾਜਪਾ ਦਫ਼ਤਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਘਟਨਾ ਦੀ ਸਾਰੀ ਫੁਟੇਜ ਮਿਲ ਗਈ ਹੈ ਤੇ ਪੁਲਿਸ ਦਫ਼ਤਰ ਦਾ ਡੀ.ਵੀ.ਆਰ. ਵੀ ਆਪਣੇ ਨਾਲ ਲੈ ਗਈ ਹੈ । ਰਵਨੀਤ ਸਿੰਘ ਬਿੱਟੂ ਨੇ ਮੰਗ ਕੀਤੀ ਕਿ ਭਾਜਪਾ ਪੰਜਾਬ ਵਿਚਲੇ ਸਾਰੇ ਦਫ਼ਤਰਾਂ ਵਿਚ ਸੁਰੱਖਿਆ ਕਰਮੀਆਂ ਦੀ ਤੈਨਾਤੀ ਕੀਤੀ ਜਾਵੇ । ਉਧਰ ਦੂਜੇ ਪਾਸੇ ਐਸ.ਪੀ. (ਡੀ) ਦਵਿੰਦਰ ਅੱਤਰੀ ਨੇ ਕਿਹਾ ਕਿ ਪੁਲਿਸ ਵਲੋਂ ਮੁਕੱਦਮਾ ਦਰਜ ਕਰ ਕੇ ਤਫ਼ਤੀਸ਼ ਆਰੰਭ ਦਿੱਤੀ ਗਈ ਹੈ।
ਭਾਜਪਾ ਦੇ ਸੰਗਰੂਰ ਦਫ਼ਤਰ ’ਤੇ ਸੁੱਟਿਆ ਪੈਟਰੋਲ ਬੰਬ
ਅਜੀਤ ਡੈਸਕ
28-07-2026