11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਆਸਟ੍ਰੇਲੀਆ ਤੋਂ ਯੂਰੇਨੀਅਮ ਖਰੀਦੇਗਾ ਭਾਰਤ

ਅਜੀਤ ਡੈਸਕ 10-07-2026

ਦੋਵੇਂ ਦੇਸ਼ਾਂ ਵਲੋਂ ਪ੍ਰਮਾਣੂ ਊਰਜਾ, ਰੱਖਿਆ, ਵਪਾਰ, ਮਹੱਤਵਪੂਰਨ ਖਣਿਜਾਂ ਸਮੇਤ ਹੋਰਨਾਂ ਖੇਤਰਾਂ ’ਚ ਸਮਝੌਤੇ ਸਹੀਬੱਧ
ਮੈਲਬੌਰਨ, 9 ਜੁਲਾਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨਾਲ ਰੱਖਿਆ, ਪ੍ਰਮਾਣੂ ਊਰਜਾ ਅਤੇ ਹੋਰ ਵੱਖ-ਵੱਖ ਖੇਤਰਾਂ ’ਚ ਸਹਿਯੋਗ ਵਧਾਉਣ ਸੰਬੰਧੀ ਵਿਆਪਕ ਗੱਲਬਾਤ ਕੀਤੀ ਗਈ, ਜਿਸ ਦੇ ਬਾਅਦ ਦੋਵੇਂ ਦੇਸ਼ਾਂ ਵਲੋਂ ਪ੍ਰਮਾਣੂ ਊਰਜਾ ਸਮੇਤ ਰੱਖਿਆ, ਵਪਾਰ, ਸਾਈਬਰ, ਮਹੱਤਵਪੂਰਨ ਖਣਿਜਾਂ, ਤਕਨਾਲੋਜੀ ਅਤੇ ਹੋਰਨਾਂ ਖੇਤਰਾਂ ’ਚ ਸਹਿਯੋਗ ਵਧਾਉਣ ਸੰਬੰਧੀ ਸਮਝੌਤੇ ਕੀਤੇ ਗਏ। ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਪ੍ਰਮਾਣੂ ਊਰਜਾ ਦੇ ਖੇਤਰ ’ਚ ਇਕ ਅਹਿਮ ਸਮਝੌਤਾ ਹੋਇਆ ਹੈ, ਜਿਸ ਤਹਿਤ ਆਸਟ੍ਰੇਲੀਆ ਤੋਂ ਭਾਰਤ ਨੂੰ ਯੂਰੇਨੀਅਮ ਸਪਲਾਈ ਦਾ ਰਸਤਾ ਖੁੱਲ੍ਹੇਗਾ ਅਤੇ ਸਵੱਛ ਊਰਜਾ ਦੇ ਸਾਡੇ ਟੀਚੇ ਨੂੰ ਨਵੀਂ ਤਾਕਤ ਮਿਲੇਗੀ। ਉਨ੍ਹਾਂ ਕਿਹਾ ਕਿ ਮਹੱਤਵਪੂਰਨ ਖਣਿਜਾਂ (ਕ੍ਰਿਟੀਕਲ ਮਿਨਰਲਜ਼) ਦੇ ਖੇਤਰ ’ਚ ਸਹਿਯੋਗ ਸਾਡੀ ਰਣਨੀਤਕ ਸੁਰੱਖਿਆ ਅਤੇ ਸਵੱਛ ਊਰਜਾ ਦੀ ਦਿਸ਼ਾ ’ਚ ਬਹੁਤ ਅਹਿਮ ਹੈ। ਦੋਵੇਂ ਦੇਸ਼ ਮਿਲ ਕੇ ਕ੍ਰਿਟੀਕਲ ਮਿਨਰਲਜ਼ ਕਾਰੀਡੋਰ ਬਣਾਉਣ ’ਤੇ ਕੰਮ ਕਰਨਗੇ। ਪ੍ਰਧਾਨ ਮੰਤਰੀ ਨੇ ਰੱਖਿਆ ਖੇਤਰ ’ਚ ਦੋਵੇਂ ਦੇਸ਼ਾਂ ਦਰਮਿਆਨ ਵਧਦੇ ਸਹਿਯੋਗ ਦਾ ਵੀ ਜ਼ਿਕਰ ਕੀਤਾ ਅਤੇ ਸੁਤੰਤਰ ਅਤੇ ਸਥਿਰ ਹਿੰਦ-ਪ੍ਰਸ਼ਾਂਤ ਦੇ ਮਹੱਤਵ ’ਤੇ ਜ਼ੋਰ ਦਿੱਤਾ। ਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਇਹ ਨਵੀਂ ਪਹਿਲ ਹਿੰਦ-ਪ੍ਰਸ਼ਾਂਤ ਖੇਤਰ ’ਚ ਚੀਨ ਵਲੋਂ ਆਪਣੀ ਸੈਨਿਕ ਦਿਖਾਉਣ ਨੂੰ ਲੈ ਕੇ ਵਧੀਆਂ ਚਿੰਤਾਵਾਂ ਦਰਮਿਆਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਕੇਵਲ ਦੋ ਮਹਾਸਾਗਰਾਂ ਦਾ ਸੰਗਮ ਨਹੀਂ ਹੈ। ਇਹ ਭਾਰਤ ਅਤੇ ਆਸਟ੍ਰੇਲੀਆ ਵਰਗੇ ਇਕ ਸੋਚ ਵਾਲੇ ਲੋਕਤੰਤਰਾਂ ਦੀਆਂ ਸਾਂਝੀਆਂ ਇੱਛਾਵਾਂ ਦਾ ਵੀ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਸੁਰੱਖਿਆ ਖੇਤਰ ’ਚ ਸਹਿਯੋਗ ਵਧਾਉਣ ਲਈ ਇਕ ਸਾਂਝਾ ਮਹੱਤਵਪੂਰਨ ਐੈਲਾਨਨਾਮਾ ਜਾਰੀ ਕੀਤਾ ਹੈ। ਭਾਰਤ ਅਤੇ ਆਸਟ੍ਰੇਲੀਆ ਰੱਖਿਆ ਨਵੀਨਤਾ ਕਾਰੀਡੋਰ ਰਾਹੀਂ ਰੱਖਿਆ ਸਟਾਰਟਅੱਪ ਅਤੇ ਉਦਯੋਗਾਂ ਨੂੰ ਜੋੜਨ ਦਾ ਕੰਮ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਦਾ ਮੰਨਣਾ ਹੈ ਕਿ ਅੱਤਵਾਦ ਕਿਸੇ ਇਕ ਦੇਸ਼ ਲਈ ਨਹੀਂ ਬਲਕਿ ਪੂਰੀ ਮਨੁੱਖਤਾ ਲਈ ਗੰਭੀਰ ਚੁਣੌਤੀ ਹੈ। ਇਸ ਲਈ ਅੱਤਵਾਦ ਖ਼ਿਲਾਫ਼ ਸਾਡੀ ਲੜਾਈ ਸਾਂਝੀ ਹੈ। ਸਾਡਾ ਸੰਕਲਪ ਅਟੱਲ ਹੈ ਅਤੇ ਸਾਡਾ ਸਹਿਯੋਗ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਦੁਨੀਆ ਦੇ ਕਈ ਹਿੱਸਿਆਂ ’ਚ ਜਾਰੀ ਤਣਾਅ ਅਤੇ ਸੰਘਰਸ਼ਾਂ ਦਾ ਹੱਲ ਕੇਵਲ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੀ ਹੋ ਸਕਦਾ ਹੈ। ਅਸੀਂ ਮਿਲ ਕੇ ਪੂਰੇ ਹਿੰਦ-ਪ੍ਰਸ਼ਾਂਤ ਖੇਤਰ ’ਚ ਸ਼ਾਂਤੀ, ਸਥਿਰਤਾ, ਸਮੁੰਦਰੀ ਆਵਾਜਾਈ ਦੀ ਆਜ਼ਾਦੀ ਅਤੇ ਨਿਯਮ ਆਧਾਰਿਤ ਵਿਵਸਥਾ ਨੂੰ ਹੋਰ ਮਜ਼ਬੂਤ ਕਰਾਂਗੇ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਲਬਨੀਜ਼ ਨੇ ਕਿਹਾ ਕਿ ਆਸਟ੍ਰੇਲੀਆ ਦੇ ਭਾਰਤ ਨਾਲ ਸੰਬੰਧ ਅੱਜ ਜਿੰਨੇ ਅਹਿਮ ਹਨ, ਉਨ੍ਹੇ ਪਹਿਲਾਂ ਕਦੇਂ ਨਹੀਂ ਰਹੇ। ਉਨ੍ਹਾਂ ਕਿਹਾ ਕਿ ਪ੍ਰਮਾਣੂ ਊਰਜਾ ਸੰਬੰਧੀ ਹੋਇਆ ਸਮਝੌਤਾ ਸ਼ਾਂਤੀਪੂਰਨ ਉਦੇਸ਼ਾਂ ਲਈ ਆਸਟ੍ਰੇਲੀਆ ਤੋਂ ਭਾਰਤ ਨੂੰ ਯੂਰੇਨੀਅਮ ਦੇ ਨਿਰਯਾਤ ਨੂੰ ਸੌਖਾ ਬਣਾਏਗਾ। ਉਨ੍ਹਾਂ ਕਿਹਾ ਕਿ ਸਾਡੀ ਰਣਨੀਤਕ ਭਾਈਵਾਲੀ ਦੇ ਛੇ ਸਾਲ ਪੂਰੇ ਹੋਣ ’ਤੇ ਆਸਟ੍ਰੇਲੀਆ ਦੇ ਭਾਰਤ ਨਾਲ ਸੰਬੰਧ ਅੱਜ ਜਿੰਨੇ ਮਹੱਤਵਪੂਰਨ ਹਨ, ਉਨ੍ਹਾਂ ਪਹਿਲਾਂ ਕਦੇ ਨਹੀਂ ਰਹੇ ਅਤੇ ਸਾਡੀ ਭਾਈਵਾਲੀ ਪਹਿਲਾਂ ਕਦੇ ਐਨੀ ਮਜ਼ਬੂਤ ਨਹੀਂ ਰਹੀ। ਨਵੇਂ ਇਤਿਹਾਸਕ ਸਮਝੌਤਿਆਂ ਰਾਹੀਂ ਅਸੀਂ ਸੁਰੱਖਿਆ, ਸਿੱਖਿਆ, ਵਿਗਿਆਨ ਅਤੇ ਤਕਨਾਲੋਜੀ, ਊਰਜਾ, ਸੁਰੱਖਿਆ ਅਤੇ ਮਹੱਤਵਪੂਰਨ ਖਣਿਜਾਂ ਵਰਗੇ ਖੇਤਰਾਂ ’ਚ ਆਪਣੇ ਸੰਬੰਧਾਂ ਦਾ ਵਿਸਤਾਰ ਕਰ ਰਹੇ ਹਾਂ।
ਭਾਰਤ-ਆਸਟ੍ਰੇਲੀਆ ਸਾਲਾਨਾ ਸਿਖ਼ਰ ਸੰਮੇਲਨ ’ਚ ਸ਼ਮੂਲੀਅਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਸਰੇ ਭਾਰਤ-ਆਸਟ੍ਰੇਲੀਆ ਸਾਲਾਨਾ ਸਿਖ਼ਰ ਸੰਮੇਲਨ ’ਚ ਸ਼ਮੂਲੀਅਤ ਕੀਤੀ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਲਬਨੀਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ। ਦੋਵੇਂ ਨੇਤਾਵਾਂ ਨੇ ਆਸਟ੍ਰੇਲੀਆ ’ਚ ਰਹਿਣ ਵਾਲੇ ਭਾਰਤੀ ਭਾਈਚਾਰੇ ਦੀ ਆਸਟ੍ਰੇਲੀਆ ਦੇ ਸਮਾਜ ’ਚ ਅਹਿਮ ਭੂਮਿਕਾ ਅਤੇ ਦੋਵੇਂ ਦੇਸ਼ਾਂ ਦਰਮਿਆਨ ਇਕ ਪੁਲ ਦੇ ਰੂਪ ’ਚ ਕੰਮ ਕਰਨ ਲਈ ਉਨ੍ਹਾਂ ਦੀ ਸ਼ਾਲਾਘਾ ਕੀਤੀ। ਸੀ.ਈ.ਓ ਫੋਰਮ ਦੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆਈ ਕੰਪਨੀਆਂ ਨੂੰ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਭਾਰਤ ਹਵਾਬਾਜ਼ੀ, ਵਿੱਤੀ ਸੇਵਾਵਾਂ, ਮਹੱਤਵਪੂਰਨ ਖਣਿਜ, ਤਕਨਾਲੋਜੀ ਅਤੇ ਫੂਡ ਪ੍ਰੋਸੈਸਿੰਗ ਵਰਗੇ ਖੇਤਰਾਂ ’ਚ ਵਿਕਾਸ ਲਈ ਬੇਮਿਸਾਲ ਮੌਕੇ ਪ੍ਰਦਾਨ ਕਰਦਾ ਹੈ।
ਆਸਟ੍ਰੇਲੀਆ ਦੀ ਗਵਰਨਰ ਜਨਰਲ ਨਾਲ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਲਬੌਰਨ ’ਚ ਆਸਟ੍ਰੇਲੀਆ ਦੀ ਗਵਰਨਰ ਜਨਰਲ ਸੈਮ ਮੋਸਟਿਨ ਨਾਲ ਮੁਲਾਕਾਤ ਕੀਤੀ। ਦੋਵੇਂ ਨੇਤਾਵਾਂ ਨੇ ਭਾਰਤ-ਆਸਟ੍ਰੇਲੀਆ ਵਿਆਪਕ ਰਣਨੀਤਕ ਸਾਂਝੇਦਾਰੀ ਦੀ ਵਧਦੀ ਮਜ਼ਬੂਤੀ ਸਮੇਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਉਨ੍ਹਾਂ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਵਧਦੀ ਆਰਥਿਕ ਸਾਂਝੇਦਾਰੀ ਦਾ ਸਵਾਗਤ ਕਰਦਿਆਂ ਵਿਸ਼ਵਾਸ ਪ੍ਰਗਟ ਕੀਤਾ ਕਿ ਵਪਾਰ, ਨਿਵੇਸ਼, ਸਿੱਖਿਆ ਅਤੇ ਤਕਨਾਲੋਜੀ ’ਚ ਸੰਬੰਧਾਂ ਦੇ ਵਿਸਤਾਰ ਨਾਲ ਨਵੇਂ ਮੌਕੇ ਪੈਦਾ ਹੋਣਗੇ ਅਤੇ ਦੋਵੇਂ ਦੇਸ਼ਾਂ ਦੇ ਲੋਕਾਂ ਨੂੰ ਲਾਭ ਮਿਲੇਗਾ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੋਵਾਂ ਆਗੂਆਂ ਨੇ ਭਾਰਤ-ਆਸਟ੍ਰੇਲੀਆ ਵਿਆਪਕ ਰਣਨੀਤਕ ਭਾਈਵਾਲੀ ’ਚ ਹੋਈ ਮਹੱਤਵਪੂਰਨ ਪ੍ਰਗਤੀ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਵਧਦੀ ਦੁਵੱਲੀ ਆਰਥਿਕ ਭਾਈਵਾਲੀ ਦਾ ਸਵਾਗਤ ਕੀਤਾ।
ਭਾਰਤ-ਆਸਟ੍ਰੇਲੀਆ ਦਾ ਰਿਸ਼ਤਾ ਕ੍ਰਿਕਟ ਵਾਂਗ ਹੈ- ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਦਾ ਰਿਸ਼ਤਾ ਕ੍ਰਿਕਟ ਵਾਂਗ ਹੈ। ਅਲਬਨੀਜ਼ ਨਾਲ ਗੱਲਬਾਤ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਿਉਂਕਿ ਅਸੀਂ ਦੁਨੀਆ ਦੀ ਖੇਡ ਰਾਜਧਾਨੀ ਮੈਲਬੌਰਨ ’ਚ ਹਾਂ, ਇਸ ਲਈ ਖੇਡਾਂ ਸੰਬੰਧੀ ਗੱਲ ਨਾ ਕਰਨਾ ਟਾਸ ਤੋਂ ਬਾਅਦ ਕ੍ਰਿਕਟ ਮੈਚ ਸ਼ੁਰੂ ਨਾ ਕਰਨ ਵਾਂਗ ਹੋਵੇਗਾ। ਉਨ੍ਹਾਂ ਕਿਹਾ ਕਿ ਕ੍ਰਿਕਟ ਭਾਰਤ ਅਤੇ ਆਸਟ੍ਰੇਲੀਆ ਦੇ ਸੰਬੰਧਾਂ ਦੀ ਕੂਟਨੀਤਕ ਭਾਸ਼ਾ ਹੈ। ਇਸ ਲਈ ਸਾਡੀਆਂ ਮੁਲਾਕਾਤਾਂ ਵੀ ਕ੍ਰਿਕਟ ਵਾਂਗ ਹੀ ਹੁੰਦੀਆਂ ਹਨ। ਸਾਡੇ ਏਜੰਡੇ ‘ਵੰਨ ਡੇਅ’ ਵਾਂਗ ਕੇਂਦਰਿਤ ਹੁੰਦੇ ਹਨ, ਫ਼ੈਸਲੇ ਟੀ-20 ਵਾਂਗ ਤੇਜ਼ੀ ਨਾਲ ਹੁੰਦੇ ਹਨ ਅਤੇ ਸਾਡੀ ਭਾਈਵਾਲੀ ਟੈਸਟ ਮੈਚ ਵਾਂਗ ਲੰਮੀ ਅਤੇ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ’ਚ ਦੋਵੇਂ ਦੇਸ਼ ਉਲੰਪਿਕ ਅਤੇ ਰਾਸ਼ਟਰ ਮੰਡਲ ਖੇਡਾਂ ਦੀ ਮੇਜ਼ਬਾਨੀ ਕਰਨਗੇ। ਇਸ ਨਾਲ ਨਾ ਕੇਵਲ ਸਾਡੇ ਖੇਡ ਸਹਿਯੋਗ ਨੂੰ ਉਤਸ਼ਾਹ ਮਿਲੇਗਾ, ਬਲਕਿ ਖੇਡ ਬੁਨਿਆਦੀ ਢਾਂਚੇ ’ਚ ਨਿਵੇਸ਼ ਦੇ ਕਈ ਮੌਕੇ ਵੀ ਪੈਦਾ ਹੋਣਗੇ।

ਪਿਛਲੀ ਖ਼ਬਰ ਅਮਰੀਕਾ ਨੇ ਈਰਾਨ ਦੇ 90 ਟਿਕਾਣਿਆਂ ’ਤੇ ਕੀਤੇ ਹਮਲੇ ਅਗਲੀ ਖ਼ਬਰ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਦੇ ਸੱਚਖੰਡ ਜਾਣ ਦੇ 100 ਸਾਲਾ ਦਿਵਸ ਨੂੰ ਸਮਰਪਿਤ ਸਮਾਗਮ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।