ਲੁਕੋਇਆ ਜਾ ਰਿਹਾ ਮੌਤ ਦਾ ਕਾਰਨ
ਅੰਮਿ੍ਤਸਰ, 31 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਨੇਤਾ ਮੌਲਾਨਾ ਮਸੂਦ ਅਜ਼ਹਰ ਦੇ ਭਰਾ ਮੁਹੰਮਦ ਤਾਹਿਰ ਅਨਵਰ ਦੀ ਮੌਤ ਹੋ ਗਈ | ਅਨਵਰ ਨੂੰ ਸੋਮਵਾਰ ਦੇਰ ਰਾਤ ਬਹਾਵਲਪੁਰ 'ਚ ਜਾਮੀਆ ਮਸਜਿਦ ਉਸਮਾਨ ਵਾਲੀ ਦੇ ਨੇੜੇ ਦਫ਼ਨਾਇਆ ਗਿਆ | ਦੱਸਿਆ ਜਾ ਰਿਹਾ ਹੈ ਕਿ ਤਾਹਿਰ ਅਨਵਰ ਜੈਸ਼-ਏ-ਮੁਹੰਮਦ ਨਾਲ ਨੇੜਿਓਾ ਜੁੜਿਆ ਹੋਇਆ ਸੀ ਤੇ ਸਾਲਾਂ ਤੋਂ ਸੰਗਠਨ ਦੀਆਂ ਗਤੀਵਿਧੀਆਂ 'ਚ ਸਰਗਰਮ ਸੀ | ਉਸ ਦੀ ਮੌਤ ਦੀ ਪੁਸ਼ਟੀ ਜੈਸ਼-ਏ-ਮੁਹੰਮਦ ਦੇ ਅਧਿਕਾਰਤ ਚੈਨਲ ਰਾਹੀਂ ਕੀਤੀ ਗਈ | ਹਾਲਾਂਕਿ, ਜੈਸ਼ ਨੇ ਇਹ ਨਹੀਂ ਦੱਸਿਆ ਕਿ ਅਨਵਰ ਦੀ ਮੌਤ ਕਿਵੇਂ ਹੋਈ | ਉਸ ਦੀ ਮੌਤ ਦੇ ਕਾਰਨ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ | ਉਸ ਦੀ ਮੌਤ ਬਾਰੇ ਨਾ ਤਾਂ ਬਿਮਾਰੀ ਅਤੇ ਨਾ ਹੀ ਹਾਦਸੇ ਦਾ ਜ਼ਿਕਰ ਕੀਤਾ ਗਿਆ ਹੈ | ਇਸ ਕਾਰਨ ਉਸਦੀ ਮੌਤ ਬਾਰੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ | ਹਾਲ ਹੀ ਦੇ ਮਹੀਨਿਆਂ 'ਚ ਪਾਕਿਸਤਾਨ 'ਚ ਵੱਖ-ਵੱਖ ਅੱਤਵਾਦੀ ਸੰਗਠਨਾਂ ਨਾਲ ਜੁੜੇ ਕਈ ਵਿਅਕਤੀਆਂ ਦੀ ਮੌਤ ਹੋ ਗਈ ਹੈ | ਇਨ੍ਹਾਂ 'ਚੋਂ ਕਈ ਅੱਤਵਾਦੀ ਭਾਰਤ ਦੀ ਲੋੜੀਂਦੇ ਅੱਤਵਾਦੀਆਂ ਦੀ ਸੂਚੀ 'ਚ ਸ਼ਾਮਿਲ ਸਨ | ਇਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਰਤ ਦੇ 'ਆਪ੍ਰੇਸ਼ਨ ਸੰਧੂਰ' ਦੌਰਾਨ ਬਹਾਵਲਪੁਰ 'ਚ ਹਵਾਈ ਹਮਲੇ 'ਚ ਮਸੂਦ ਅਜ਼ਹਰ ਦੇ ਪਰਿਵਾਰ ਦੇ 12 ਮੈਂਬਰ ਅਤੇ ਕੁਝ ਸਾਥੀ ਮਾਰੇ ਗਏ ਸਨ | ਮਾਰੇ ਗਏ ਲੋਕਾਂ 'ਚ ਉਸ ਦੀ ਭੈਣ, ਭਤੀਜਾ ਤੇ ਹੋਰ ਪਰਿਵਾਰਕ ਮੈਂਬਰ ਸ਼ਾਮਿਲ ਸਨ | ਮਸੂਦ ਨੇ ਵੀ ਕੁਝ ਆਡੀਓ ਰਿਕਾਰਡਿੰਗਾਂ ਵਿਚ ਇਨ੍ਹਾਂ ਮੌਤਾਂ ਨੂੰ ਸਵੀਕਾਰ ਕੀਤਾ ਹੈ |
ਕਿੰਨਾ ਖਤਰਨਾਕ ਹੈ ਜੈਸ਼?
ਜੈਸ਼-ਏ-ਮੁਹੰਮਦ ਪਾਕਿਸਤਾਨ ਤੋਂ ਸੰਚਾਲਿਤ ਇਕ ਵੱਡਾ ਅੱਤਵਾਦੀ ਸੰਗਠਨ ਹੈ | ਇਸ ਸਮੂਹ ਨੂੰ ਭਾਰਤ ਵਿਚ ਕਈ ਅੱਤਵਾਦੀ ਹਮਲਿਆਂ ਨਾਲ ਜੋੜਿਆ ਗਿਆ ਹੈ | ਜੈਸ਼ 'ਤੇ ਸਾਲ 2001 ਦੇ ਸੰਸਦ ਹਮਲੇ, 2008 ਦੇ ਮੁੰਬਈ ਹਮਲੇ, 2016 ਦੇ ਪਠਾਨਕੋਟ ਹਮਲੇ ਅਤੇ 2019 ਦੇ ਪੁਲਵਾਮਾ ਹਮਲੇ 'ਚ ਸ਼ਾਮਿਲ ਹੋਣ ਦਾ ਦੋਸ਼ ਹੈ | ਮਸੂਦ ਅਜ਼ਹਰ ਭਾਰਤ ਦੇ 'ਮੋਸਟ ਵਾਂਟੇਡ' ਅੱਤਵਾਦੀਆਂ ਦੀ ਸੂਚੀ 'ਚ ਸ਼ਾਮਿਲ ਹੈ |
ਜੈਸ਼-ਏ-ਮੁਹੰਮਦ ਦੇ ਨੇਤਾ ਮਸੂਦ ਅਜ਼ਹਰ ਦੇ ਭਰਾ ਤਾਹਿਰ ਅਨਵਰ ਦੀ ਮੌਤ
ਅਜੀਤ ਡੈਸਕ
01-04-2026