ਅੱਜ ਤੋਂ ਪੂਰੀ ਤਰ੍ਹਾਂ ਨਕਦੀ ਰਹਿਤ ਹੋ ਜਾਣਗੇ ਦੇਸ਼ ਭਰ ਦੇ ਟੋਲ ਪਲਾਜ਼ਾ
ਅਜੀਤ ਡੈਸਕ
01-04-2026
ਨਵੀਂ ਦਿੱਲੀ, 31 ਮਾਰਚ (ਇੰਟ.)-1 ਅਪ੍ਰੈਲ ਤੋਂ ਦੇਸ਼ ਭਰ ਦੇ ਸਾਰੇ ਟੋਲ ਪਲਾਜ਼ਾ ਪੂਰੀ ਤਰ੍ਹਾਂ ਨਕਦੀ ਰਹਿਤ ਹੋ ਜਾਣਗੇ | ਦੇਸ਼ ਦੇ ਰਾਜਮਾਰਗਾਂ 'ਤੇ ਯਾਤਰਾ ਆਸਾਨ ਤੇ ਵਧੇਰੇ ਪਾਰਦਰਸ਼ੀ ਬਣਾਉਣ ਲਈ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐਨ. ਐਚ. ਏ. ਆਈ.) ਨੇ ਟੋਲ ਵਸੂਲੀ ਨਿਯਮਾਂ 'ਚ ਇਕ ਵੱਡਾ ਬਦਲਾਅ ਕੀਤਾ ਹੈ, ਜਿਸ ਨਾਲ ਨਕਦੀ ਲੈਣ-ਦੇਣ ਖਤਮ ਹੋ ਗਿਆ ਹੈ | ਤੁਸੀਂ ਹੁਣ ਸਿਰਫ਼ ਯੂ.ਪੀ.ਆਈ. ਜਾਂ ਆਨਲਾਈਨ ਲੈਣ-ਦੇਣ ਰਾਹੀਂ ਟੋਲ ਫੀਸ ਦਾ ਭੁਗਤਾਨ ਕਰ ਸਕਦੇ ਹੋ | ਐਨ.ਐਚ.ਏ.ਆਈ. ਦੇ ਅਧਿਕਾਰਤ ਐਲਾਨ ਦੇ ਅਨੁਸਾਰ ਟੋਲ ਪਲਾਜ਼ਿਆਂ 'ਤੇ ਨਕਦੀ ਭੁਗਤਾਨ ਪੂਰੀ ਤਰ੍ਹਾਂ ਪੜਾਅਵਾਰ ਬੰਦ ਕੀਤਾ ਜਾ ਰਿਹਾ ਹੈ | ਐਨ.ਐਚ.ਏ.ਆਈ. ਦਾ ਇਹ ਕਦਮ ਦੇਸ਼ ਭਰ ਦੇ ਇਸ ਦੇ ਸਾਰੇ ਟੋਲ ਪਲਾਜ਼ਿਆਂ 'ਤੇ ਲਾਗੂ ਹੋਵੇਗਾ | ਐਨ.ਐਚ.ਏ.ਆਈ. ਅਧਿਕਾਰੀਆਂ ਦਾ ਮੰਨਣਾ ਹੈ ਕਿ ਇਕ ਪੂਰੀ ਤਰ੍ਹਾਂ ਡਿਜੀਟਲ ਪ੍ਰਣਾਲੀ ਵਾਹਨਾਂ ਨੂੰ ਟੋਲ ਪਲਾਜ਼ਿਆਂ ਤੋਂ ਤੇਜ਼ੀ ਨਾਲ ਲੰਘਣ 'ਚ ਮਦਦ ਕਰੇਗੀ ਤੇ ਨਾ ਸਿਰਫ਼ ਲੰਬੀਆਂ ਕਤਾਰਾਂ ਨੂੰ ਖਤਮ ਕਰੇਗੀ ਬਲਕਿ ਯਾਤਰਾ ਦੇ ਸਮੇਂ ਦੀ ਵੀ ਬਚਤ ਕਰੇਗੀ |